ਮਨਾਲੀ: ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਜਾਰੀ ਹੈ। ਬਰਫ਼ਬਾਰੀ ਕਾਰਨ ਅਟਲ ਟਨਲ ਤੇ ਰੋਹਤਾਂਗ ਦਰਰੇ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਖਤਰੇ ਨੂੰ ਵੇਖਦੇ ਹੋਏ ਮਨਾਲੀ ਪੁਲਿਸ ਨੇ ਸੈਲਾਨੀਆਂ ਨੂੰ ਸੋਲੰਗਨਾਲਾ ਤੱਕ ਹੀ ਜਾਣ ਦੀ ਇਜਾਜ਼ਤ ਦਿੱਤੀ ਹੈ। ਮੌਸਮ ਕੁਝ ਸਾਫ਼ ਹੋਣ ਮਗਰੋਂ ਸੈਲਾਨੀ ਅਟਲ ਟਨਲ ਦਾ ਦੀਦਾਰ ਕਰ ਸਕਣਗੇ।
ਸੈਰ ਸਪਾਟਾ ਸਥਾਨ ਸੋਲੰਗਨਾਲਾ 'ਚ ਮਾਰਚ ਤੋਂ ਬਾਅਦ ਹੁਣ ਸੈਲਾਨੀ ਨਜ਼ਰ ਆ ਰਹੇ ਹਨ। ਨੇੜੇ ਦੇ ਸੈਰ ਸਪਾਟੇ ਵਾਲੀਆਂ ਥਾਵਾਂ 'ਤੇ ਸੈਲਾਨੀ ਬਰਫ਼ਬਾਰੀ ਦਾ ਆਨੰਦ ਲੈ ਰਹੇ ਹਨ। ਇਸ ਤੋਂ ਪਹਿਲਾਂ ਸੋਲੰਗਨਾਲਾ ਵੱਲੋਂ ਆਉਣ ਵਾਲੇ ਸੈਲਾਨੀ ਅਟਲ ਟਨਲ ਹੁੰਦੇ ਹੋਏ ਲਾਹੌਲ-ਸਪੀਤੀ ਵੱਲ ਜਾ ਰਹੇ ਸਨ ਪਰ ਦੋ ਦਿਨਾਂ ਤੋਂ ਮੌਸਮ ਵਿੱਚ ਆਈ ਤਬਦੀਲੀ ਕਾਰਨ ਸੈਰ ਸਪਾਟਾ ਸਥਾਨ ਸੋਲੰਗਨਾਲਾ ਸੈਲਾਨੀਆਂ ਦੇ 'ਸਨੋ ਪੁਆਇੰਟ' ਬਣ ਗਿਆ ਹੈ।
ਕੁੱਲੂ ਦੇ ਐੱਸਪੀ ਗੌਰਵ ਸਿੰਘ ਨੇ ਦੱਸਿਆ ਕਿ ਅਟਲ ਟਨਲ ਦੇ ਨੇੜੇ ਕਾਫ਼ੀ ਥਾਵਾਂ 'ਤੇ ਭਾਰੀ ਬਰਫ਼ਬਾਰੀ ਹੋਈ ਹੈ। ਜਿਸ ਦੇ ਚੱਲਦੇ ਹਾਲਾਤ ਆਮ ਹੋਣ ਮਗਰੋਂ ਸੈਲਾਨੀਆਂ ਨੂੰ ਅਟਲ ਟਨਲ ਤੱਕ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।