ਨਵੀਂ ਦਿੱਲੀ: ਸਾਂਸਦ ਦੇ ਦੋਵਾਂ ਸਦਨਾਂ ਤੋਂ ਨਾਗਰਿਕ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਵਿਗੜਦੀ ਕਾਨੂੰਨ ਵਿਵਸਥਾ ਨੂੰ ਵੇਖਕੇ ਅਸਮ ਅਤੇ ਤ੍ਰਿਪੁਰਾ ਵਿੱਚ ਵੱਡੀ ਗਿਣਤੀ ਫ਼ੌਜ ਭੇਜੀ ਗਈ ਹੈ। ਫ਼ੌਜ ਦੇ ਬੁਲਾਰੇ ਅਮਨ ਆਨੰਦ ਦੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਦੀ ਬੇਨਤੀ ਦੇ ਚਲਦਿਆਂ ਉੱਥੇ 8 ਫ਼ੌਜ ਦੀਆਂ ਟੁਕੜੀਆਂ ਭੇਜੀਆਂ ਗਈਆਂ ਹਨ। ਫ਼ੌਜ ਦੀਆਂ 5 ਟੁਕੜੀਆਂ ਅਸਮ ਵਿੱਚ ਤੈਨਾਤ ਕੀਤੀਆਂ ਗਈਆਂ ਹਨ। ਇੱਕ ਟੁਕੜੀ ਵਿੱਚ 70 ਫ਼ੌਜੀ ਅਤੇ 1 ਤੋਂ 2 ਅਧਿਕਾਰੀ ਹੁੰਦੇ ਹਨ।
ਤ੍ਰਿਪੁਰਾ ਵਿੱਚ ਅਸਮ ਰਾਇਫ਼ਲਸ ਦੀਆਂ ਤਿੰਨ ਟੁਕੜੀਆਂ ਤੈਨਾਤ ਕੀਤੀਆਂ ਗਈਆਂ ਹਨ। ਫ਼ੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਤੈਨਾਤ ਕੀਤੇ ਗਏ ਕਰਮਚਾਰੀਆਂ ਦਾ ਕੰਮ ਲੋੜ ਪੈਣ ਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਕਰਨਾ ਹੈ। ਗੁਵਹਾਟੀ ਨਾਗਰਿਕ ਸੋਧ ਬਿੱਲ ਦੇ ਵਿਰੁੱਧ ਹੋ ਰਹੇ ਪ੍ਰਦਰਸ਼ਨ ਦਾ ਕੇਂਦਰ ਬਿੰਦੂ ਬਣ ਗਿਆ ਹੈ ਜਿਸ ਦੇ ਚਲਦੇ ਅਸਮ ਸਰਕਾਰ ਨੂੰ ਸ਼ਹਿਰ ਵਿੱਚ ਅਣਮਿੱਥੇ ਸਮੇਂ ਲਈ ਕਰਫ਼ਿਊ ਲਾਉਣਾ ਪਿਆ ਹੈ।
ਲੋਕ ਸਭਾ ਵਿੱਚ ਸੋਮਵਾਰ ਅੱਧੀ ਰਾਤ ਨੂੰ ਬਿੱਲ ਪਾਸ ਹੋਣ ਤੋਂ ਬਾਅਦ ਦੋਵਾਂ ਸੂਬਿਆਂ ਵਿੱਚ ਹਲਾਤ ਖ਼ਰਾਬ ਹੋਣ ਲੱਗ ਪਏ ਸੀ। ਬੁੱਧਵਾਰ ਰਾਤ ਨੂੰ ਜ਼ਬਰਦਸਤ ਵਿਰੋਧ ਦੇ ਬਾਵਜੂਦ ਵੀ ਰਾਜ ਸਭਾ ਵਿੱਚ ਪਾਸ ਹੋ ਗਿਆ।
ਸੋਸ਼ਲ ਮੀਡੀਆ ਦੀ ਵਰਤੋਂ ਕਿਸੇ ਤਰ੍ਹਾਂ ਦੀ ਨਫ਼ਰਤ ਫੈਲਾਉਣ ਲਈ ਨਾ ਕੀਤੀ ਡਾਵੇ ਇਸ ਲਈ ਅਸਮ ਅਤੇ ਤ੍ਰਿਪੁਰਾ ਦੋਵੇਂ ਹੀ ਸੂਬਿਆਂ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।
ਤ੍ਰਿਪੁਰਾ ਸਰਕਾਰ ਦੇ ਜਾਰੀ ਆਦੇਸ਼ ਮੁਤਾਬਕ, ਇੰਟਰਨੈੱਟ ਦੇ ਨਾਲ-ਨਾਲ ਮੈਸੇਜ਼ ਭੇਜਣ ਦੀ ਵੀ ਪਾਬੰਧੀ ਲਾ ਦਿੱਤੀ ਗਈ ਹੈ।
ਵਿਰੋਧ ਪ੍ਰਦਰਸ਼ਨ ਦੇ ਚਲਦਿਆਂ ਬੁੱਧਵਾਰ ਨੂੰ ਹਵਾਈ ਅੱਡਿਆਂ ਤੇ ਜਾਮ ਲੱਗ ਗਿਆ ਜਿਸ ਦੇ ਕਰਕੇ ਅਸਮ ਦੇ ਮੁੱਖ ਮੰਤਰੀ ਸਬਰਨੰਦ ਸੋਨੇਵਾਲ ਉੱਥੇ ਫ਼ਸ ਗਏ ਹਾਲਾਂਕਿ ਬਾਅਦ ਵਿੱਚ ਉਹ ਕਿਸੇ ਤਰ੍ਹਾਂ ਆਪਣੇ ਘਰ ਵਿੱਚ ਕਾਮਯਾਬ ਹੋ ਗਏ।
ਪਾਕਿਸਤਾਨ, ਅਫ਼ਗਾਨੀਸਤਾਨ ਅਤੇ ਬੰਗਲਾਦੇਸ਼ ਤੋਂ ਭਾਰਤ ਵਿੱਚ ਆਏ ਸਿੱਖ, ਹਿੰਦੂ, ਇਸਾਈ, ਪਾਰਸੀ, ਜੈਨ ਅਤੇ ਬੋਧੀ ਧਰਮ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਵਾਲੇ ਇਸ ਬਿੱਲ ਦਾ ਕਾਫ਼ੀ ਥਾਵਾਂ ਤੇ ਵਿਰੋਧ ਹੋ ਰਿਹਾ ਹੈ।