ਪਟਨਾ: ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਝਟਕਾ ਦਿੰਦਿਆਂ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਬਿਹਾਰ ਦੇ ਡੀਜੀਪੀ ਨੇ ਇਸ ਨੂੰ ਸੱਚ ਦੀ ਜਿੱਤ ਦੱਸਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਪਤੇਸ਼ਵਰ ਪਾਂਡੇ ਨੇ ਕਿਹਾ ਕਿ ਜੋ ਸੱਚ ਹੈ ਉਹ ਬਾਹਰ ਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਹਾਰ ਪੁਲਿਸ ਦੀ ਜਾਂਚ ਤੋਂ ਬਹੁਤ ਲੋਕਾਂ ਨੂੰ ਡਰ ਸੀ ਕਿ ਕਿਤੇ ਉਨ੍ਹਾਂ ਦੀ ਪੋਲ ਨਾ ਖੁੱਲ੍ਹ ਜਾਵੇ।
ਇਸ ਦੌਰਾਨ ਗੁਪਤੇਸ਼ਵਰ ਪਾਂਡੇ ਨੇ ਰਿਆ ਚੱਕਰਵਰਤੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ। ਪੱਤਰਕਾਰਾਂ ਵੱਲੋਂ ਰਿਆ ਚੱਕਰਵਰਤੀ ਬਾਰੇ ਕੀਤੇ ਸਵਾਲ 'ਤੇ ਡੀਜੀਪੀ ਪਾਂਡੇ ਨੇ ਕਿਹਾ ਕਿ ਰਿਆ ਚੱਕਰਵਰਤੀ ਦੀ ਇੰਨੀ ਔਕਾਤ ਨਹੀਂ ਕਿ ਉਹ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੁੱਧ ਟਿੱਪਣੀ ਕਰੇ। ਉਨ੍ਹਾਂ ਕਿਹਾ ਕਿ ਅੱਜ ਸਾਰਾ ਦੇਸ਼ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਰਿਆ ਚੱਕਰਵਰਤੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਿਹਾ ਹੈ।
ਬਿਹਾਰ ਪੁਲਿਸ ਮੁਖੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰੱਜ ਕੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਕਾਰਨ ਇਹ ਕੇਸ ਅੱਜ ਸੀਬੀਆਈ ਤੱਕ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਬਿਹਾਰ ਪੁਲਿਸ ਜੋ ਕਰ ਰਹੀ ਸੀ ਉਹ ਸੰਵਿਧਾਨਕ ਢੰਗ ਨਾਲ ਕਰ ਰਹੀ ਸੀ।