ਲੁਧਿਆਣਾ: ਭਾਰਤੀ ਜਨਤਾ ਪਾਰਟੀ ਨੇ ਪੰਜਾਬ ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਹੈ। ਭਾਜਪਾ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਭੇਜ ਰਹੀ ਹੈ। ਇਸ ਲਈ ਬਿੱਟੂ ਨੇ ਅੱਜ ਰਾਜਸਥਾਨ ਵਿੱਚ ਭਾਜਪਾ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਵੀ ਦਾਖਲ ਕੀਤੀ ਹੈ।
ਰਵਨੀਤ ਬਿੱਟੂ ਤੇ ਪਰਿਵਾਰ : ਰਵਨੀਤ ਬਿੱਟੂ ਦਾ ਜਨਮ 10 ਸਤੰਬਰ 1975 ਦੇ ਵਿੱਚ ਹੋਇਆ। ਰਵਨੀਤ ਬਿੱਟੂ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਹਨ। ਰਵਨੀਤ ਬਿੱਟੂ ਦੇ ਪਿਤਾ ਸਵਰਨਜੀਤ ਸਿੰਘ ਅਤੇ ਮਾਤਾ ਜਸਵੀਰ ਕੌਰ ਹੈ, ਉਨ੍ਹਾਂ ਦਾ ਜਨਮ ਥਾਂ ਪਿੰਡ ਕੋਟਲੀ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਰਵਨੀਤ ਬਿੱਟੂ ਦੇ ਭਰਾ ਗੁਰਕੀਰਤ ਸਿੰਘ ਅਤੇ ਭੈਣ ਅਪਨਦੀਪ ਕੌਰ ਹੈ।
ਬਿੱਟੂ ਦਾ ਸਿਆਸੀ ਸਫ਼ਰ: 23 ਦਸੰਬਰ ਸਾਲ 2008 ਦੇ ਵਿੱਚ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਦੀ ਯੂਥ ਕਾਂਗਰਸ ਮੁਹਿੰਮ ਨੂੰ ਅੱਗੇ ਪਹੁੰਚਾਇਆ ਸੀ। ਰਵਨੀਤ ਬਿੱਟੂ ਅਨੰਦਪੁਰ ਸਾਹਿਬ ਤੋਂ ਸਾਲ 2009 ਤੋਂ ਲੈ ਕੇ 2014 ਤੱਕ ਮੈਂਬਰ ਪਾਰਲੀਮੈਂਟ ਰਹੇ। 2014 ਦੇ ਵਿੱਚ ਰਵਨੀਤ ਬਿੱਟੂ ਲੁਧਿਆਣਾ ਕਾਂਗਰਸ ਦੀ ਟਿਕਟ ਤੋਂ ਐਮਪੀ ਦੀ ਚੋਣ ਲੜੇ ਅਤੇ ਜਿੱਤ ਹਾਸਿਲ ਕੀਤੀ। ਰਵਨੀਤ ਬਿੱਟੂ ਨੂੰ ਗਾਂਧੀ ਪਰਿਵਾਰ ਦੇ ਬੇਹਦ ਨੇੜੇ ਦੱਸਿਆ ਜਾਂਦਾ ਸੀ। ਰਵਨੀਤ ਬਿੱਟੂ ਲੰਮਾਂ ਸਮਾਂ ਯੂਥ ਕਾਂਗਰਸ ਵਿੱਚ ਵੀ ਐਕਟਿਵ ਆਗੂ ਰਹੇ ਹਨ।
ਸਾਲ 2009 ਵਿੱਚ ਅਨੰਦਪੁਰ ਸਾਹਿਬ ਤੋਂ ਰਵਨੀਤ ਬਿੱਟੂ ਨੇ ਚੰਦੂ ਮਾਜਰਾ ਨੂੰ ਹਰਾ ਕੇ ਸੀਟ 'ਤੇ ਕਬਜ਼ਾ ਕੀਤਾ ਰਿਹਾ ਸੀ। ਸਾਲ 2014 ਦੇ ਵਿੱਚ ਲੁਧਿਆਣਾ ਤੋਂ ਮਨਪ੍ਰੀਤ ਇਆਲੀ ਨੂੰ ਹਰਾਇਆ ਅਤੇ ਫਿਰ ਸਵਾਲ 2019 ਵਿੱਚ ਸਿਮਰਨਜੀਤ ਸਿੰਘ ਬੈਂਸ ਅਤੇ ਮਹੇਸ਼ਇੰਦਰ ਗਰੇਵਾਲ ਨੂੰ ਮਾਤ ਦੇ ਕੇ ਰਵਨੀਤ ਬਿੱਟੂ ਲੋਕ ਸਭਾ ਪਹੁੰਚੇ। ਸਾਲ 2019 ਦੇ ਵਿੱਚ ਵੀ ਰਵਨੀਤ ਬਿੱਟੂ ਲੁਧਿਆਣਾ ਤੋਂ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣੇ ਸਨ।
ਕਾਂਗਰਸ ਛੱਡ ਕੇ ਭਾਜਪਾ 'ਚ ਸ਼ਮੂਲੀਅਤ: ਲੋਕ ਸਭਾ ਚੋਣਾਂ 2024 ਤੋਂ ਠੀਕ ਪਹਿਲਾਂ ਰਵਾਇਤੀ ਕਾਂਗਰਸ ਪਾਰਟੀ ਦੇ ਪੁਰਾਣੇ ਚਿਹਰੇ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਕਮਲ ਯਾਨੀ ਭਾਜਪਾ ਦਾ ਪੱਲਾ ਫੜ੍ਹਿਆ। ਇਸ ਤੋਂ ਬਾਅਦ ਭਾਜਪਾ ਨੇ ਬਿੱਟੂ ਨੇ ਲੁਧਿਆਣਾ ਤੋਂ ਆਪਣਾ ਉਮੀਦਵਾਰ ਐਲਾਨਿਆ ਸੀ। ਹਾਲਾਂਕਿ, ਲੋਕ ਸਭਾ ਚੋਣਾਂ ਦੌਰਾਨ ਬਿੱਟੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ 20 ਹਜ਼ਾਰ, 942 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਵਿਰਾਸਤ ਵਿੱਚ ਮਿਲੀ ਸਿਆਸਤ: ਕੇਂਦਰੀ ਰਾਜ ਮੰਤਰੀ ਤੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੇ ਦਾਦਾ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ, ਉਨ੍ਹਾ ਨੂੰ ਪੰਜਾਬ ਵਿੱਚ ਅੱਤਵਾਦ ਦੇ ਖਾਤਮੇ ਲਈ ਅਹਿਮ ਭੁਮਿਕਾ ਨਿਭਾਉਣ ਵਾਲਾ ਮੰਨਿਆ ਜਾਂਦਾ ਹੈ। ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹੇ ਰਵਨੀਤ ਬਿੱਟੂ ਨੇ ਇਕ ਵੀ ਚੋਣ ਨਹੀਂ ਹਾਰੀ ਸੀ। ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਫਿਰ ਲੁਧਿਆਣਾ ਤੋਂ ਲਗਾਤਾਰ 2 ਵਾਰ ਬਿੱਟੂ ਜੇਤੂ ਰਹੇ। ਮਾਰਚ 2021 ਤੋਂ ਲੈਕੇ ਜੁਲਾਈ 2021 ਤੱਕ ਰਵਨੀਤ ਬਿੱਟੂ ਲੋਕ ਸਭਾ ਵਿੱਚ ਕਾਂਗਰਸ ਦੇ ਮੁੱਖ ਵਿਰੋਧੀ ਆਗੂ ਵਜੋਂ ਵੀ ਭੂਮਿਕਾ ਨਿਭਾਉਂਦੇ ਰਹੇ ਸਨ।
ਲੁਧਿਆਣਾ ਤੋਂ ਲੋਕ ਸਭਾ ਸੀਟ ਹਾਰਨ ਦੇ ਬਾਵਜੂਦ ਰਵਨੀਤ ਬਿੱਟੂ ਨੂੰ ਕੇਂਦਰ ਸਰਕਾਰ ਵਿੱਚ ਪਹਿਲਾਂ ਕੈਬਨਿਟ ਦੇ ਅੰਦਰ ਸ਼ਾਮਿਲ ਕੀਤਾ ਗਿਆ ਅਤੇ ਰਵਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਅਤੇ ਹੁਣ ਉਨ੍ਹਾਂ ਨੂੰ ਰਾਜ ਸਭਾ ਸੀਟ ਲੜਾਈ ਜਾ ਰਹੀ ਹੈ।
ਕਿੰਨੀ ਵਧੀ ਰਵਨੀਤ ਬਿੱਟੂ ਦੀ ਜਾਇਦਾਦ: ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਰਵਨੀਤ ਬਿੱਟੂ ਵੱਲੋਂ ਮੌਜੂਦਾ ਸਮੇਂ ਵਿੱਚ ਜੋ ਵੇਰਵਾ ਦਿੱਤਾ ਗਿਆ ਸੀ, ਉਸ ਵਿੱਚ ਕੁੱਲ ਆਮਦਨ 10 ਲੱਖ, 3 ਹਜ਼ਾਰ, 620 ਰੁਪਏ ਲਿਖੀ ਗਈ, ਜਦਕਿ ਸਾਲ 2019 ਦੇ ਵਿੱਚ ਇਹ ਆਮਦਨ ਉਨ੍ਹਾਂ ਵੱਲੋਂ 6 ਲੱਖ 8 ਹਜ਼ਾਰ 562 ਰੁਪਏ ਭਰੀ ਗਈ ਸੀ। ਇਸੇ ਤਰ੍ਹਾਂ ਜੇਕਰ ਉਨ੍ਹਾਂ ਦੀਆਂ ਗੱਡੀਆਂ ਦਾ ਵੇਰਵਾ ਵੇਖਿਆ ਜਾਵੇ ਤਾਂ ਸਾਲ 2019 ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਖੁਦ ਦੀ ਚੱਲ ਜਾਇਦਾਦ 16 ਲੱਖ, 20 ਹਜ਼ਾਰ, 596 ਜਦਕਿ ਉਹਨਾਂ ਦੇ ਨਿਰਭਰ ਸੰਪਤੀ ਦੀ 2 ਲੱਖ 62, ਹਜ਼ਾਰ 175 ਰੁਪਏ ਦੱਸੀ ਗਈ ਸੀ।
ਸਾਲ 2024 ਦੇ ਵਿੱਚ ਉਨ੍ਹਾਂ ਨੇ ਆਪਣੇ ਚੱਲ ਜਾਇਦਾਦ ਦਾ ਵੇਰਵਾ ਦਿੰਦਿਆ ਦੱਸਿਆ ਹੈ ਕਿ ਉਨ੍ਹਾਂ ਕੋਲ 44 ਲੱਖ 40 ਹਜ਼ਾਰ 178 ਰੁਪਏ, ਉਨ੍ਹਾਂ ਦੀ ਪਤਨੀ ਕੋਲ 34 ਲੱਖ 75 ਹਜ਼ਾਰ 767 ਰੁਪਏ, ਜਦਕਿ ਡਿਪੈਂਡੈਂਟ ਦੇ ਕੋਲ 6,92,979 ਰੁਪਏ ਦੀ ਚੱਲ ਜਾਇਦਾਦ ਹੈ। ਇਸ ਤੋਂ ਇਲਾਵਾ ਉਹਨਾਂ ਨੇ ਮੋਹਾਲੀ ਦੇ ਵਿੱਚ ਆਪਣੀ ਇੱਕ 500 ਗਜ਼ ਦੀ ਕੋਠੀ ਦਾ ਵੀ ਜ਼ਿਕਰ ਕੀਤਾ ਸੀ। ਇਸ ਤੋਂ ਜ਼ਹਿਰ ਹੈ ਕਿ ਰਵਨੀਤ ਬਿੱਟੂ ਨੇ ਸਾਲ 2019 ਤੋਂ ਬਾਅਦ ਆਪਣੀਆਂ ਕਾਰਾਂ ਦੇ ਵਿੱਚ ਵੱਡੀ ਤਬਦੀਲੀ ਕਰਕੇ ਕਾਫੀ ਮਹਿੰਗੀਆਂ ਕਾਰਾਂ ਖਰੀਦੀਆਂ ਹਨ। ਸਿਰਫ ਉਹਨਾਂ ਨੇ ਹੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰ ਵੱਲੋਂ ਵੀ ਇਹ ਕਾਰਾਂ ਖ਼ਰੀਦੀਆਂ ਗਈਆਂ ਹਨ।
ਪੰਜਾਬ ਵਿੱਚ 2028 ਤੋਂ ਪਹਿਲਾਂ ਕੋਈ ਸੀਟ ਖਾਲੀ ਨਹੀਂ : ਪੰਜਾਬ ਨੂੰ ਛੱਡ ਕੇ 9 ਰਾਜਾਂ ਦੀਆਂ 12 ਸੀਟਾਂ ਲਈ ਰਾਜ ਸਭਾ ਚੋਣਾਂ ਹੋ ਰਹੀਆਂ ਹਨ। ਪੰਜਾਬ ਦੀ ਗੱਲ ਕਰੀਏ ਤਾਂ 2028 ਤੋਂ ਪਹਿਲਾਂ ਇੱਥੇ 7 ਸੀਟਾਂ ਵਿੱਚੋਂ ਕੋਈ ਵੀ ਖਾਲੀ ਨਹੀਂ ਹੋਵੇਗੀ। ਅਜਿਹੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਹਰਿਆਣਾ ਜਾਂ ਰਾਜਸਥਾਨ ਦੀ ਸੀਟ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਜਦਕਿ, ਰਾਜਸਥਾਨ ਤੋਂ ਭਾਜਪਾ ਦੇ ਸਾਬਕਾ ਪ੍ਰਧਾਨ ਸਤੀਸ਼ ਪੂਨੀਆ ਅਤੇ ਅਰੁਣ ਚਤੁਰਵੇਦੀ, ਸਾਬਕਾ ਵਿਰੋਧੀ ਧਿਰ ਦੇ ਨੇਤਾ ਰਾਜੇਂਦਰ ਰਾਠੌਰ, ਭਾਜਪਾ ਦੀ ਰਾਸ਼ਟਰੀ ਜਨਰਲ ਸਕੱਤਰ ਅਲਕਾ ਗੁਰਜਰ ਅਤੇ ਸਾਬਕਾ ਸੰਸਦ ਮੈਂਬਰ ਸੀਆਰ ਚੌਧਰੀ ਦੇ ਨਾਂਅ ਵੀ ਸ਼ਾਮਲ ਹਨ।