ਰੋਪੜ: ਇਤਿਹਾਸਿਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਅੱਜ ਦੂਜੇ ਪੜਾਅ ਤਹਿਤ ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ ਹੋਈ ਹੈ। ਇਸ ਸ਼ਹੀਦੀ ਜੋੜ ਮੇਲ ਤਹਿਤ ਵੱਡੇ ਪੱਧਰ ਉੱਤੇ ਸੰਗਤਾਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ ਅਤੇ ਸਿੱਖ ਇਤਿਹਾਸ ਵਿੱਚ ਲਸਾਨੀ ਸ਼ਹਾਦਤਾਂ ਨੂੰ ਨਮਨ ਕਰ ਰਹੀਆਂ ਹਨ। ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ 13 ਦਸੰਬਰ ਨੂੰ ਸਰਸਾ ਨਦੀ ਦੇ ਕਿਨਾਰੇ ਸਥਾਪਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਹੋਈ ਸੀ, ਜਿੱਥੇ ਤਿੰਨ ਦਿਨ ਸ਼ਹੀਦੀ ਜੋੜ ਮੇਲ ਦੇ ਮੌਕੇ ਸੰਗਤਾਂ ਵੱਲੋਂ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ।
ਨਗਰ ਕੀਰਤਨ ਦੀ ਸ਼ੁਰੂਆਤ
ਇਸ ਤੋਂ ਬਾਅਦ ਦੂਸਰੇ ਪੜਾਅ ਤਹਿਤ ਅੱਜ ਰੋਪੜ ਸ਼ਹਿਰ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਤਿੰਨ ਦਿਨਾਂ ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ ਹੋਈ ਹੈ। ਇਸ ਮੌਕੇ ਇੱਕ ਨਗਰ ਕੀਰਤਨ ਜੋ ਕਿ ਇਤਿਹਾਸਿਕ ਗੁਰਦੁਆਰਾ ਸਦਾਬਰਤ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਪਹੁੰਚਿਆ ਹੈ। ਨਗਰ ਕੀਰਤਨ ਵਿੱਚ ਮੌਜੂਦ ਸੰਗਤਾਂ ਵੱਲੋਂ ਸਤਿਨਾਮ ਵਾਹਿਗੁਰੂ ਅਤੇ ਬਾਣੀ ਦਾ ਜਾਪ ਕੀਤਾ ਗਿਆ। ਪੰਜ ਸਿੰਘ ਸਾਹਿਬਾਨ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਹੈ, ਇਸ ਦੌਰਾਨ ਖਾਲਸਾਈ ਖੇਡ ਗਤਕਾ ਦੇ ਜੌਹਰ ਨੌਜਵਾਨਾਂ ਵੱਲੋਂ ਦਿਖਾਏ ਗਏ ।
ਪਰਿਵਾਰ ਵਿੱਛੜ ਗਿਆ
ਜ਼ਿਕਰਯੋਗ ਹੈ ਕਿ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਨਗਰੀ ਨੂੰ ਵਸਾਇਆ ਸੀ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਸ ਸਥਾਨ ਦੀ ਦੇਖਭਾਲ ਕੀਤੀ। ਉਹਨਾਂ ਵੱਲੋਂ ਇੱਥੇ ਵੱਖ-ਵੱਖ ਕਿਲੇ ਵੀ ਬਣਾਏ ਗਏ ਸਨ ਅਤੇ ਮੁਗਲ ਫੌਜ ਨਾਲ ਸਮੇਂ-ਸਮੇਂ ਉੱਤੇ ਟਕਰਾ ਵੀ ਹੋਇਆ। ਇੱਕ ਸਮੇਂ ਦੌਰਾਨ ਜਦੋਂ ਮੁਗਲ ਫੌਜ ਵੱਲੋਂ ਲੰਮੇ ਸਮੇਂ ਤੋਂ ਕਿਲੇ ਨੂੰ ਘੇਰਾ ਪਾਇਆ ਗਿਆ ਸੀ ਤਾਂ ਉਸ ਸਮੇਂ ਪਹਾੜੀ ਰਾਜੇ ਕੀਤੇ ਹੋਏ ਵਾਅਦੇ ਤੋਂ ਮੁੱਕਰ ਗਏ ਸਨ। ਇਸ ਤੋਂ ਬਾਅਦ ਗੁਰੂ ਸਾਹਿਬ ਨੂੰ ਕਿਲਾ ਛੱਡਣਾ ਪਿਆ ਸੀ। ਗੁਰੂ ਸਾਹਿਬ ਜਦੋਂ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੇ ਨਾਲ ਸਰਸਾ ਨਦੀ ਦੇ ਕਿਨਾਰੇ ਪਹੁੰਚੇ ਤਾਂ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਗੁਰੂ ਸਾਹਿਬ ਦਾ ਪਰਿਵਾਰ ਵਿੱਛੜ ਗਿਆ।
ਚਮਕੌਰ ਦੀ ਗੜ੍ਹੀ ਦੇ ਵਿੱਚ 10 ਲੱਖ ਦੀ ਫੌਜ ਦੇ ਨਾਲ 40 ਸਿੰਘਾਂ ਨੇ ਇਤਿਹਾਸ ਦੀ ਸਭ ਤੋਂ ਖਤਰਨਾਕ ਲੜਾਈ ਲੜੀ ਅਤੇ ਛੋਟੀ ਉਮਰ ਦੇ ਵਿੱਚ ਸਿੰਘਾਂ ਦੇ ਨਾਲ ਸ਼ਹਾਦਤ ਨੂੰ ਆਪਣੇ ਮੱਥੇ ਲਾਇਆ। ਚਮਕੌਰ ਦੀ ਗੜੀ ਦੀ ਲੜਾਈ ਤੀਸਰਾ ਪੜਾ ਮੰਨਿਆ ਜਾਂਦਾ ਹੈ ਅਤੇ ਹੁਣ ਦੂਸਰੇ ਪੜਾ ਦੌਰਾਨ ਅੱਜ ਸ਼ਹੀਦੀ ਜੋੜ ਮੇਲ ਰੋਪੜ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਤਿੰਨ ਦਿਨ ਦੇ ਲਈ ਧਾਰਮਿਕ ਦੀਵਾਨ ਸਜਾਏ ਜਾਣਗੇ।