ਬਠਿੰਡਾ: ਤਿਉਹਾਰਾਂ ਦੇ ਮੱਦੇਨਜ਼ਰ ਜਿੱਥੇ ਬਠਿੰਡਾ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਬੀਤੀ ਦੇਰ ਰਾਤ ਵਾਪਰੀ ਘਟਨਾ ਨੇ ਪੰਜਾਬ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦੇਰ ਰਾਤ ਬਠਿੰਡਾ ਦੇ ਪੌਸ਼ ਇਲਾਕੇ ਭਾਰਤ ਨਗਰ ਵਿਚਲੇ ਚੌਂਕ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਰਾਸ਼ਟਰੀ ਝੰਡੇ ਨੂੰ ਦਰੱਖਤ ਨਾਲ ਬੰਨ੍ਹਿਆ ਗਿਆ ਅਤੇ ਫਿਰ ਕੋਈ ਜਲਣਸ਼ੀਲ ਪਦਾਰਥ ਛਿੜਕ ਕੇ ਅੱਗ ਲਗਾ ਦਿੱਤੀ ਗਈ।
ਰਾਹਗੀਰ ਨੇ ਘਟਨਾ ਸਬੰਧੀ ਕੀਤਾ ਸੂਚਿਤ
ਤਿਰੰਗੇ ਨੂੰ ਅੱਗ ਲਾਉਣ ਤੋਂ ਪਹਿਲਾਂ ਸਾਰੀ ਘਟਨਾ ਦੀ ਬਕਾਇਦਾ ਵੀਡੀਓ ਬਣਾਈ ਗਈ ਅਤੇ ਇਸ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਕੀਤਾ ਗਿਆ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਰਾਹਗੀਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ਉੱਤੇ ਥਾਣਾ ਕੈਂਟ ਅਤੇ ਡੀਐੱਸਪੀ ਸਿਟੀ ਟੂ ਸਰਬਜੀਤ ਸਿੰਘ ਬਰਾੜ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਅਤੇ ਸਨਮਾਨ ਸਾਹਿਤ ਰਾਸ਼ਟਰੀ ਝੰਡੇ ਨੂੰ ਉਤਾਰਿਆ ਗਿਆ।
ਗੰਭੀਰ ਧਰਾਵਾਂ ਤਹਿਤ ਪੁਲਿਸ ਨੇ ਮਾਮਲਾ ਕੀਤਾ ਦਰਜ
ਡੀਐਸਪੀ ਸਰਬਜੀਤ ਸਿੰਘ ਬਰਾੜ ਨੇ ਕਿਹਾ ਕਿ ਰਾਹਗੀਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਭਾਰਤ ਨਗਰ ਚੌਂਕ ਵਿੱਚ ਰਾਸ਼ਟਰੀ ਝੰਡੇ ਨੂੰ ਅੱਗ ਲਗਾਈ ਗਈ ਹੈ। ਉਨ੍ਹਾਂ ਆਖਿਆ ਕਿ ਤਿਰੰਗੇ ਝੰਡੇ ਉੱਤੇ ਪਹਿਲਾਂ ਸ਼ਰਾਰਤੀ ਅਨਸਰ ਨੇ ਜਲਣਸ਼ੀਲ ਪਦਾਰਥ ਛਿੜਕਿਆ ਅਤੇ ਬਾਅਦ ਵਿੱਚ ਦੇਸ਼ ਦੇ ਮਾਣ ਤਿਰੰਗੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦਾ ਪਤਾ ਚੱਲਦੇ ਹੀ ਉਹ ਮੌਕੇ ਉੱਤੇ ਪਹੁੰਚ ਗਏ ਸਨ। ਉਨ੍ਹਾਂ ਆਖਿਆ ਗੰਭੀਰ ਅਪਰਾਧ ਕਰਨ ਵਾਲੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਣਪਛਾਤੇ ਸ਼ਰਾਰਤੀ ਅਨਸਰਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਮੁਲਜ਼ਮ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।