ਨਵੀਂ ਦਿੱਲੀ: ਪਹਿਲੂ ਖ਼ਾਨ ਦੀ ਭੀੜ ਵੱਲੋਂ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ ਰਾਜਸਥਾਨ ਦੀ ਅਲਵਰ ਜ਼ਿਲ੍ਹਾ ਅਦਾਲਤ ਨੇ ਅਪਣਾ ਫ਼ੈਸਲਾ ਸੁਣਾ ਦਿੱਤਾ ਹੈ। ਇਸ ਮਾਮਲੇ ਵਿੱਚ ਅਦਾਲਤ ਨੇ 6 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।
ਸੁਪਰੀਮ ਕੋਰਟ ਦੇ ਆਦੇਸ਼ 'ਤੇ ਪਹਿਲੂ ਖ਼ਾਨ ਮੋਬ ਲਿੰਚਿੰਗ ਮਾਮਲਾ ਬਹਰੋਡ ਵਧੀਕ ਅਦਾਲਤ ਤੋਂ ਅਲਵਰ ਦੀ ਵਧੀਕ ਸੈਸ਼ਨ ਕੋਰਟ ਨੰਬਰ 1 ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਲਗਾਤਾਰ ਚਲਦੀ ਰਹੀ।
ਇਸ ਮਾਮਲੇ ਵਿੱਚ ਜੱਜ ਡਾ. ਸਰਿਤਾ ਸਵਾਮੀ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਤੇ ਬਾਅਦ 'ਚ ਆਖ਼ਰੀ ਬਹਿਸ ਹੋਈ। ਆਖ਼ਰੀ ਬਹਿਸ ਸੁਣਨ ਤੋਂ ਬਾਅਦ ਜੱਜ ਡਾ. ਸਵਾਮੀ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।
ਕੀ ਸੀ ਮਾਮਲਾ
ਇਸ ਬਾਰੇ ਵਧੀਕ ਸਰਕਾਰੀ ਵਕੀਲ ਯੋਗੇਂਦਰ ਖਟਾਨਾ ਨੇ ਦੱਸਿਆ ਕਿ 1 ਅਪ੍ਰੈਲ, 2017 ਨੂੰ ਬਹਰੋਡ ਥਾਣਾ ਇਲਾਕੇ ਵਿੱਚ ਪਹਿਲੂ ਖ਼ਾਨ ਤੇ ਉਸ ਦਾ ਪੁੱਤਰ ਗਾਵਾਂ ਨੂੰ ਲੈ ਕੇ ਜਾ ਰਹੇ ਸਨ। ਭੀੜ ਨੇ ਉਨ੍ਹਾਂ ਨੂੰ ਰੋਕਣ ਤੋਂ ਬਾਅਦ ਉਨ੍ਹਾਂ ਨਾਲ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਸੀ। ਇਲਾਜ ਦੌਰਾਨ ਪਹਿਲੂ ਖ਼ਾਨ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਚਾਰਜਸ਼ੀਟ ਪੇਸ਼ ਕਰਨ ਤੋਂ ਬਾਅਦ ਲਗਾਤਾਰ ਸੁਣਵਾਈ ਹੋਈ। ਪਹਿਲੂ ਖ਼ਾਨ ਦੇ ਪੁੱਤਰਾਂ ਸਣੇ 47 ਗਵਾਹਾਂ ਦੇ ਬਿਆਨ ਅਦਾਲਤ ਵਿੱਚ ਦਿੱਤੇ ਗਏ।