ਪਠਾਨਕੋਟ: ਪਿਛਲੇ ਦਿਨੀਂ ਟੀਚਰ ਕਲੋਨੀ, ਭਦਰੋਆ 'ਚ ਬਜ਼ੁਰਗ ਔਰਤ ਨੀਲਮ ਸ਼ਰਮਾ (62) ਦੇ ਘਰ 'ਚ ਦਾਖਲ ਹੋ ਕੇ ਉਸ ਦਾ ਕਤਲ ਦੀ ਗੁੱਥੀ ਪੁਲਿਸ ਨੇ 48 ਘੰਟਿਆਂ 'ਚ ਸੁਲਝਾ ਦਿੱਤੀ ਹੈ ਜਿਸ ਵਿਚ ਕਤਲ ਕਰਨ ਵਾਲਾ ਵਿਅਕਤੀ ਮ੍ਰਿਤਕਾ ਦੇ ਦਿਉਰ ਦਾ ਲੜਕਾ ਨਿਕਲਿਆ ਜੋ ਆਪਣੇ ਸਾਥੀ ਸਮੇਤ ਘਰ 'ਚ ਦਾਖਲ ਹੋਇਆ ਅਤੇ ਲੁੱਟ ਅਤੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ। ਬਜ਼ੁਰਗ ਔਰਤ ਨੀਲਮ ਵੱਲੋਂ ਪਛਾਣ ਲੈਣ 'ਤੇ ਮ੍ਰਿਤਕਾ ਦੇ ਦਿਉਰ ਦੇ ਲੜਕੇ ਉਸ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਔਰਤ ਦੀ ਮੌਤ ਹੋ ਗਈ।
ਦੋ ਸੋਨੇ ਦੀਆਂ ਚੂੜੀਆਂ ਅਤੇ 2 ਟਾਪਸ ਕੀਤੇ ਬਰਾਮਦ: ਪੁਲਿਸ ਨੇ ਔਰਤ ਦੇ ਕਤਲ ਅਤੇ ਲੁੱਟ ਦੇ ਇਲਜ਼ਾਮਾਂ ਤਹਿਤ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਵਿਅਕਤੀਆਂ ਦੀ ਪਹਿਚਾਣ ਰਾਮਪ੍ਰਸਾਦ ਉਰਫ਼ ਰਾਮੂ ਵਾਸੀ ਟੀਚਰ ਕਲੋਨੀ ਭਦਰੋਆ ਅਤੇ ਉਸ ਦਾ ਸਾਥੀ ਨਾਨਕ ਦੇਵ ਉਰਫ਼ ਨਾਨਕੂ ਵਾਸੀ ਵਾਰਡ ਨੰਬਰ 2, ਅੰਦਰੂਨ ਡਮਟਾਲ ਵਜੋਂ ਹੋਈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ 4 ਲੱਖ 23 ਹਜ਼ਾਰ 500 ਰੁਪਏ, ਦੋ ਸੋਨੇ ਦੀਆਂ ਚੂੜੀਆਂ ਅਤੇ 2 ਟਾਪਸ ਵੀ ਬਰਾਮਦ ਕਰ ਲਏ ਹਨ।
ਮ੍ਰਿਤਕਾ ਔਰਤ ਦੇ ਦਿਉਰ ਦਾ ਲੜਕਾ ਹੀ ਨਿਕਲਿਆ ਕਾਤਲ: ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਦਿਲਜਿੰਦਰ ਸਿੰਘ ਅਤੇ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਮੁਲਜ਼ਮ ਰਾਮ ਪ੍ਰਸਾਦ ਉਰਫ਼ ਰਾਮੂ ਜੋ ਕਿ ਮ੍ਰਿਤਕਾ ਔਰਤ ਦੇ ਦਿਉਰ ਦਾ ਲੜਕਾ ਹੈ ਅਤੇ ਉਸ ਦਾ ਆਪਣਾ ਕੋਈ ਕਾਰੋਬਾਰ ਨਹੀਂ ਹੈ। ਰਾਮਪ੍ਰਸਾਦ ਨੂੰ ਪਤਾ ਸੀ ਕਿ ਮ੍ਰਿਤਕ ਨੀਲਮ ਸ਼ਰਮਾ ਨੇ ਆਪਣੀ ਜ਼ਮੀਨ ਵੇਚੀ ਹੈ ਅਤੇ ਉਹ ਪੈਸੇ ਘਰ ਹੀ ਪਏ ਹੋਣਗੇ। ਜਿਸ ਕਰਕੇ ਪੈਸਿਆਂ ਦੇ ਲਾਲਚ ਕਾਰਨ ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਮੂੰਹ ਢੱਕ ਕੇ ਛੱਤ ਰਾਹੀਂ ਔਰਤ ਦੇ ਘਰ ਅੰਦਰ ਹੋਇਆ ਦਾਖ਼ਲ: ਰਾਮਪ੍ਰਸਾਦ ਦੇ ਇਸ਼ਾਰੇ 'ਤੇ ਇਸ ਮਾਮਲੇ ਦੇ ਦੂਜੇ ਮੁਲਜ਼ਮ ਨਾਨਕ ਦੇਵ ਉਰਫ਼ ਨਾਨਕੂ ਨੇ ਕਤਲ ਤੋਂ ਇੱਕ ਦਿਨ ਪਹਿਲਾਂ 22 ਅਗਸਤ ਨੂੰ ਔਰਤ ਨੀਲਮ ਦੇ ਘਰ ਦੀ ਰੇਕੀ ਕੀਤੀ ਸੀ ਪਰ ਉਸ ਦਿਨ ਉਹ ਅਪਰਾਧ ਨੂੰ ਅੰਜਾਮ ਨਹੀਂ ਦੇ ਸਕਿਆ। ਫਿਰ ਦੋਨਾਂ ਨੇ ਅਗਲੇ ਦਿਨ 23 ਅਗਸਤ ਨੂੰ ਮੁੜ ਵਿਉਂਤਬੰਦੀ ਕੀਤੀ ਅਤੇ ਮੁਲਜ਼ਮ ਰਾਮਪ੍ਰਸਾਦ ਉਰਫ਼ ਰਾਮੂ ਮੂੰਹ ਢੱਕ ਕੇ ਛੱਤ ਰਾਹੀਂ ਔਰਤ ਦੇ ਘਰ ਅੰਦਰ ਦਾਖ਼ਲ ਹੋਇਆ ਅਤੇ ਨਾਨਕ ਦੇਵ ਉਰਫ਼ ਨਾਨਕੂ ਗੇਟ ਖੋਲ੍ਹ ਕੇ ਘਰ ਅੰਦਰ ਦਾਖ਼ਲ ਹੋ ਗਿਆ।
ਬਜ਼ੁਰਗ ਔਰਤ ਮੁਲਜ਼ਮਾਂ ਦਾ ਵਿਰੋਧ ਨਹੀਂ ਕਰ ਸਕੀ: ਜਦੋਂ ਦੋਨਾਂ ਨੂੰ ਦੇਖ ਕੇ ਮ੍ਰਿਤਕ ਔਰਤ ਨੀਲਮ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਮੁਲਜ਼ਮਾਂ ਨੇ ਨੀਲਮ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਬਜ਼ੁਰਗ ਹੋਣ ਕਾਰਨ ਮੁਲਜ਼ਮਾਂ ਦਾ ਜ਼ਿਆਦਾ ਵਿਰੋਧ ਨਹੀਂ ਕਰ ਸਕੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਐਸਐਸਪੀ ਅਤੇ ਡੀਐਸਪੀ ਦਾ ਕਹਿਣਾ ਹੈ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।