ਵਿਕਾਸਨਗਰ: ਉੱਤਰਾਖੰਡ(Uttarakhand) ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਦੇਹਰਾਦੂਨ ਦੇ ਵਿਕਾਸਨਗਰ (Vikasnagar of Dehradun) ਦੇ ਕੋਲ ਬੁਲਹਾਡ ਬਾਈਲਾ ਰੋਡ(Bulhad Baila Road) 'ਤੇ ਇੱਕ ਬੱਸ ਖਾਈ 'ਚ ਡਿੱਗ ਗਈ। ਇਸ ਹਾਦਸੇ 'ਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ ਸਵਾਰ ਸਾਰੇ ਪਿੰਡ ਵਾਸੀ ਇੱਕੋ ਪਿੰਡ ਦੇ ਦੱਸੇ ਜਾ ਰਹੇ ਹਨ। ਚਕਰਾਤਾ ਦੇ ਐਸ.ਡੀ.ਐਮ(S.D.M.) ਨੇ ਦੱਸਿਆ ਹੈ ਕਿ ਹਾਦਸੇ ਤੋਂ ਬਾਅਦ ਪੁਲਿਸ ਅਤੇ ਐਸ.ਡੀ.ਆਰ.ਐਫ(SDRF) ਦੀਆਂ ਟੀਮਾਂ ਰਵਾਨਾ ਹੋ ਗਈਆਂ ਹਨ। ਫਿਲਹਾਲ ਆਸਪਾਸ ਦੇ ਪਿੰਡ ਵਾਸੀਆਂ ਵੱਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।
ਓਵਰਲੋਡਿੰਗ ਕਾਰਨ ਵਾਪਰਿਆ ਹਾਦਸਾ - ਪੁਲਿਸ
ਪੁਲਿਸ ਨੇ ਦੱਸਿਆ ਕਿ ਹਾਦਸੇ ਪਿੱਛੇ ਓਵਰਲੋਡਿੰਗ ਇੱਕ ਕਾਰਨ ਹੋ ਸਕਦਾ ਹੈ। ਬੱਸ ਛੋਟੀ ਸੀ, ਜਿਸ ਵਿੱਚ 15 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਜਿਸ ਰੂਟ ਤੋਂ ਇਹ ਬੱਸ ਰਵਾਨਾ ਹੋ ਰਹੀ ਸੀ, ਉਸ ਰੂਟ 'ਤੇ ਬਹੁਤੀਆਂ ਬੱਸਾਂ ਨਹੀਂ ਹਨ, ਇਸ ਲਈ ਇੱਕੋ ਬੱਸ 'ਚ ਇੰਨੀ ਵੱਡੀ ਗਿਣਤੀ 'ਚ ਲੋਕ ਸਫ਼ਰ ਕਰ ਰਹੇ ਸਨ।
ਇਸ ਦੇ ਨਾਲ ਹੀ ਸੀ.ਐਮ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰਕੇ ਚਕਰਾਤਾ ਦੇ ਬੁਲਹਾਡ-ਬਾਇਲਾ ਰੋਡ 'ਤੇ ਹੋਏ ਇਸ ਸੜਕ ਹਾਦਸੇ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਲਿਖਿਆ ਹੈ ਕਿ ਪ੍ਰਮਾਤਮਾ ਮ੍ਰਿਤਕ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰਕ ਮੈਂਬਰਾਂ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ੇ।
ਐਸ.ਡੀ.ਆਰ.ਐਫ ਬਚਾਅ ਦਲ ਦੇ ਐਚਸੀ ਯੋਗੇਂਦਰ ਭੰਡਾਰੀ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ 13 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ ਅਤੇ 02 ਲੋਕ ਜ਼ਖਮੀ ਸਨ। ਬਚਾਅ ਟੀਮ ਨੇ ਬਾਡੀ ਬੈਗ ਰਾਹੀਂ 13 ਲਾਸ਼ਾਂ ਨੂੰ ਮੁੱਖ ਮਾਰਗ 'ਤੇ ਪਹੁੰਚਾਇਆ ਹੈ। ਨਾਲ ਹੀ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਵਿਕਾਸਨਗਰ ਦੇ ਐਸ.ਓ ਪ੍ਰਦੀਪ ਬਿਸ਼ਟ ਨੇ ਈ.ਟੀ.ਵੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਹਾਦਸਾ ਤੁਨੀ ਰੋਡ 'ਤੇ ਵਾਪਰਿਆ। ਵਿਕਾਸਨਗਰ ਤੋਂ ਘਟਨਾ ਸਥਾਨ ਦੀ ਦੂਰੀ ਕਰੀਬ 55 ਕਿਲੋਮੀਟਰ ਹੈ। ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ।