ਤਲਵੰਡੀ ਸਾਬੋ: ਸਰਬੱਤ ਖਾਲਸਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਉਨ੍ਹਾਂ ਦੇ ਜਥੇ ਦੇ 21 ਮੈਂਬਰ ਅੱਜ ਕੋਰੋਨਾ ਪੌਜ਼ੀਟਿਵ ਮਿਲੇ ਹਨ। ਇਸ ਦੀ ਪੁਸ਼ਟੀ ਖੁਦ ਭਾਈ ਦਾਦੂਵਾਲ ਨੇ ਈਟੀਵੀ ਭਾਰਤ ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੀਤੀ ਹੈ।
ਤਲਵੰਡੀ ਸਾਬੋ ਸਬ ਡਵੀਜ਼ਨ ਨਾਲ ਲਗਦੇ ਹਰਿਆਣਾ ਵਿਚਲੇ ਉਨ੍ਹਾਂ ਦੇ ਮੁੱਖ ਅਸਥਾਨ ਗੁਰਦੁਆਰਾ ਗ੍ਰੰਥਸਰ ਨੂੰ ਇਕਾਂਤਵਾਸ ਕੇਂਦਰ 'ਚ ਤਬਦੀਲ ਕਰ ਦਿੱਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਭਾਈ ਦਾਦੂਵਾਲ ਪਿਛਲੇ ਕੁਝ ਦਿਨਾਂ ਤੋਂ ਮਾਮੂਲੀ ਬਿਮਾਰ ਸਨ। ਇਸ ਲਈ ਉਨ੍ਹਾਂ ਨੇ ਅਹਿਤਿਹਾਤ ਵਜੋਂ ਅੱਜ ਸਿਵਲ ਹਸਪਤਾਲ ਸਿਰਸਾ (ਹਰਿਆਣਾ) ਦੀ ਟੀਮ ਤੋਂ ਸਾਰੇ ਜਥੇ ਦੇ ਕੋਰੋਨਾ ਟੈਸਟ ਕਰਵਾਏ। ਜਿਸ ਤੋਂ ਬਾਅਦ ਭਾਈ ਦਾਦੂਵਾਲ ਅਤੇ ਉਨ੍ਹਾਂ ਦੀ ਪਤਨੀ ਬੀਬੀ ਸੁਖਮੀਤ ਕੌਰ ਤੇ ਜਥੇ ਦੇ 19 ਮੈਂਬਰਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ। ਜਦੋਂਕਿ ਭਾਈ ਦਾਦੂਵਾਲ ਦੇ ਪਿਤਾ ਅਤੇ ਦੋਵੇਂ ਛੋਟੇ ਬੱਚਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਦੂਜੇ ਪਾਸੇ ਭਾਈ ਦਾਦੂਵਾਲ ਨੇ ਪਿਛਲੇ ਦਿਨਾਂ 'ਚ ਆਪਣੇ ਸੰਪਰਕ 'ਚ ਆਈਆਂ ਸੰਗਤਾਂ ਨੂੰ ਅਹਤਿਹਾਤ ਵਰਤਣ ਅਤੇ ਸ਼ੱਕ ਹੋਣ 'ਤੇ ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ।