ਨਵੀਂ ਦਿੱਲੀ: ਦਿੱਲੀ ਦਾ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਦੁਨੀਆਂ ਦਾ 12ਵਾਂ ਸਭ ਤੋਂ ਵੱਡਾ ਹਵਾਈ ਅੱਡਾ ਹੈ, ਜੋ ਕਿ ਸਭ ਤੋਂ ਵੱਧ ਵਿਅਸਤ ਰਹਿਦਾ ਹੈ। ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਚਲਦੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਚ ਆਉਣ ਤੇ ਜਾਣ ਵਾਲੀਆਂ ਸਾਰੀਆਂ ਕੌਮਾਂਤਰੀ ਉਡਾਣਾਂ ਨੂੰ 29 ਮਾਰਚ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।
ਦੇਸ਼ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਸਰਕਾਰ ਇੱਕ-ਇੱਕ ਕਰਕੇ ਲਗਾਤਾਰ ਸਖ਼ਤ ਕਦਮ ਚੁੱਕ ਰਹੀ ਹੈ। ਦੱਸ ਦਈਏ ਕਿ ਅੰਤਰਰਾਸ਼ਟਰੀ ਉਡਾਣਾਂ ਨੂੰ ਤੁਰੰਤ ਪ੍ਰਭਾਵ ਨਾਲ ਆਈਜੀਆਈ ਏਅਰਪੋਰਟ ‘ਤੇ ਰੋਕ ਦਿੱਤੀ ਗਈ ਹੈ।
ਖ਼ਾਸਕਰ ਇਹ ਦੇਖਿਆ ਗਿਆ ਹੈ ਕਿ ਇਹ ਵਾਇਰਸ ਉਨ੍ਹਾਂ ਲੋਕਾਂ ਵਿੱਚ ਪਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਵਿਦੇਸ਼ ਤੋਂ ਯਾਤਰਾ ਕੀਤੀ ਹੈ। ਇਸ ਲਈ ਇਹ ਕਦਮ ਚੁੱਕਿਆ ਗਿਆ ਹੈ। ਦਿੱਲੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਡਾਇਲ) ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਕੌਮਾਂਤਰੀ ਉਡਾਣਾਂ ਨੂੰ ਤੁਰੰਤ ਪ੍ਰਭਾਵ ਨਾਲ 22 ਮਾਰਚ ਤੋਂ 29 ਮਾਰਚ ਤੱਕ ਰੋਕਿਆ ਗਿਆ। ਦੱਸ ਦਈਏ, ਹਵਾਈ ਅੱਡੇ 'ਤੇ 60 ਤੋਂ ਵੱਧ ਏਅਰਲਾਈਨਜ਼ ਆਉਂਦੀਆਂ ਤੇ ਜਾਂਦੀਆਂ ਹਨ।