ਮਾਨਸਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਸੰਬੰਧ ਵਿਚ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੇ ਦਿੱਤੇ ਗਏ ਸੱਦੇ ‘ਤੇ ਜਿਥੇ ਕਿਸਾਨ ਆਗੂਆਂ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੇ ਤਿਆਰੀਆਂ ਅਰੰਭੀਆਂ ਹੋਈਆਂ ਸਨ, ਉੱਥੇ ਹੀ ਹਰਿਆਣਾ ਦੀ ਸਰਕਾਰ ਨੇ ਕਿਸਾਨਾਂ ਦੇ ਕੂਚ ਕਰਨ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਰੋਕਣ ਲਈ ਪੰਜਾਬ ਹਰਿਆਣਾ ਬਾਰਡਰ ‘ਤੇ ਬੈਰੀਕੇਡ ਅਤੇ ਸੀਮਿੰਟ ਦੀਆਂ ਵੱਡੀਆਂ ਵੱਡੀਆਂ ਸਲੈਬਾਂ ਲਿਆ ਕੇ ਧਰ ਦਿੱਤੀਆਂ ਸਨ।
ਸੜਕਾਂ ਉੱਪਰ ਸੀਮਿੰਟ ਦਾ ਪ੍ਰੀਮਿਕਸ ਪਾ ਕੇ ਉਸ ਵਿੱਚ ਲੋਹੇ ਦੀਆਂ ਕਿੱਲਾਂ ਗੱਡ ਦਿੱਤੀਆਂ ਸਨ। ਹਾਲ ਹੀ ਵਿੱਚ 14 ਮਾਰਚ ਨੂੰ ਹੋਈ ਕਿਸਾਨ ਮਹਾਂ ਪੰਚਾਇਤ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਵੱਲੋਂ ਸੜਕਾਂ ਤੋਂ ਬੈਰੀਕੇਡ ਅਤੇ ਜੇ.ਸੀ.ਬੀ ਮਸ਼ੀਨਾਂ ਦੀ ਮਦਦ ਨਾਲ ਪੱਥਰ ਹਟਾ ਦਿੱਤੇ ਗਏ ਹਨ। ਦੇਰ ਰਾਤ ਸਰਦੂਲਗੜ੍ਹ ਤੋਂ ਸਰਸਾ ਜਾਣ ਵਾਲੇ ਰੋਡ ਤੋਂ ਸਾਰੀਆਂ ਰੁਕਾਵਟਾਂ ਹਟਾ ਦਿੱਤੀਆਂ ਗਈਆਂ ਹਨ। ਹਰਿਆਣਾ ਸਰਕਾਰ ਵੱਲੋਂ ਬਾਰਡਰ ਨੂੰ ਖੋਲ ਦਿੱਤਾ ਗਿਆ ਹੈ ਅਤੇ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਿਕਰਯੋਗ ਹੈ ਕਿ 13 ਫਰਵਰੀ ਨੂੰ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ, ਖਨੌਰੀ ਬਾਰਡਰ 'ਤੇ ਰੋਕ ਲਿਆ ਗਿਆ ਸੀ ਜਿਸ ਦੌਰਾਨ ਹਰਿਆਣਾ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਚਲਾਏ ਗਏ ਸੀ, ਜਿਸ ਦੌਰਾਨ ਕਈ ਕਿਸਾਨ ਜਖਮੀ ਹੋਏ ਅਤੇ ਇਸ ਦੌਰਾਨ ਬਹੁਤ ਸਾਰੇ ਕਿਸਾਨਾਂ ਦੀ ਮੌਤ ਵੀ ਹੋ ਗਈ ਸੀ। ਇਸ ਵਿੱਚ ਸ਼ੁਭਕਰਨ ਸਿੰਘ ਨਾਮ ਦਾ ਇੱਕ ਨੌਜਵਾਨ ਵੀ ਸ਼ਾਮਲ ਸੀ। ਜਿਸ ਦੀ ਮੌਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਇਨਸਾਫ ਦੀ ਮੰਗ ਕਰਦਿਆਂ ਕੈਂਡਲ ਮਾਰਚ ਵੀ ਕੱਢੇ ਅਤੇ ਰੇਲਾਂ ਰੋਕੀਆਂ ਗਈਆਂ। ਕਿਸਾਨਾਂ ਵੱਲੋਂ ਸੜਕੀ ਆਵਾਜਾਈ ਰੋਕ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤੇ ਗਏ।
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਾਰਚ ਨੂੰ ਦਿੱਲੀ ਦੇ ਵਿੱਚ ਰਾਮਰੀਲਾ ਮੈਦਾਨ 'ਚ ਕਿਸਾਨ ਮਹਾਂ ਪੰਚਾਇਤ ਕੀਤੀ ਗਈ ਸੀ। ਇਸ ਮਹਾਪੰਚਾਇਤ ਤੋਂ ਬਾਅਦ ਰਾਕੇਸ਼ ਟਿਕੈਤ ਵੱਲੋਂ ਇੱਕ ਬਿਆਨ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਪਿੰਡ ਜਾਣ ਦਾ ਫੈਸਲਾ ਕੀਤਾ ਸੀ ਅਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਪਿੰਡ ਜਾ ਕੇ ਲੋਕਾਂ ਵਿੱਚ ਚਰਚਾ ਕਰਨ ਕਿ ਸਰਕਾਰ ਕਿਸਾਨਾਂ ਲਈ ਕੀ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਕਿਵੇਂ ਪ੍ਰੇਸ਼ਾਨ ਕਰ ਰਹੀ ਹੈ। ਲੋਕਾਂ ਨੂੰ ਦੱਸਿਆ ਜਾਵੇ ਕਿ ਕਿਸਾਨਾਂ ਤੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਇਸ ਕਿਸਾਨ ਮਹਾਂ ਪੰਚਾਇਤ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਵੱਲੋਂ ਵੱਖ-ਵੱਖ ਬਾਰਡਰਾਂ ਤੋਂ ਪੱਥਰ ਬੈਰੀਕੇਟ ਅਤੇ ਕਿੱਲਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਰਸਤੇ ਪਹਿਲਾਂ ਦੀ ਤਰ੍ਹਾਂ ਹੀ ਖੋਲ ਦਿੱਤੇ ਗਏ ਹਨ।