ਲਖਨਊ: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਜਨਮ ਦਿਹਾੜੇ ਮੌਕੇ ਪੀਐਮ ਮੋਦੀ ਨੇ ਲਖਨਊ 'ਚ ਵਾਜਪਾਈ ਦੇ 25 ਫੁੱਟ ਉੱਚੀ ਬੁੱਤ ਦੀ ਘੁੰਡ ਚੁਕਾਈ ਕੀਤੀ। ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਭਵਨ ਦੇ ਆਡੀਟੋਰੀਅਮ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਉੱਤਰ ਪ੍ਰਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋਏ ਹਿੰਸਕ ਪ੍ਰਦਰਸ਼ਨਾਂ, ਲੋਕਾਂ ਦੀ ਮੌਤ ਅਤੇ ਜਨਤਕ ਜਾਇਦਾਦ ਨੂੰ ਪੁੱਜੇ ਨੁਕਸਾਨ 'ਤੇ ਪ੍ਰਤੀਕਿਰਿਆ ਦਿੱਤੀ।
ਮੋਦੀ ਦਾ ਪ੍ਰਦਰਸ਼ਨਕਾਰੀਆਂ ਨੂੰ ਸਵਾਲ
ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਪ੍ਰਦਰਸ਼ਨ ਦੇ ਨਾਂਅ 'ਤੇ ਜਿਨ੍ਹਾਂ ਨੇ ਜਨਤਕ ਜਾਇਦਾਦ ਦਾ ਨੁਕਸਾਨ ਕੀਤਾ ਹੈ ਤੇ ਹਿੰਸਾ ਕੀਤੀ, ਉਨ੍ਹਾਂ ਨੂੰ ਸਵੈ ਪੜਚੋਲ ਕਰਨ ਦੀ ਜ਼ਰੂਰਤ ਹੈ ਕਿ ਜੋ ਉਨ੍ਹਾਂ ਨੇ ਕੀਤਾ ਉਹ ਸਹੀ ਸੀ ਜਾਂ ਗਲਤ। ਮੋਦੀ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਆਉਣ ਵਾਲੀ ਪੀੜੀ ਦੀ ਜਾਇਦਾਦ, ਤੇ ਬੱਸਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਸੁਰੱਖਿਅਤ ਵਾਤਾਵਰਣ ਸਭ ਦਾ ਅਧਿਕਾਰ
ਮੋਦੀ ਨੇ ਕਿਹਾ ਕਿ ਪ੍ਰਧਰਸ਼ਨਕਾਰੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਹਰੇਕ ਨਾਗਰਿਕ ਨੂੰ ਸੁਰੱਖਿਅਤ ਵਾਤਾਵਰਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਸੁਰੱਖਿਅਤ ਵਾਤਾਵਰਣ ਲਈ ਸਾਨੂੰ ਸਾਰਿਆਂ ਨੂੰ ਕਾਨੂੰਨ ਅਤੇ ਵਿਵਸਥਾ ਦੇ ਨਾਲ-ਨਾਲ ਉਸ ਮਸ਼ੀਨਰੀ ਦਾ ਵੀ ਆਦਰ ਕਰਨਾ ਚਾਹੀਦਾ ਹੈ ਜਿਸ ਦੀ ਇਸ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਹੈ।
ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ 'ਚ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦੇ ਵਿਰੋਧ ਵਿੱਚ ਹੋਏ ਪ੍ਰਦਰਸ਼ਨਾਂ ਵਿੱਚ ਉੱਤਰ ਪ੍ਰਦੇਸ਼ 'ਚ ਕਾਫੀ ਹਾਹਾਕਾਰ ਮਚੀ ਰਹੀ। ਇਨ੍ਹਾਂ ਪ੍ਰਦਰਸ਼ਨਾਂ ਕਾਰਨ 15 ਲੋਕਾਂ ਦੀ ਜਾਨ ਵੀ ਗਈ।