ਸ੍ਰੀ ਮੁਕਤਸਰ ਸਾਹਿਬ: 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਉੱਤੇ ਭੁੱਲਾਂ ਨੂੰ ਲੈਕੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਬਾਦਲ ਸਮੇਤ ਹੋਰ ਅਕਾਲੀ ਲੀਡਰਾਂ ਨੂੰ ਧਾਰਮਿਕ ਸਜ਼ਾ ਲਗਾਈ ਹੈ। ਸਜ਼ਾ ਦੇ ਚੱਲਦੇ ਸੁਖਬੀਰ ਬਾਦਲ ਸਮੇਤ ਹੋਰ ਅਕਾਲੀ ਆਗੂ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਪਹੁੰਚੇ ਰਹੇ ਹਨ, ਜਿੱਥੇ ਉਨ੍ਹਾਂ ਵਲੋਂ ਆਪਣੀ ਧਾਰਮਿਕ ਸਜ਼ਾ ਭੁਗਤਾਈ ਗਈ ਹੈ।
ਸਜ਼ਾ ਦਾ 10ਵਾਂ ਦਿਨ
ਸੁਖਬੀਰ ਬਾਦਲ ਨੇ ਸੇਵਾਦਾਰਾਂ ਵਾਲਾ ਚੌਲਾ ਪਹਿਨਿਆ ਹੋਇਆ ਹੈ ਅਤੇ ਉਨ੍ਹਾਂ ਵੱਲੋਂ ਹੱਥ ਵਿੱਚ ਬਰਛਾ ਫੜ ਕੇ ਪਹਿਰੇਦਾਰ ਵਜੋਂ ਸੇਵਾ ਨਿਭਾਈ ਗਈ ਹੈ, ਇਸ ਦੌਰਾਨ ਉਨ੍ਹਾਂ ਨੇ ਗਲ ਵਿੱਚ ਤਖ਼ਤੀ ਵੀ ਪਾਈ ਹੋਈ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਭਾਂਡੇ ਮਾਂਜਣ ਦੀ ਸੇਵਾ ਵੀ ਕੀਤੀ ਗਈ ਅਤੇ ਨਾਲ ਹੀ ਇਲਾਹੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ ਗਿਆ। ਇਸ ਤੋਂ ਬਾਅਦ ਬਰਤਨਾਂ ਦੀ ਸੇਵਾ ਵੀ ਉਨ੍ਹਾਂ ਵੱਲੋਂ ਨਿਭਾਈ ਗਈ ਹੈ।
ਸੁਖਬੀਰ ਬਾਦਲ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਧਾਰਮਿਕ ਸੇਵਾ ਨਿਭਾਉਣ ਲਈ ਅਕਾਲੀ ਦਲ ਸੁਧਾਰ ਲਹਿਰ ਨਾਲ ਸਬੰਧਿਤ ਬਜ਼ੁਰਗ ਆਗੂ ਸੁਖਦੇਵ ਸਿੰਘ ਢੀਂਡਸਾ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜ ਗਏ ਹਨ। ਸੁਖਦੇਵ ਢੀਂਡਸਾ ਨੀਲਾ ਚੋਲਾ ਪਹਿਨਣ ਤੋਂ ਇਲਾਵਾ ਗੁਰਬਾਣੀ ਦੀ ਪਾਵਨ ਤੁਕਵਾਲੀ ਤਖ਼ਤੀ ਪਾਕੇ ਅਤੇ ਹੱਥ ਵਿੱਚ ਵਰਛਾ ਫੜ ਕੇ ਤਖ਼ਤ ਸਾਹਿਬ ਵਿਖੇ ਪਹਿਰੇਦਾਰ ਵਜੋਂ ਸੇਵਾ ਨਿਭਾ ਰਹੇ ਹਨ।
ਸੁਰੱਖਿਆ ਦੇ ਕਰੜੇ ਪ੍ਰਬੰਧ
ਸੁਖਬੀਰ ਬਾਦਲ ਦੀ ਸੁਰੱਖਿਆ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਰਿਹਾ ਅਤੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਸ ਦੇ ਚੱਲਦੇ ਜਿਥੇ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਉੱਥੇ ਹੀ ਚੈਕਿੰਗ ਕਰਨ ਤੋਂ ਬਾਅਦ ਹੀ ਸਾਰਿਆਂ ਨੂੰ ਅੰਦਰ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚ ਰਹੀ ਹੈ।
ਮੁੜ ਸਥਾਪਨਾ ਲਈ ਯਤਨ
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਅਤੇ ਹੋਰ ਆਗੂਆਂ ਨੂੰ ਧਾਰਮਿਕ ਸਜ਼ਾ ਵਜੋਂ ਦਿੱਤੀ ਗਈ ਸੇਵਾ ਦਾ ਅੱਜ ਆਖਰੀ ਦਿਨ ਹੈ। ਅੱਜ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਸੁਖਬੀਰ ਬਾਦਲ ਭਲਕੇ (ਸ਼ੁੱਕਰਵਾਰ) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣਗੇ। ਜਿੱਥੇ ਸੁਖਬੀਰ ਬਾਦਲ ਹੋਰ ਆਗੂਆਂ ਨਾਲ ਮੱਥਾ ਟੇਕਣਗੇ ਅਤੇ ਆਪਣੀ ਸਜ਼ਾ ਪੂਰੀ ਕਰਨਗੇ। ਇਹ ਸਜ਼ਾ ਪੂਰੀ ਹੋਣ ਤੋਂ ਬਾਅਦ ਪੰਜਾਬ ਵਿੱਚ ਅਕਾਲੀ ਦਲ ਦੀ ਮੁੜ ਸਥਾਪਨਾ ਲਈ ਯਤਨ ਸ਼ੁਰੂ ਹੋ ਜਾਣਗੇ।