ਲੁਧਿਆਣਾ: ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਆਉਂਦੇ ਦਿਨਾਂ ਦੇ ਵਿੱਚ ਹਾਲਾਂਕਿ ਲੋਕਾਂ ਨੂੰ ਕੁਝ ਗਰਮੀ ਤੋਂ ਰਾਹਤ ਮਿਲਣ ਦੀ ਜਰੂਰ ਉਮੀਦ ਹੈ। ਪਰ, ਬੀਤੇ ਦਿਨ ਟੈਂਪਰੇਚਰ ਨੇ ਪੰਜਾਬ ਦੇ ਪਿਛਲੇ 54 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਘੱਟੋ ਘੱਟ ਟੈਂਪਰੇਚਰ 32 ਡਿਗਰੀ ਤੋਂ ਉੱਪਰ ਪਹੁੰਚ ਗਿਆ ਹੈ, ਜੋ ਕਿ ਕਦੇ ਵੀ ਨਹੀਂ ਪਹੁੰਚਿਆ।
ਘੱਟੋ-ਘੱਟੋ ਤਾਪਮਾਨ ਵੀ ਵਧਿਆ: ਘੱਟੋ ਘੱਟ ਟੈਂਪਰੇਚਰ ਉਸ ਨੂੰ ਮੰਨਿਆ ਜਾਂਦਾ ਹੈ, ਜੋ ਸਭ ਤੋਂ ਘੱਟ ਟੈਂਪਰੇਚਰ ਹੋਵੇ ਅਤੇ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ 1970 ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਮੌਸਮ ਵਿਭਾਗ ਦਾ ਗਠਨ ਕੀਤਾ ਗਿਆ ਅਤੇ ਉਦੋਂ ਤੋਂ ਜੋ ਡਾਟਾ ਆਇਆ ਹੈ। ਉਸ ਦੇ ਮੁਤਾਬਕ 1970 ਤੋਂ ਲੈ ਕੇ ਹੁਣ ਤੱਕ ਜੂਨ 2024 ਤੱਕ ਕਦੇ ਵੀ ਅਜਿਹਾ ਟੈਂਪਰੇਚਰ ਵੇਖਣ ਨੂੰ ਨਹੀਂ ਮਿਲਿਆ ਹੈ।
ਆਉਣ ਵਾਲੇ ਦਿਨਾਂ ਵਿੱਚ ਪਵੇਗਾ ਮੀਂਹ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੋਰ ਕਿੰਗਰਾ ਨੇ ਕਿਹਾ ਹੈ ਕਿ ਆਉਣ ਵਾਲੀ 27, 28 ਅਤੇ 29 ਜੂਨ ਨੂੰ ਪੰਜਾਬ ਭਰ ਦੇ ਵਿੱਚ ਮੌਸਮ ਖੁਸ਼ਨਮਾ ਹੋਵੇਗਾ। ਉਨ੍ਹਾਂ ਕਿਹਾ ਕਿ ਕਈ ਥਾਵਾਂ ਉੱਤੇ ਬਾਰਿਸ਼, ਤੇਜ਼ ਹਵਾ ਅਤੇ ਬੱਦਲਵਾਈ ਵਾਲਾ ਮੌਸਮ ਬਣਿਆ ਰਹੇਗਾ ਜਿਸ ਨਾਲ ਟੈਂਪਰੇਚਰ ਵਿੱਚ ਵੀ ਕਮੀ ਵੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਲੋਕਾਂ ਨੂੰ ਹਿਊਮੀਡਿਟੀ ਵਾਲੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਵਾਤਾਵਰਨ ਵਿੱਚ ਹਿਊਮੀਡਿਟੀ (ਹੁੰਮਸ) ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਉੱਤੇ ਲੋਕਾਂ ਨੂੰ ਜ਼ਰੂਰ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਕਿਸਾਨਾਂ ਨੂੰ ਸਲਾਹ: ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਨੇ ਕਿਹਾ ਕਿ 28 ਅਤੇ 29 ਨੂੰ ਵੱਧ ਗਰਜ ਨਾਲ ਤੇਜ਼ ਮੀਂਹ ਤੇ ਤੇਜ਼ ਹਵਾਵਾਂ ਵੀ ਚੱਲਣਗੀਆਂ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਲਈ ਇਹ ਮੀਂਹ ਜ਼ਰੂਰ ਲਾਹੇਵੰਦ ਸਾਬਿਤ ਹੋ ਸਕਦੀ ਹੈ, ਪਰ ਜੇਕਰ ਕਿਸੇ ਫਸਲ ਦੀ ਕਟਾਈ ਚੱਲ ਰਹੀ ਹੈ, ਤਾਂ ਉਹ ਜਲਦ ਸੰਭਾਲ ਲੈਣੀ ਚਾਹੀਦੀ ਹੈ। ਜੇਕਰ ਕਿਸੇ ਫਸਲ ਦੀ ਬਿਜਾਈ ਚਲ ਰਹੀ ਹੈ, ਤਾਂ ਉਸ ਲਈ ਵੀ ਸਾਵਧਾਨੀ ਵੀ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੌਸਮ ਦੇ ਹਾਲਾਤ ਸਮਝ ਕੇ ਹੀ ਕਿਸਾਨਾਂ ਨੂੰ ਉਸ ਮੁਤਾਬਕ ਵਿਉਤਬੰਦੀ ਬਣਾਉਣੀ ਚਾਹੀਦੀ ਹੈ।