ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਬੈਠਕ ਕੀਤੀ ਗਈ। ਇਸ ਬੈਠਕ ਦੌਰਾਨ ਉਨ੍ਹਾਂ ਭਾਜਪਾ ਖਿਲਾਫ਼ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਸਿਰਫ਼ ਸੰਸਦ ਹੀ ਨਹੀਂ ਸਗੋਂ ਬਾਹਰ ਵੀ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਸੋਨੀਆ ਗਾਂਧੀ ਦੀ ਅਗਵਾਈ 'ਚ ਹੋਈ ਇਸ ਬੈਠਕ 'ਚ ਕਾਂਗਰਸ ਸਮੇਤ 19 ਵਿਰੋਧੀ ਪਾਰਟੀਆਂ ਦੇ ਆਗੂ ਸ਼ਾਮਲ ਹੋਏ ਸਨ।
ਇਸ ਬੈਠਕ 'ਚ ਟੀਐਮਸੀ, ਡੀਐਮਕੇ, ਸ਼ਿਵਸੈਨਾ, ਜੇਐਮਐਮ, ਸੀਪੀਆਈ, ਸੀਪੀਐਮ, ਐਨਸੀ, ਆਰਜੇਡੀ, ਏਆਈਯੂਡੀਐਫ ਆਦਿ ਦੇ ਆਗੂਆਂ ਨੇ ਹਿੱਸਾ ਲਿਆ। ਬਹੁਜਨ ਸਮਾਜ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਇਸ ਦੇ ਲਈ ਸੱਦਾ ਨਹੀਂ ਦਿੱਤਾ ਗਿਆ। ਜਦਕਿ ਸਮਾਜਵਾਦੀ ਪਾਰਟੀ ਇਸ ਬੈਠਕ 'ਚ ਸ਼ਾਮਲ ਨਹੀਂ ਹੋਈ।
ਬੈਠਕ ਦੌਰਾਨ ਸੋਨੀਆ ਗਾਂਧੀ ਨੇ ਕਿਹਾ, 'ਰਾਸ਼ਟਰ ਹਿੱਤ ਲਈ ਨਾ ਸਿਰਫ ਸੰਸਦ 'ਚ ਸਗੋਂ ਸੰਸਦ ਦੇ ਬਾਹਰ ਵੀ ਇਕਜੁੱਟ ਹੋਵੋ'। ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਵਿਰੋਧੀ ਧਿਰਾਂ ਦੀ ਏਕਤਾ ਕਾਰਨ ਹੀ ਓਬੀਸੀ ਬਿੱਲ 'ਚ ਸੋਧ ਕਰਨੀ ਪਈ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਮਾਨਸੂਨ ਸੈਸ਼ਨ ਨਹੀਂ ਚੱਲ ਸਕਿਆ। ਸੋਨੀਆ ਗਾਂਧੀ ਨੇ ਕਿਹਾ ਕਿ ਸਾਡੇ ਅਪਣੇ ਮਤਭੇਦ ਹੋ ਸਕਦੇ ਹਨ ਪਰ ਦੇਸ਼ ਹਿੱਤ ਲਈ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ 'ਤੇ ਕਾਂਗਰਸ ਪਾਰਟੀ ਦੀਆਂ ਕੋਸ਼ਿਸ਼ਾਂ 'ਚ ਕੋਈ ਕਮੀ ਨਹੀਂ ਮਿਲੇਗੀ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 2024 ਦੀਆਂ ਆਮ ਚੋਣਾਂ ਆਖਰੀ ਟੀਚਾ ਹੈ। ਇਹ ਇੱਕ ਚੁਣੌਤੀ ਹੈ, ਇਕੱਠੇ ਹੋ ਕੇ ਕੰਮ ਕਰਨ ਤੋਂ ਇਲਾਵਾ ਸਾਡੇ ਕੋਲ ਕੋਈ ਵਿਕਲਪ ਨਹੀਂ ਹੈ। ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਕਿਹਾ ਕਿ ਉਹ ਦੇਸ਼ 'ਚ ਅਜਿਹੀ ਸਰਕਾਰ ਬਣਾਉਣ ਦੀ ਯੋਜਨਾ ਬਣਾਉਣ, ਜੋ ਦੇਸ਼ ਦੀ ਆਜ਼ਾਦੀ ਦੀ ਲਹਿਰ ਦੀਆਂ ਕਦਰਾਂ ਕੀਮਤਾਂ ਅਤੇ ਸੰਵਿਧਾਨ ਦੇ ਸਿਧਾਂਤਾਂ 'ਚ ਵਿਸ਼ਵਾਸ ਰੱਖਦੀ ਹੋਵੇ।
ਇਹ ਵੀ ਪੜ੍ਹੋ:ਸੈਣੀ ਦੀ ਰਿਹਾਈ ‘ਤੇ ਸੁੱਖੀ ਰੰਧਾਵਾ ਨੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ