ਗੁਹਾਟੀ: ਅਸਮ ਭਾਜਪਾ ਨੇ ਐਤਵਾਰ ਨੂੰ ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੇ ਦਾਅਵੇ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋ ਸਕਦੇ ਹਨ।
ਤਰੁਣ ਗੋਗੋਈ, ਜੋ ਸਾਲ 2016 ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ 15 ਸਾਲ ਮੁੱਖ ਮੰਤਰੀ ਰਹੇ ਸਨ ਨੇ ਸ਼ਨੀਵਾਰ ਨੂੰ ਗੁਹਾਟੀ ਵਿੱਚ ਮੀਡੀਆ ਨੂੰ ਦੱਸਿਆ ਕਿ ਸਾਬਕਾ ਸੀਜੇਆਈ ਅਗਾਮੀ ਚੋਣਾਂ ਵਿੱਚ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਹੋ ਸਕਦੇ ਹਨ। ਅਸਮ ਵਿੱਚ ਅਗਲੇ ਸਾਲ ਅਪ੍ਰੈਲ-ਮਈ ਵਿੱਚ ਚੋਣ ਹੋਣ ਦੀ ਸੰਭਾਵਨਾ ਹੈ।
ਅਸਮ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਪ੍ਰਧਾਨ ਰਣਜੀਤ ਕੁਮਾਰ ਦਾਸ ਨੇ ਕਿਹਾ, "ਕੁਝ ਲੋਕ ਬਹੁਤ ਪੁਰਾਣੇ ਹੋਣ 'ਤੇ ਵੀ ਖੋਖਲੇ ਮਸਲਿਆਂ 'ਤੇ ਬੋਲਦੇ ਹਨ। ਅਸੀਂ ਤਰੁਣ ਗੋਗੋਈ ਦੇ ਬਿਆਨ ਨੂੰ ਉਸ ਸ਼੍ਰੇਣੀ ਵਿੱਚ ਰੱਖਣਾ ਚਾਹਾਂਗੇ।"
ਦਾਸ ਨੇ ਪੱਤਰਕਾਰਾਂ ਨੂੰ ਕਿਹਾ, “ਤਰੁਣ ਗੋਗੋਈ ਨੇ ਮੀਡੀਆ ਨੂੰ ਜੋ ਕਿਹਾ, ਉਸ ਵਿੱਚ ਥੋੜੀ ਜਿਹੀ ਸੱਚਾਈ ਵੀ ਨਹੀਂ ਹੈ। ਅਸਮ ਭਾਜਪਾ ਦੇ ਬੁਲਾਰੇ ਦੀਵਾਨ ਧਰੁਵਜੋਤੀ ਮੋਰਲ ਨੇ ਕਿਹਾ, "ਉਨ੍ਹਾਂ ਦੀਆਂ ਗੱਲਾਂ 'ਤੇ ਪ੍ਰਤੀਕਰਮ ਦੇਣ ਦਾ ਅਰਥ ਹਵਾ ਵਿੱਚ ਮਹਿਲ ਬਣਾਉਣ ਵਰਗਾ ਹੈ।"
ਭਾਜਪਾ ਨੇਤਾ ਨੇ ਕਿਹਾ, "ਭਾਜਪਾ, ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਤੋਂ ਇਲਾਵਾ ਕਿਸੇ ਨੂੰ ਨਹੀਂ ਦੇਖ ਰਹੀ, ਉਨ੍ਹਾਂ ਦਾ ਸਾਫ ਅਕਸ ਹੈ। ਰਾਜ ਦੇ ਸਾਰੇ ਆਦਿਵਾਸੀ, ਗੈਰ-ਆਦਿਵਾਸੀ ਅਤੇ ਹੋਰ ਸਮੂਹਾਂ ਨੇ ਉਨ੍ਹਾਂ ਨੂੰ ਸਵੀਕਾਰ ਕੀਤਾ ਹੈ।"
ਤਰੁਣ ਗੋਗੋਈ ਅਸਮ ਵਿਧਾਨ ਸਭਾ ਵਿੱਚ ਟਿਟਬੋਰ ਸੀਟ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਸ਼ਨੀਵਾਰ ਨੂੰ ਕਿਹਾ ਕਿ ਉਹ ਅਗਲੀਆਂ ਚੋਣਾਂ ਲੜਨਗੇ, ਪਰ ਨਾ ਤਾਂ ਉਹ ਅਤੇ ਨਾ ਹੀ ਉਨ੍ਹਾਂ ਦੇ ਬੇਟੇ ਸੰਸਦ ਮੈਂਬਰ ਗੌਰਵ ਕਾਂਗਰਸ ਦੇ ਸੰਭਾਵੀ ਮੁੱਖ ਮੰਤਰੀ ਉਮੀਦਵਾਰ ਹੋਣਗੇ।