ਬਠਿੰਡਾ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਧਾਰਮਿਕ ਸੇਵਾ ਨਿਭਾਉਣ ਲਈ ਬਾਗੀ ਧੜੇ ਦੇ ਨਾਲ ਸਬੰਧਿਤ ਤੇ ਸਾਬਕਾ ਮੈਂਬਰ ਪਾਰਲੀਮੈਂਟ ਬਜ਼ੁਰਗ ਆਗੂ ਸੁਖਦੇਵ ਸਿੰਘ ਢੀਂਡਸਾ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੇ। ਉਨ੍ਹਾਂ ਵਲੋਂ ਨੀਲਾ ਚੋਲਾ ਪਹਿਨ ਕੇ, ਗਲ 'ਚ ਗੁਰਬਾਣੀ ਦੀ ਪਾਵਨ ਤੁਕ ਵਾਲੀ ਤਖ਼ਤੀ ਪਾ ਕੇ, ਹੱਥ 'ਚ ਵਰਛਾ ਫੜ ਕੇ ਤਖ਼ਤ ਸਾਹਿਬ ਦੇ ਦਰਵਾਜੇ 'ਤੇ ਓਹਨਾਂ ਵੱਲੋਂ ਚੋਬਦਾਰ ਵਜੋਂ ਸੇਵਾ ਆਰੰਭ ਦਿੱਤੀ ਗਈ ਹੈ।
ਢੀਂਡਸਾ ਭੁਗਤ ਰਹੇ ਧਾਰਮਿਕ ਸਜ਼ਾ
ਚੋਬਦਾਰ ਦੀ ਇਹ ਸੇਵਾ ਉਹਨਾਂ ਵੱਲੋਂ ਦੋ ਦਿਨ ਅੱਜ ਅਤੇ ਕੱਲ ਨਿਭਾਈ ਜਾਵੇਗੀ। ਇਸ ਮੌਕੇ ਉਹਨਾਂ ਵੱਲੋਂ ਇਹ ਸੇਵਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੁੱਖ ਦਰਵਾਜੇ 'ਤੇ ਬਰਛਾ ਲੈ ਕੇ, ਨੀਲਾ ਚੋਲਾ ਪਾ ਅਤੇ ਗਲ ਵਿੱਚ ਤਖ਼ਤੀ ਪਾ ਕੇ ਕੀਤੀ ਗਈ। ਇਸ ਮੌਕੇ ਇਕ ਘੰਟਾ ਉਹਨਾਂ ਵੱਲੋਂ ਕੀਰਤਨ ਸਰਵਣ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਧਾਰਮਿਕ ਸੇਵਾ ਤਹਿਤ ਬਜ਼ੁਰਗ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਲੰਗਰ ਹਾਲ 'ਚ ਬਰਤਨ ਸਾਫ਼ ਕਰਨ ਦੀ ਰਸਮੀ ਸੇਵਾ ਕੀਤੀ। ਹਾਲਾਂਕਿ ਸਿਹਤ ਨਾਸਾਜ਼ ਹੋਣ ਦੇ ਚੱਲਦਿਆਂ ਉਨ੍ਹਾਂ ਨੇ 10 ਕੁ ਮਿੰਟ ਹੀ ਬਰਤਨ ਸਾਫ ਕੀਤੇ ਹਨ।
ਅਕਾਲ ਤਖ਼ਤ ਦੇ ਹੁਕਮਾਂ ਨੂੰ ਕਰ ਰਹੇ ਲਾਗੂ
ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਸੇਵਾ ਕਰ ਰਹੇ ਹਨ, ਪਰ ਲੱਤਾਂ ਸਰੀਰ ਦਾ ਸਾਥ ਨਹੀਂ ਦੇ ਰਹੀਆਂ। ਇਸ ਦੇ ਨਾਲ ਹੀ ਨਰਾਇਣ ਸਿੰਘ ਚੌਰਾ ਨੂੰ ਸਿੱਖ ਪੰਥ ਵਿੱਚੋਂ ਛੇਕਣ ਨੂੰ ਲੈ ਕੇ ਚੱਲ ਰਹੀ ਮੰਗ ਸਬੰਧੀ ਟਿੱਪਣੀ ਕਰਨ ਤੋਂ ਗੁਰੇਜ਼ ਕਰਦੇ ਹੋਏ ਉਹਨਾਂ ਕਿਹਾ ਕਿ ਸਿੰਘ ਸਾਹਿਬਾਨਾਂ ਦਾ ਜੋ ਵੀ ਫੈਸਲਾ ਹੋਵੇਗਾ, ਉਹ ਸਿਰ ਮੱਥੇ ਪ੍ਰਵਾਨ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਆਪਣਾ ਢਾਂਚਾ ਭੰਗ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਢਾਂਚਾ ਭੰਗ ਕਰਨਾ ਉਹਨਾਂ ਦੀ ਮਰਜ਼ੀ ਹੈ। ਫਿਲਹਾਲ ਉਹਨਾਂ ਵੱਲੋਂ ਤਾਲਮੇਲ ਬਣਾਇਆ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਹੁਕਮ ਹਨ, ਉਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾ ਰਿਹਾ ਹੈ।