ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਵਿੱਚ ਸ਼ਨੀਵਾਰ ਦੀ ਸਵੇਰ 4:30 ਵਜੇ ਅਸਾਮ ਰਾਈਫਲਜ਼ ਤੇ ਅੱਤਵਾਦੀਆਂ ਵਿਚਕਾਰ ਝੜਪ ਹੋਈ। ਝੜਪ ਵਿੱਚ ਅਸਾਮ ਰਾਈਫਲਜ਼ ਨੇ ਨਗਾ ਅੱਤਵਾਦੀ ਸੰਗਠਨ ਦੇ 6 ਅੱਤਵਾਦੀ ਹਲਾਕ ਕਰ ਦਿੱਤਾ। ਦੱਸ ਦੇਈਏ ਕਿ ਸੁਰੱਖਿਆ ਬਲਾਂ ਨੂੰ ਤਿਰਪ ਜ਼ਿਲ੍ਹੇ ਦੇ ਜਨਰਲ ਖੇਤਰ ਦੇ ਖੌਸਾਂ ਵਿੱਚ ਅੱਤਵਾਦੀਆਂ ਦੇ ਛੁੱਪੇ ਹੋਣ ਦੀ ਪਹਿਲਾਂ ਤੋਂ ਹੀ ਗੁਪਤ ਜਾਣਕਾਰੀ ਸੀ। ਇਸ ਦੌਰਾਨ ਅਸਾਮ ਰਾਈਫਲਜ਼ ਨੇ 2 ਟੀਮਾਂ ਦਾ ਗਠਨ ਕਰਕੇ ਉਨ੍ਹਾਂ ਅੱਤਵਾਦੀਆਂ ਉੱਤੇ ਹਮਲਾ ਕੀਤਾ।
ਅਸਾਮ ਰਾਈਫਲਜ਼ ਤੇ ਅੱਤਵਾਦੀਆਂ ਵਿਚਕਾਰ ਹੋਈ ਝੜਪ ਵਿੱਚ ਇੱਕ ਜਵਾਨ ਜ਼ਖ਼ਮੀ ਹੋ ਗਿਆ ਜਿਸ ਨੂੰ ਫ਼ੌਜ ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕੀਤਾ ਗਿਆ ਹੈ। ਜਵਾਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਦੇ ਕੋਲ ਹਥਿਆਰਾਂ ਤੋਂ ਇਲਾਵਾ ਅਜਿਹਾ ਸਮਾਨ ਸੀ ਜੋ ਕਿ ਲੜਾਈ ਦੇ ਵਿੱਚ ਕੰਮ ਆਉਂਦਾ ਹੈ।
ਅਰੁਣਾਚਲ ਪ੍ਰਦੇਸ਼ ਦੇ ਡੀਜੀਪੀ ਆਰ.ਪੀ. ਉਪਾਧਿਆਏ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਐਸ.ਆਈ.ਬੀ. ਅਰੁਣਾਚਲ ਪ੍ਰਦੇਸ਼ ਵੱਲੋਂ ਮਿਲੀ ਖੁਫ਼ੀਆ ਜਾਣਕਾਰੀ ਦੇ ਆਧਾਰ ਉੱਤੇ 6 ਅਸਾਮ ਰਾਈਫਲਜ਼ ਤੇ ਅਰੁਣਾਚਲ ਪ੍ਰਦੇਸ਼ ਦੀ ਪੁਲਿਸ ਨੇ ਲੋਂਗਡਿੰਗ ਜ਼ਿਲ੍ਹੇ ਵਿੱਚ ਆਪ੍ਰੇਸ਼ਨ ਕੀਤਾ। ਇਸ ਆਪ੍ਰੇਸ਼ਨ ਵਿੱਚ 6 ਅੱਤਵਾਦੀ ਹਲਾਕ ਹੋ ਗਏ। ਉਨ੍ਹਾਂ ਕਿਹਾ ਕਿ ਹਲਾਕ ਹੋਏ ਅੱਤਵਾਦੀਆਂ ਕੋਲ AK-47 ਤੇ 2 ਚੀਨੀ ਐਮ.ਸੀ.ਯੂ. ਹਥਿਆਰ ਬਰਾਮਦ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਅੱਤਵਾਦੀ ਅਰੁਣਾਚਲ ਪ੍ਰਦੇਸ਼ ਵਿੱਚ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਫਰਾਕ ਵਿੱਚ ਸਨ। ਉਨ੍ਹਾਂ ਕਿਹਾ ਕਿ ਲੌਂਗਡਿੰਗ ਦੇ ਐਸ.ਪੀ ਅਤੇ 6 ਅਸਾਮ ਰਾਈਫਲਜ਼ ਦੇ ਸੀ.ਓ ਮੌਜੂਦ ਹਨ। ਆਪ੍ਰੇਸ਼ਨ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ;11 ਜੁਲਾਈ: ਧਮਾਕਿਆਂ ਨਾਲ ਕੰਬੀ ਮੁੰਬਈ, ਜਾਣੋ ਹੋਰ ਦੂਜੀਆਂ ਵੱਡੀਆਂ ਘਟਨਾਵਾਂ