ਲੁਧਿਆਣਾ: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੈਕਟਰ 32, ਚੰਡੀਗੜ੍ਹ ਰੋਡ, ਲੁਧਿਆਣਾ ਸਥਿਤ ਪਟਵਾਰਖਾਨੇ ਵਿਖੇ ਤਾਇਨਾਤ ਮਾਲ ਪਟਵਾਰੀ ਸੁਖਵਿੰਦਰ ਸਿੰਘ ਸੋਢੀ ਅਤੇ ਉਸ ਦੇ ਕਰਿੰਦੇ ਅਮਨਦੀਪ ਸਿੰਘ ਉਰਫ਼ ਦੀਪ ਵਾਸੀ ਪਿੰਡ ਢੇਰੀ, ਨੇੜੇ ਮੇਹਰਬਾਨ, ਜ਼ਿਲ੍ਹਾ ਲੁਧਿਆਣਾ ਨੂੰ 3,500 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
3500 ਰੁਪਏ ਰਿਸ਼ਵਤ ਦੀ ਮੰਗ: ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮਾਲ ਪਟਵਾਰੀ ਅਤੇ ਉਸ ਦੇ ਕਰਿੰਦੇ ਨੂੰ ਤੇਲੂ ਰਾਮ ਵਾਸੀ ਚੰਦਰ ਨਗਰ, ਲੁਧਿਆਣਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਬੈਂਕ ਤੋਂ ਕਰਜ਼ਾ ਲੈਣ ਲਈ ਉਸ ਦੇ ਪਲਾਟ ਦਾ 30 ਸਾਲਾਂ ਦਾ ਜਮ੍ਹਾਂਬੰਦੀ ਰਿਕਾਰਡ ਜਾਰੀ ਕਰਨ ਬਦਲੇ ਉਕਤ ਪਟਵਾਰੀ ਅਤੇ ਉਸ ਦਾ ਕਰਿੰਦੇ ਨੇ ਉਸ ਕੋਲੋਂ 3500 ਰੁਪਏ ਰਿਸ਼ਵਤ ਦੀ ਮੰਗ ਕੀਤੀ।
ਰਿਕਾਰਡਿੰਗ ਸਬੂਤ: ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਮੁਲਾਕਾਤ ਸਮੇਂ, ਪਟਵਾਰੀ ਨੇ ਇਸ ਸਬੰਧੀ ਉਸ ਨੂੰ ਆਪਣੇ ਕਰਿੰਦੇ ਅਮਨਦੀਪ ਸਿੰਘ ਉਰਫ ਦੀਪ ਨੂੰ ਮਿਲਣ ਲਈ ਕਿਹਾ, ਜਿਸ ਨੇ ਸ਼ਿਕਾਇਤਕਰਤਾ ਕੋਲੋਂ ਰਿਸ਼ਵਤ ਵਜੋਂ 3500 ਰੁਪਏ ਦੀ ਮੰਗ ਕੀਤੀ। ਜਿਸ ਵਿੱਚੋਂ ਪਟਵਾਰੀ ਦੇ ਕਰਿੰਦੇ ਨੇ 500 ਰੁਪਏ ਆਪਣੇ ਲਈ ਲੈਣ ਅਤੇ ਬਾਕੀ 3000 ਰੁਪਏ ਪਟਵਾਰੀ ਨੂੰ ਦੇਣ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਉਕਤ ਗੱਲਬਾਤ ਦੀ ਰਿਕਾਰਡਿੰਗ ਕਰਕੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।
- ਨਾਭਾ ਦੇ ਸਰਕਾਰੀ ਕਾਲਜ 'ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ, ਪੁਲਿਸ ਨੇ ਫੜੇ ਦੋ ਮੁਲਜ਼ਮ - Gang rape of a girl in college
- ਇਸ ਪਿੰਡ ਵਿੱਚ ਲੱਗੇ ਮੇਲੇ 'ਚ ਸ਼ਰਧਾਲੂ ਸ਼ਰਾਬ ਚੜ੍ਹਾ ਕੇ ਲਾਹੁੰਦੇ ਸੁੱਖਣਾ, ਜਾਣੋ ਕੀ ਹੈ ਮਿੱਥ - Liquor Offer In Mela
- ਪੁਲਿਸ ਮੁਲਾਜ਼ਮ ਰਾਜਵੀਰ ਸਿੰਘ ਨੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਕਿਉਂ ਕਿਹਾ- ਸ਼ਰਮ ਛੱਡੇ ਨੌਜਵਾਨ, ਤਾਂ ਰੁਜ਼ਗਾਰ ਹੀ ਰੁਜ਼ਗਾਰ - Goat Rearing Business
ਜਾਲ ਵਿਛਾ ਕੇ ਮੁਲਜ਼ਮ ਕਾਬੂ: ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਕਥਿਤ ਮੁਲਜ਼ਮ ਅਮਨਦੀਪ ਸਿੰਘ ਉਰਫ਼ ਦੀਪ ਨੂੰ ਉਕਤ ਪਟਵਾਰਖਾਨੇ ਦੀ ਪਾਰਕਿੰਗ ਤੋਂ ਸ਼ਿਕਾਇਤਕਰਤਾ ਕੋਲੋਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 3500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਦੇ ਨਾਲ ਹੀ ਪਟਵਾਰੀ ਸੁਖਵਿੰਦਰ ਸਿੰਘ ਸੋਢੀ ਨੂੰ ਵੀ ਉਸ ਦੇ ਦਫਤਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।