ਲੁਧਿਆਣਾ: ਮਾਲਵੇ ਨੂੰ ਨਰਮਾ ਪੱਟੀ ਦੇ ਨਾਂਅ ਤੋਂ ਵੀ ਜਾਣਿਆ ਜਾਂਦਾ ਹੈ ਅਤੇ ਮਾਲਵੇ ਦੇ ਕਈ ਜਿਲ੍ਹਿਆਂ ਵਿੱਚ ਕਿਸਾਨ ਨਰਮੇ ਦੀ ਕਾਸ਼ਤ ਕਰਦੇ ਹਨ। ਜਿਸ ਵੇਲ੍ਹੇ ਝੋਨਾ ਲਾਇਆ ਜਾਂਦਾ ਹੈ, ਉਸ ਤੋਂ ਕੁਝ ਸਮਾਂ ਪਹਿਲਾਂ ਹੀ ਨਰਮੇ ਦੀ ਲਵਾਈ ਸ਼ੁਰੂ ਹੋ ਜਾਂਦੀ ਹੈ। ਇਸ ਵੇਲ੍ਹੇ ਨਰਮੇ ਦੀ ਫਸਲ 30 ਦਿਨਾਂ ਤੋਂ ਲੈ ਕੇ 70 ਦਿਨਾਂ ਤੱਕ ਦੀ ਹੈ। ਨਰਮੇ ਦੀ ਫਸਲ ਤੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦਾ ਕਹਿਰ ਹਰ ਸਾਲ ਵੇਖਣ ਨੂੰ ਮਿਲਦਾ ਹੈ।
ਇਸ ਸਾਲ ਮੌਸਮ ਵਿੱਚ ਨਮੀ ਜ਼ਿਆਦਾ ਹੋਣ ਕਰਕੇ ਇਹਨਾਂ ਕੀਟਾਂ ਦੇ ਲਈ ਮੌਸਮ ਕਾਫੀ ਅਨੁਕੂਲ ਹੈ ਜਿਸ ਕਰਕੇ ਇਹ ਕਾਫੀ ਵੱਧ ਫੁੱਲ ਰਹੇ ਹਨ ਅਤੇ ਕਿਸਾਨਾਂ ਦੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਪੰਜਾਬ ਸਰਕਾਰ ਵੱਲੋਂ ਵੀ ਇਹਨਾਂ ਦੇ ਪਰਕੋਪ ਨੂੰ ਲੈ ਕੇ 128 ਟੀਮਾਂ ਦਾ ਗਠਨ ਕੀਤਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਡਾਕਟਰਾਂ ਦੀ ਟੀਮਾਂ ਨਾਲ ਵੀ ਲਗਾਤਾਰ ਖੇਤੀਬਾੜੀ ਵਿਭਾਗ ਦੀ ਗੱਲਬਾਤ ਚੱਲ ਰਹੀ ਹੈ ਅਤੇ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਹੈ।
ਚਿੱਟੀ ਮੱਖੀ ਦਾ ਕਹਿਰ: ਨਰਮੇ ਦੀ ਫ਼ਸਲ ਤੇ ਚਿੱਟੀ ਮੱਖੀ ਦਾ ਕਹਿਰ ਹੁਣ ਤੋਂ ਹੀ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੀਟ ਵਿਗਿਆਨ ਦੇ ਮਾਹਿਰ ਡਾਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਵਾਰ ਚਿੱਟੀ ਮੱਖੀ ਦਾ ਜਿਆਦਾ ਅਸਰ ਮਾਨਸਾ ਅਤੇ ਬਠਿੰਡਾ ਦੀ ਥਾਂ ਤੇ ਅਬੋਹਰ ਜਿਲੇ ਦੇ ਵਿੱਚ ਜਿਆਦਾ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਲਗਾਤਾਰ ਸਾਡੀਆਂ ਟੀਮਾਂ ਸਰਵੇਖਣ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਚਿੱਟੀ ਮੱਖੀ ਤੋਂ ਬਚਣ ਦੇ ਲਈ ਕਈ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ।
ਸਪ੍ਰੇਅ ਕਰਨ ਤੋਂ ਪਹਿਲਾਂ ਆਪਣੇ ਖੇਤ ਦਾ ਮੁਆਇਨਾ ਅਤੇ ਜਾਇਜ਼ਾ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਲਾਤਾਂ ਦੇ ਮੁਤਾਬਿਕ ਹੀ ਸਪਰੇ ਹੁੰਦੀ ਹੈ, ਜਿੱਥੇ ਜਿਆਦਾ ਚਿੱਟੀ ਮੱਖੀ ਦਾ ਹਮਲਾ ਹੈ। ਉੱਥੇ ਸਪ੍ਰੇਅ ਕੋਈ ਹੋਰ ਹੋਵੇਗੀ। ਇਸੇ ਤਰ੍ਹਾਂ ਜਿੱਥੇ ਦਰਮਿਆਨੀ ਅਤੇ ਘੱਟ ਹੈ। ਉੱਥੇ ਵੀ ਸਪ੍ਰੇਅ ਕਰਨ ਦਾ ਤਰੀਕਾ ਅਲੱਗ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੱਤੇ ਫੱਟਣੇ ਸ਼ੁਰੂ ਹੋ ਜਾਂਦੇ ਹਨ ਅਤੇ ਪੱਤੇ ਕਾਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਜਿੱਥੇ ਜਿਆਦਾ ਹਾਲਤ ਖਰਾਬ ਹੈ, ਉੱਥੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੋਲੇਸਟੋ ਸਪ੍ਰੇਅ 200 ਐਮ ਐਲ ਪ੍ਰਤੀ ਏਕੜ, ਇਸ ਤੋਂ ਬਾਅਦ ਲੈਨੋ ਨਾਂਅ ਦੇ ਸਾਲਟ ਦੀ ਇੱਕ ਹਫਤੇ ਬਾਅਦ ਸਪ੍ਰੇ ਕਰਨੀ ਹੈ। ਅੱਧਾ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰਕੇ ਰੋਕਥਾਮ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁਝ ਖੇਤਾਂ ਦੇ ਵਿੱਚ ਜਿੱਥੇ ਦਰਮਿਆਨੀ ਹੈ ਜਾਂ ਬਹੁਤ ਘੱਟ ਚਿੱਟੀ ਮੱਖੀ ਹੈ ਉੱਥੇ ਕਿਸਾਨ ਲਾਰਵਿਨ, ਇਥੋਇਨ 800 ਐਮ ਐਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਾਈ ਜਾ ਸਕਦੀ ਹੈ।
ਗੁਲਾਬੀ ਸੁੰਡੀ: ਨਰਮੇ 'ਤੇ ਹਰ ਸਾਲ ਗੁਲਾਬੀ ਸੁੰਡੀ ਦਾ ਵੀ ਕਹਿਰ ਵੇਖਣ ਨੂੰ ਮਿਲਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਗਿਆਨੀ ਡਾਕਟਰ ਵਿਜੇ ਕੁਮਾਰ ਦੇ ਮੁਤਾਬਿਕ ਫਿਲਹਾਲ 10 ਦਿਨਾਂ ਤੋਂ ਬਾਅਦ ਹੀ ਗੁਲਾਬੀ ਸੁੰਡੀ ਦਾ ਹਮਲਾ ਫਿਲਹਾਲ ਵੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਇਸੇ ਲਈ ਕਿਸਾਨਾਂ ਨੂੰ ਆਪਣੇ ਫਸਲ ਦਾ ਵਾਰ-ਵਾਰ ਜਾਇਜ਼ਾ ਲੈਣ ਦੀ ਬੇਹਦ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਕਿਤੇ ਗੁਲਾਬੀ ਸੁੰਡੀ ਵੇਖਣ ਨੂੰ ਮਿਲਦੀ ਹੈ ਤਾਂ ਉਨ੍ਹਾਂ ਫੁੱਲਾਂ ਨੂੰ ਪਹਿਚਾਨਣ ਤੋਂ ਬਾਅਦ ਉਹਨਾਂ ਨੂੰ ਵੱਖ ਕਰ ਲਿਆ ਜਾਵੇ।
ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੋ ਤੋਂ ਤਿੰਨ ਸਪਰੇਹਾਂ ਵੀ ਸਿਫਾਰਿਸ਼ ਕੀਤੀਆਂ ਗਈਆਂ ਹਨ ਜਿਸ ਨਾਲ ਗੁਲਾਬੀ ਸੁੰਡੀ ਤੋ ਫਸਲ ਨੂੰ ਬਚਾਇਆ ਜਾ ਸਕਦਾ ਹੈ ਉਹਨਾਂ ਦੱਸਿਆ ਕਿ ਗੁਲਾਬੀ ਸੁੰਡੀ ਕੋਈ ਨਵਾਂ ਕੀਟ ਨਹੀਂ ਹੈ ਇਹ ਪੁਰਾਣਾ ਕੀੜਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਿੰਨਾ ਇਨ੍ਹਾਂ ਬਿਮਾਰੀਆਂ ਅਤੇ ਕੀਟਾਂ ਨੂੰ ਲੈ ਕੇ ਜਾਗਰੂਕ ਰਹਿਣਗੇ, ਉਨਾਂ ਹੀ, ਕਿਸਾਨਾਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਕਿਸਾਨਾਂ ਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਫਸਲ ਦਾ ਮੁਆਇਨਾ ਜ਼ਰੂਰ ਸਮੇਂ ਸਿਰ ਕਰਦੇ ਰਹਿਣ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਦੇ ਲੱਛਣ ਵਿਖਾਈ ਦਿੰਦੇ ਹਨ, ਤਾਂ ਉਹ ਤੁਰੰਤ ਆਪਣੇ ਨਜ਼ਦੀਕੀ ਖੇਤੀਬਾੜੀ ਵਿਭਾਗ ਦੇ ਵਿੱਚ ਸੰਪਰਕ ਕਰਨ।
ਮਾਹਿਰ ਡਾਕਟਰਾਂ ਨਾਲ ਗੱਲਬਾਤ ਕਰਨ ਅਤੇ ਉਸ ਦੇ ਮੁਤਾਬਿਕ ਹੀ ਸਪ੍ਰੇਅ ਕਰਨ। ਉਨ੍ਹਾਂ ਕਿਹਾ ਕਿ ਫਿਲਹਾਲ ਗੁਲਾਬੀ ਸੁੰਡੀ ਦਾ ਖ਼ਤਰਾ ਘੱਟ ਹੈ, ਪਰ ਚਿੱਟੀ ਮੱਖੀ ਦਾ ਜਿਆਦਾ ਹਮਲਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਅਜਿਹੀ ਸਪ੍ਰੇਅ ਵੀ ਉਹਦੀਆਂ ਹਨ, ਜੋ ਇਹਨਾਂ ਦੋਵਾਂ ਹੀ ਹਾਲਾਤਾਂ ਦੇ ਵਿੱਚ ਕਾਫੀ ਕਾਰਗਰ ਸਾਬਿਤ ਹੁੰਦੀ ਹੈ, ਜੋ ਕਿ ਗੁਲਾਬੀ ਸੁੰਡੀ ਨੂੰ ਅਤੇ ਚਿੱਟੀ ਮੱਖੀ ਨੂੰ ਖ਼ਤਮ ਕਰਨ ਲਈ ਸਹਾਈ ਹੁੰਦੀ ਹੈ।