ਕੋਲਕਾਤਾ: ਕੇਂਦਰੀ ਮੰਤਰੀ ਬਾਬੁਲ ਸੁਪਰੀਓ ਨੇ ਐਤਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਵਿੱਚ ਅਲ-ਕਾਇਦਾ ਦੇ ਸ਼ੱਕੀਆਂ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਇੱਕ ਸਿੱਖ ਵਿਅਕਤੀ ਅਤੇ ਉਸ ਦੀ ਪੱਗ ਨਾਲ ਜੁੜੇ ਵਿਵਾਦ ਤੱਕ ਹਾਲਿਆ ਘਟਨਾਕ੍ਰਮ ਸਾਬਿਤ ਕਰਦੇ ਹਨ ਕਿ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਵਰਗੇ ਹਾਲਾਤ ਹਨ।
ਆਸਨਸੋਲ ਤੋਂ ਲੋਕ ਸਭਾ ਸੰਸਦ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਪੱਛਮੀ ਬੰਗਾਲ ਵਿੱਚ ਵਿਰੋਧੀ ਦਲਾਂ ਨੂੰ ਦਬਾ ਰਹੀ ਹੈ ਅਤੇ ਉਹ ਜ਼ਮੀਨੀ ਪੱਧਰ ਉੱਤੇ ਆਪਣੇ ਸੰਘਰਸ਼ ਨੂੰ ਭੁੱਲ ਗਈ ਹੈ।
ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਘਟਨਾ
ਕੇਂਦਰੀ ਮੰਤਰੀ ਸੁਪਰੀਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਕਿ ਪੁਲਿਸ ਨੇ ਬੁੱਧਵਾਰ ਨੂੰ ਭਾਜਪਾ ਦੀ ਇੱਕ ਵਿਰੋਧੀ ਰੈਲੀ ਦੌਰਾਨ ਯੋਜਨਾਬੱਧ ਤਰੀਕੇ ਨਾਲ ਸਿੱਖ ਭਾਈਚਾਰੇ ਦੇ ਇੱਕ ਵਿਅਕਤੀ ਨੂੰ ਖਿੱਚਿਆ, ਉਨ੍ਹਾਂ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਦੀ ਪੱਗੜੀ ਉਤਾਰ ਦਿੱਤੀ।
ਪੱਛਮੀ ਬੰਗਾਲ ਵਿੱਚ ਧਾਰਾ 365 ਲਾਗੂ ਕਰਨ ਦਾ ਮਾਮਲਾ ਸਹੀ
ਉਨ੍ਹਾਂ ਨੇ ਕਿਹਾ ਸਿੱਖ ਭਾਈਚਾਰੇ ਦੇ ਇੱਕ ਮੈਂਬਰ ਉੱਤੇ ਹਮਲੇ ਤੋਂ ਲੈ ਕੇ, ਅਲ-ਕਾਇਦਾ ਮੈਂਬਰਾਂ ਦੀ ਗ੍ਰਿਫ਼ਤਾਰੀ ਅਤੇ ਮਨੀਸ਼ ਸ਼ੁੱਕਲਾ ਤੇ ਹੋਰ ਰਾਜਨੀਤਿਕ ਵਿਰੋਧੀਆਂ ਦੀ ਹੱਤਿਆ ਤੱਕ ਦੇ ਘਟਨਾਕ੍ਰਮ ਸਾਬਿਤ ਕਰਦੇ ਹਨ ਕਿ ਪੱਛਮੀ ਬੰਗਾਲ ਵਿੱਚ ਧਾਰਾ 365 ਨੂੰ ਲਾਗੂ ਕਰਨ ਦਾ ਸਹੀ ਮਾਮਲਾ ਹੈ। ਉਥੇ ਹੀ ਕੇਂਦਰੀ ਮੰਤਰੀ ਦੇ ਦਾਅਵਿਆਂ ਦਾ ਵਿਰੋਧ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਸੰਸਦ ਮੈਂਬਰ ਸੌਗਾਤ ਰਾਏ ਨੇ ਕਿਹਾ ਕਿ ਸੁਪਰੀਓ ਇੱਕ ਨਾ-ਸਮਝ ਹੈ ਅਤੇ ਉਨ੍ਹਾਂ ਨੂੰ ਅਜਿਹੀ ਸਥਿਤੀਆਂ ਦੀ ਜਾਣਕਾਰੀ ਨਹੀਂ ਹੈ ਜਿਨ੍ਹਾਂ ਵਿੱਚ ਰਾਸ਼ਟਰਪਤੀ ਰਾਜ ਲਾਇਆ ਜਾਂਦਾ ਹੈ।