ਸ੍ਰੀਨਗਰ: ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀ) ਸੁਰਿੰਦਰ ਪਵਾਰ ਨੇ ਸੋਮਵਾਰ ਨੂੰ ਕਿਹਾ ਕਿ ਕੰਟਰੋਲ ਰੇਖਾ (ਐਲਓਸੀ) ‘ਤੇ ਸਰਹੱਦ ਪਾਰ ਅੱਤਵਾਦੀ ਗਤੀਵਿਧੀਆਂ ਘਟੀਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੁਰੱਖਿਆ ਬਲ ਅੱਤਵਾਦੀਆਂ ਨਾਲ ਲੜਨ ਲਈ ਤਿਆਰ ਹਨ।
ਬੀਐਸਐਫ ਦੇ ਏਡੀਜੀ ਨੇ ਕਿਹਾ ਕਿ ਐਲਓਸੀ 'ਤੇ ਸਰਹੱਦ ਪਾਰੋਂ ਬਣੇ ਲਾਂਚ ਪੈਡ 'ਤੇ ਇਸ ਵੇਲੇ 250-300 ਅੱਤਵਾਦੀ ਹਨ, ਜੋ ਬਰਫਬਾਰੀ ਤੋਂ ਪਹਿਲਾਂ ਭਾਰਤੀ ਸਰਹੱਦ 'ਚ ਘੁਸਪੈਠ ਕਰਨ ਦੀ ਫਿਰਾਕ ਵਿੱਚ ਹਨ।
ਉਨ੍ਹਾਂ ਕਿਹਾ ਕਿ ਨਵੰਬਰ ਵਿੱਚ ਬਰਫਬਾਰੀ ਦੌਰਾਨ ਅੱਤਵਾਦੀਆਂ ਵੱਲੋਂ ਘੁਸਪੈਠ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਸਕਦਾ ਹੈ ਪਰ ਸਾਡੀ ਫੌਜ ਘੁਸਪੈਠ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਸੁਚੇਤ ਹੈ।
ਸ੍ਰੀਨਗਰ ਵਿੱਚ ਬੀਐਸਐਫ ਦੇ ਹੈੱਡਕੁਆਰਟਰ ਵਿਖੇ ਸ਼ਹੀਦ ਸਿਪਾਹੀ ਸੁਦੀਪ ਸਰਕਾਰ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਐਸਐਫ ਦੇ ਏਡੀਜੀ ਨੇ ਇਸ ਗੱਲ ਦਾ ਖੁਲਾਸਾ ਕੀਤਾ।
ਉਨ੍ਹਾਂ ਕਿਹਾ ਕਿ ਇਸ ਸਾਲ ਸਿਰਫ 25-30 ਅੱਤਵਾਦੀ ਹੀ ਭਾਰਤੀ ਸਰਹੱਦ ਵਿਚ ਘੁਸਪੈਠ ਕਰਨ ਵਿੱਚ ਕਾਮਯਾਬ ਹੋਏ, ਜਦੋਂਕਿ ਪਿਛਲੇ ਸਾਲ 140 ਅੱਤਵਾਦੀਆਂ ਨੇ ਘੁਸਪੈਠ ਕੀਤੀ ਸੀ।
ਕੁਪਵਾੜਾ ਦੇ ਮਾਛਿਲ ਸੈਕਟਰ ਵਿੱਚ ਹੋਈ ਮੁੱਠਭੇੜ ਉੱਤੇ ਉਨ੍ਹਾਂ ਕਿਹਾ ਕਿ 7-8 ਨਵੰਬਰ ਦੀ ਰਾਤ ਨੂੰ ਸਾਡੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀਆਂ ਸ਼ੱਕੀ ਗਤੀਵਿਧੀਆਂ ਨੂੰ ਵੇਖਿਆ। ਇਸ ਤੋਂ ਬਾਅਦ ਕਾਂਸਟੇਬਲ ਸੁਦੀਪ ਸਰਕਾਰ ਅਤੇ ਕਾਂਸਟੇਬਲ ਅਬਦੁੱਲ ਮੌਕੇ 'ਤੇ ਪਹੁੰਚੇ ਅਤੇ ਲੁੱਕੇ ਹੋਏ ਅੱਤਵਾਦੀਆਂ ਨੂੰ ਚੁਣੌਤੀ ਦਿੱਤੀ। ਗੋਲੀਬਾਰੀ ਦੌਰਾਨ ਗੋਲੀ ਲੱਗਣ ਨਾਲ ਕਾਂਸਟੇਬਲ ਸੁਦੀਪ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਬਾਅਦ ਵਿੱਚ ਉਹ ਸ਼ਹੀਦ ਹੋ ਗਏ।
ਕਾਂਸਟੇਬਲ ਸੁਦੀਪ ਸਰਕਾਰ ਤ੍ਰਿਪੁਰਾ ਦੇ ਅਗਰਤਲਾ ਦੇ ਵਸਨੀਕ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ।
ਬੀਐਸਐਫ ਦੇ ਏਡੀਜੀ ਨੇ ਕਿਹਾ ਕਿ ਅਗਲੇ ਦਿਨ ਸਵੇਰੇ, ਭਾਰਤੀ ਫੌਜ ਨੇ ਆਪ੍ਰੇਸ਼ਨ ਸ਼ੁਰੂ ਕੀਤਾ ਅਤੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮੁਕਾਬਲੇ ਦੌਰਾਨ ਕੈਪਟਨ ਆਸ਼ੂਤੋਸ਼ ਕੁਮਾਰ ਅਤੇ ਦੋ ਹੋਰ ਸੈਨਿਕ ਸ਼ਹੀਦ ਹੋ ਗਏ।
ਉਨ੍ਹਾਂ ਕਿਹਾ ਕਿ ਐਲਓਸੀ ਉੱਤੇ ਮਾਛਿਲ ਸੈਕਟਰ ਵਿੱਚ ਸਭ ਤੋਂ ਵੱਧ ਘੁਸਪੈਠ ਹੁੰਦੀ ਹੈ, ਪਰ ਸਾਡੇ ਮੁਸਤੈਦ ਜਵਾਨ ਸਫਲਤਾਪੂਰਵਕ ਇਨ੍ਹਾਂ ਨੂੰ ਅਸਫਲ ਕਰ ਦਿੰਦੇ ਹਨ।