ਸੇਨ ਫ੍ਰਾਂਸਿਸਕੋ: ਗੂਗਲ ਦੀ ਮਲਕੀਅਤ ਵਾਲੇ YouTube ਨੇ ਆਪਣੇ ਪਲੇਟਫਾਰਮ ਤੋਂ ਮਸ਼ਹੂਰ ਸਿਤਾਰਿਆਂ ਦੇ 1,000 ਤੋਂ ਜ਼ਿਆਦਾ ਡੀਪਫੇਕ ਸਕੈਮ ਵੀਡੀਓਜ਼ ਅਤੇ ਵਿਗਿਆਪਨ ਹਟਾ ਦਿੱਤੇ ਹਨ। YouTube ਨੇ ਕਿਹਾ ਕਿ ਉਹ AI ਸੇਲਿਬ੍ਰਿਟੀ ਸਕੈਮ ਵਿਗਿਆਪਨਾਂ ਨੂੰ ਰੋਕਣ ਲਈ ਭਾਰੀ ਨਿਵੇਸ਼ ਕਰ ਰਹੇ ਹਨ। ਮੀਡੀਆ ਦੁਆਰਾ ਇਸ ਤਰ੍ਹਾਂ ਦੇ ਫਰਜ਼ੀ ਵਿਗਿਆਪਨਾਂ ਦੀ ਜਾਂਚ ਕਰਨ ਤੋਂ ਬਾਅਦ ਸੇਲਿਬ੍ਰਿਟੀ ਵਿਗਿਆਪਨਾਂ ਤੋਂ ਇਲਾਵਾ, YouTube ਨੇ ਇੱਕ ਵਿਗਿਆਪਨ ਗਰੁੱਪ ਨਾਲ ਜੁੜੇ 1,000 ਤੋਂ ਜ਼ਿਆਦਾ ਵੀਡੀਓਜ਼ ਹਟਾਏ ਹਨ।
ਫੇਕ ਵੀਡੀਓਜ਼ ਨੂੰ 200 ਮਿਲੀਅਨ ਵਾਰ ਦੇਖਿਆ ਗਿਆ: ਟੇਲਰ ਸਵਿਫਟ, ਸਟੀਵ ਹਾਰਵੇ ਅਤੇ ਜੋ ਰੋਗਨ ਵਰਗੇ ਮਸ਼ਹੂਰ ਸਿਤਾਰਿਆਂ ਦੇ ਡੀਪਫੇਕ ਵੀਡੀਓਜ਼ ਬਣਾਉਣ ਲਈ AI ਦਾ ਇਸਤੇਮਾਲ ਕੀਤਾ ਗਿਆ ਸੀ। ਅਜਿਹੇ ਵੀਡੀਓਜ਼ ਨੂੰ ਲਗਭਗ 200 ਮਿਲੀਅਨ ਵਾਰ ਦੇਖਿਆ ਗਿਆ ਸੀ, ਜਿਸ ਬਾਰੇ ਉਪਭੋਗਤਾਵਾਂ ਅਤੇ ਮਸ਼ਹੂਰ ਹਸਤੀਆਂ ਦੋਵਾਂ ਨੇ ਸ਼ਿਕਾਇਤ ਕੀਤੀ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ YouTube ਨੂੰ ਇਸ ਗੱਲ੍ਹ ਦੀ ਜਾਣਕਾਰੀ ਹੈ ਕਿ ਉਨ੍ਹਾਂ ਦੇ ਪਲੇਟਫਾਰਮ ਦਾ ਇਸਤੇਮਾਲ ਮਸ਼ਹੂਰ ਸਿਤਾਰਿਆਂ ਦੇ AI ਤੋਂ ਬਣਾਏ ਗਏ ਡੀਪਫੇਕ ਵਿਗਿਆਪਨਾਂ ਦੇ ਲਈ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਤਰ੍ਹਾਂ ਦੇ ਸੇਲਿਬ੍ਰਿਟੀ ਡੀਪਫੇਕ ਨੂੰ ਰੋਕਣ ਲਈ ਮਿਹਨਤ ਕਰ ਰਹੇ ਹਨ।
YouTube ਦੀ ਕਾਰਵਾਈ: YouTube ਦੀ ਇਹ ਕਾਰਵਾਈ ਟੇਲਰ ਸਵਿਫਟ ਦੀ ਗੈਰ-ਸਹਿਮਤੀ ਵਾਲੇ ਡੀਪਫੇਕ ਪੋਰਨ ਵੀਡੀਓ ਦੇ ਵਾਈਰਲ ਹੋਣ ਤੋਂ ਬਾਅਦ ਹੋਈ ਹੈ, ਜਿਸ 'ਚ ਇੱਕ ਪੋਸਟ ਨੂੰ ਹਟਾਏ ਜਾਣ ਤੋਂ ਪਹਿਲਾ 45 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਅਤੇ 24,000 ਵਾਰ ਰੀਪੋਸਟ ਕੀਤਾ ਗਿਆ ਹੈ। ਇਹ ਪੋਸਟ ਹਟਾਏ ਜਾਣ ਤੋਂ ਪਹਿਲਾ ਲਗਭਗ 17 ਘੰਟੇ ਤੱਕ ਪਲੇਟਫਾਰਮ 'ਤੇ ਲਾਈਵ ਸੀ। ਮੀਡੀਆ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਇਹ ਫੋਟੋਆਂ ਟੈਲੀਗ੍ਰਾਮ 'ਤੇ ਇੱਕ ਗਰੁੱਪ ਤੋਂ ਆਈਆਂ ਹਨ, ਜਿੱਥੇ ਯੂਜ਼ਰਸ ਔਰਤਾਂ ਦੀਆਂ AI ਦੁਆਰਾ ਤਿਆਰ ਕੀਤੀਆਂ ਤਸਵੀਰਾਂ ਸ਼ੇਅਰ ਕਰਦੇ ਹਨ। ਗਰੁੱਪ ਦੇ ਯੂਜ਼ਰਸ ਨੇ ਕਥਿਤ ਤੌਰ 'ਤੇ ਇਸ ਗੱਲ ਦਾ ਮਜ਼ਾਕ ਵੀ ਉਡਾਇਆ ਹੈ ਕਿ ਕਿਵੇਂ ਸਵਿਫਟ ਦੀਆਂ ਫੋਟੋਆਂ ਐਕਸ 'ਤੇ ਵਾਇਰਲ ਹੋ ਗਈਆ ਹਨ। ਸਾਈਬਰ ਸੁਰੱਖਿਆ ਫਰਮ ਡੀਪਟਰੇਸ ਦੀ ਨਵੀਨਤਮ ਖੋਜ ਅਨੁਸਾਰ, ਲਗਭਗ 96 ਫੀਸਦੀ ਡੀਪਫੇਕ ਅਸ਼ਲੀਲ ਹੁੰਦੇ ਹਨ ਅਤੇ ਉਹ ਲਗਭਗ ਹਮੇਸ਼ਾ ਔਰਤਾਂ ਦੇ ਹੁੰਦੇ ਹਨ।