ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਦੇ ਅਨੰਤਪੁਰ 'ਚ ਬਾਰਿਸ਼ ਤੋਂ ਬਾਅਦ ਦਰਖਤਾਂ ਨੂੰ ਫਲ ਲੱਗਣੇ ਸ਼ੁਰੂ ਹੋ ਗਏ ਹਨ। ਖ਼ਾਸ ਤੌਰ 'ਤੇ ਇੱਥੇ ਖਜੂਰਾਂ ਦੇ ਦਰਖ਼ਤਾਂ ਨੂੰ ਮਿੱਠੇ ਫਲ ਲੱਗੇ ਹਨ ਅਤੇ ਕਿਸਾਨ ਇਸ ਤੋਂ ਕਾਫ਼ੀ ਮੁਨਾਫ਼ਾ ਕਮਾ ਰਹੇ ਹਨ। ਇੱਥੇ ਨਾਰਪੱਲਾ ਦੇ ਬੌਡੇਲਵਾਲ਼ਾ ਦੇ ਕਿਸਾਨ ਸੁਧੀਰ ਨਾਇਡੂ ਨੇ ਵੀ ਆਈਟੀ ਅਤੇ ਸਾਫ਼ਟਵੇਅਰ ਕੰਪਨੀ ਛੱਡ ਖਜੂਰਾਂ ਦੀ ਖੇਤੀ ਸ਼ੁਰੂ ਕੀਤੀ ਅਤੇ ਅੱਜ ਉਹ ਇਸ ਫ਼ਸਲ ਤੋਂ ਲੱਖਾਂ ਰੁਪਏ ਕਮਾ ਰਹੇ ਹਨ।
ਇਹ ਫਸਲ ਉਂਝ ਤਾਂ ਇਜ਼ਰਾਇਲ ਅਤੇ ਮਿਡਲ ਈਸਟ ਦੇਸ਼ਾਂ ਦੀ ਹੈ। ਪਰ ਦੱਖਣੀ ਭਾਰਤ ਦੇ ਕਿਸਾਨ ਇਸ ਫ਼ਸਲ ਦੀ ਪੈਦਾਵਰ ਕਰ ਮੁਨਾਫ਼ਾ ਕਮਾ ਰਹੇ ਹਨ। ਸੁਧੀਰ ਨਾਇਡੂ ਨੇ ਆਪਣੀ 5 ਏਕੜ ਦੀ ਜ਼ਮੀਨ ਉੱਤੇ ਖਜੂਰਾਂ ਦੇ 350 ਬੂਟੇ ਲਗਾਏ ਸਨ। ਉਨ੍ਹਾਂ 3600 ਰੁਪਏ ਪ੍ਰਤੀ ਬੂਟਾ ਖਰੀਦਿਆ ਸੀ ਤੇ ਹੁਣ ਹਰ ਦਰਖਤ ਤੋਂ ਲਗਭਗ 150 ਕਿੱਲੋ ਖਜੂਰ ਦੀ ਉਪਜ ਹੋ ਰਹੀ ਹੈ।
ਸੁਧੀਰ ਨਾਇਡੂ ਖੁਦ ਹੀ ਖਜੂਰ ਦੀ ਮਾਰਕੀਟਿੰਗ ਦਾ ਕੰਮ ਵੀ ਸੰਭਾਲਦੇ ਹਨ ਅਤੇ ਬੈਂਗਲੁਰੂ ਅਤੇ ਤੁਮਕੁਰ ਵਰਗੇ ਸ਼ਹਿਰਾਂ 'ਚ ਉਹ ਖਜੂਰ ਭੇਜਦੇ ਹਨ। ਸੁਧੀਰ ਨਾਇਡੂ ਤੋਂ ਪ੍ਰਭਾਵਿਤ ਹੋ ਕੇ ਕਿਸਾਨ ਉਨ੍ਹਾਂ ਦੇ ਖੇਤ ਚ ਫਸਲ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਅਕਸਰ ਆਉਂਦੇ ਹੀ ਰਹਿੰਦੇ ਹਨ।
ਇਹ ਵੀ ਪੜ੍ਹੋ-ਉੱਨਾਵ ਕੇਸ: ਭਾਜਪਾ ਵਿਧਾਇਕ ਕੁਲਦੀਪ ਸੇਂਗਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ
ਸੁਧੀਰ ਨਾਇਡੂ ਦਾ ਕਹਿਣਾ ਹੈ ਕਿ ਪੌਦੇ ਲਗਭਗ 3 ਸਾਲ ਦੇ ਸਮੇਂ ਤੋਂ ਬਾਅਦ ਵੱਡੇ ਦਰਖ਼ਤਾਂ ਚ ਤਬਦੀਲ ਹੋ ਗਏ ਅਤੇ 4 ਸਾਲ ਬਾਅਦ ਫਲ ਵੀ ਲੱਗਣ ਲੱਗੇ ਸਨ।
ਦੱਸ ਦਈਏ ਕਿ ਖਜੂਰ ਦੇ ਦਰਖਤ ਗਰਮ ਮੌਸਮ ਦੀ ਪੈਦਾਵਰ ਹਨ ਤੇ ਇਨ੍ਹਾਂ ਤੇ ਜ਼ਿਆਦਾ ਪਾਣੀ ਦੀ ਵੀ ਲਾਗਤ ਨਹੀਂ ਆਉਂਦੀ, ਇਨ੍ਹਾਂ ਦਰਖਤਾਂ ਦੀਆਂ ਜੜ੍ਹਾਂ ਨੂੰ ਹੀ ਪਾਣੀ ਦੇਣ ਦੀ ਲੋੜ ਪੈਂਦੀ ਹੈ, ਜ਼ਿਆਦਾ ਪਾਣੀ ਨਾਲ ਉਹ ਫ਼ਸਲ ਖ਼ਰਾਬ ਹੋ ਸਕਦੀ ਹੈ। ਇਸ ਲਈ ਘੱਟ ਪਾਣੀ ਤੇ ਇੱਕੋ ਵਾਰ ਕੀਤੇ ਗਏ ਨਿਵੇਸ਼ ਨਾਲ ਹਰ ਸਾਲ ਮੁਨਾਫ਼ਾ ਕਮਾਇਆ ਜਾ ਸਕਦਾ ਹੈ।