ਨਵੀਂ ਦਿੱਲੀ: ਮੰਗਲਵਾਰ ਨੂੰ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਦੇ 45 ਕਰਮੀ ਕੋਰੋਨਾ ਵਾਇਰਸ ਸਕਾਰਾਤਮਕ ਪਾਏ ਗਏ ਹਨ ਅਤੇ 167 ਕਰਮੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਇਹ ਕਰਮਚਾਰੀ ਦੋ ਕੰਪਨੀਆਂ ਨਾਲ ਸਬੰਧਤ ਹਨ ਜੋ ਦਿੱਲੀ ਪੁਲਿਸ ਨਾਲ ਅੰਦਰੂਨੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਦੀ ਡਿਊਟੀ 'ਤੇ ਤਾਇਨਾਤ ਹਨ। 43 ਕਰਮੀ 22 ਬਟਾਲੀਅਨ ਨਾਲ ਸਬੰਧਤ ਹਨ, ਜੋ ਕਿ ਦਿੱਲੀ ਦੇ ਬਾਹਰੀ ਹਿੱਸੇ 'ਚ ਤਿਗਰੀ ਵਿਖੇ ਸਥਿਤ ਹੈ ਅਤੇ 2 ਕਰਮੀ 50 ਬਟਾਲੀਅਨ ਨਾਲ ਸਬੰਧਤ ਹਨ।
22 ਬਟਾਲੀਅਨ ਦੇ 2 ਜਵਾਨਾਂ ਨੂੰ ਸਫ਼ਦਰਜੰਗ ਹਸਪਤਾਲ ਵਿੱਚ ਅਤੇ 41 ਨੂੰ ਗ੍ਰੇਟਰ ਨੋਇਡਾ ਦੇ ਕੇਂਦਰੀ ਆਰਮਡ ਪੁਲਿਸ ਫੋਰਸ (ਸੀਏਪੀਐਫ) ਰੈਫ਼ਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 22 ਬਟਾਲੀਅਨ ਦੇ 76 ਜਵਾਨਾਂ ਨੂੰ ਆਈਟੀਬੀਪੀ ਛਾਵਲਾ ਫੈਸਿਲਟੀ ਵਿੱਚ ਆਈਸੋਲੇਟ ਕੀਤਾ ਗਿਆ ਹੈ।
50 ਬਟਾਲੀਅਨ ਦੇ ਦੋ ਜਵਾਨ, ਇੱਕ ਸਬ ਇੰਸਪੈਕਟਰ ਅਤੇ ਇੱਕ ਹੈਡ ਕਾਂਸਟੇਬਲ, ਜੋ ਪਿਛਲੇ ਹਫ਼ਤੇ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ, ਨੂੰ ਏਮਜ਼ ਝੱਜਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਆਈਟੀਬੀਪੀ ਦੇ ਬੁਲਾਰੇ ਵਿਵੇਕ ਪਾਂਡੇ ਨੇ ਦੱਸਿਆ ਕਿ ਇਸ ਬਟਾਲੀਅਨ ਦੇ 91 ਮੁਲਾਜ਼ਮਾਂ ਨੂੰ ਛਾਵਲਾ ਖੇਤਰ ਵਿੱਚ ਆਈਟੀਬੀਪੀ ਫੈਸਿਲਟੀ ਵਿੱਚ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਉਹ ਗ੍ਰੇਟਰ ਨੋਇਡਾ ਦੇ ਸੀਏਪੀਐਫ ਰੈਫ਼ਰਲ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਆਈਟੀਬੀਪੀ, ਜੋ ਕਿ 90,000 ਕਰਮੀਆਂ ਦੀ ਫ਼ੋਰਸ ਹੈ, ਨੂੰ ਮੁੱਖ ਤੌਰ ਤੇ ਅੰਦਰੂਨੀ ਸੁਰੱਖਿਆ ਦੀ ਡਿਊਟੀ ਤੋਂ ਇਲਾਵਾ, ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ (ਐਲਏਸੀ) ਦੀ ਰਾਖੀ ਦਾ ਕੰਮ ਸੌਂਪਿਆ ਗਿਆ ਹੈ।