ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਕਾਫੀ ਗਰਮ ਹੁੰਦੀ ਜਾ ਰਹੀ ਹੈ। ਦਿੱਲੀ ਦੇ ਮੁੰਡਕਾ ਵਿਧਾਨ ਸਭਾ ਹਲਕੇ ਵਿੱਚ 'ਆਪ' ਉਮੀਦਵਾਰ ਲਈ ਰੋਡ ਸ਼ੋਅ 'ਤੇ ਪਹੁੰਚੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਭਾਜਪਾ 'ਤੇ ਨਿਸ਼ਾਨੇ ਵਿੰਨ੍ਹੇ ਹਨ।
ਭਗਵੰਤ ਮਾਨ ਨੇ ਮੁੰਡਕਾ ਵਿਧਾਨ ਸਭਾ ਹਲਕੇ ਵਿੱਚ ਰੋਡ ਸ਼ੋਅ ਕਰਨ ਦੌਰਾਨ ਕਿਹਾ ਕਿ ਇਸ ਵਾਰ ਭਾਜਪਾ ਨੇ ਦਿੱਲੀ ਵਿੱਚ ਨਾਅਰਾ ਨਹੀਂ ਦਿੱਤਾ ਕਿ 'ਅਬ ਕੀ ਬਾਰ ਕਿਤਨੀ ਪਾਰ' ਸਾਇਦ ਅਬ ਕੀ ਬਾਰ ਤੜੀਪਾਰ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਅਮਰੀਕਾ ਤੋਂ ਭਾਵੇਂ ਟਰੰਪ ਨੂੰ ਸੱਦ ਲੈਣ, ਪਰ ਫਿਰ ਵੀ ਉਹ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਨਹੀਂ ਕਰ ਸਕਣਗੇ। ਭਗਵੰਤ ਮਾਨ ਦੀ ਰੈਲੀ ਵਿੱਚ ਕਈ ਆਪ ਵਰਕਰ ਅਤੇ ਸਮਰਥਕ ਸ਼ਾਮਿਲ ਹੋਏ।
ਦੱਸ ਦਈਏ ਕਿ ਮੁੰਡਕਾ ਵਿਧਾਨ ਸਭਾ ਸੀਟ ਤੋਂ ਧਰਮਪਾਲ ਲਾਕੜਾ ਦਾ ਮੁਕਾਬਲਾ ਭਾਜਪਾ ਉਮੀਦਵਾਰ ਮਾਸਟਰ ਆਜ਼ਾਦ ਦੇ ਨਾਲ ਹੈ। ਉੱਥੇ ਹੀ ਧਰਮਪਾਲ ਲਾਕੜਾ ਨੇ ਚੋਣਾਂ ਤੋਂ ਪਹਿਲਾਂ ਹੀ ਦਾਅਵਾ ਕੀਤਾ ਹੈ ਕਿ ਉਹ 60 ਹਜ਼ਾਰ ਵੋਟਾਂ ਦੇ ਨਾਲ ਚੋਣਾਂ ਵਿੱਚ ਜਿੱਤ ਹਾਸਿਲ ਕਰਨਗੇ।