ਕਪੂਰਥਲਾ: ਇਟਲੀ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸੂਬੇ ਕੰਪਾਨੀਆ ਦੇ ਸ਼ਹਿਰ ਬੱਤੀ ਪਾਲੀਆ (ਸਲੇਰਨੋ) ਨਜ਼ਦੀਕ ਪੈਂਦੇ ਇਲਾਕਾ ਇਬੋਲੀ ਦੇ ਕੰਪੋਲੌਗੋ ਵਿਖੇ ਟਰੈਕਟਰ ਦੇ ਪਿੱਛੇ ਜ਼ਮੀਨ ਨੂੰ ਪੱਧਰਾ ਕਰਦੇ ਸਮੇਂ ਰੂਟਾਵੀਟਰ ਮਸ਼ੀਨ ਨਾਲ ਖੇਤਾਂ ਵਿੱਚ ਕੰਮ ਕਰ ਰਹੇ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਬਲਾਕ ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਪਿੰਡ ਦਾ ਨਿਵਾਸੀ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਇਟਲੀ 'ਚ ਰਹਿ ਰਿਹਾ ਹੈ।
ਸ਼ੱਕੀ ਹਲਾਤਾਂ ਵਿੱਚ ਮੌਤ
ਮ੍ਰਿਤਕ ਦੇ ਭਰਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਭਰੇ ਮਨ ਨਾਲ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਇਟਲੀ ਤੋਂ ਉਸਦੇ ਸਹਿਕਰਮੀਆਂ ਦਾ ਫੋਨ ਆਇਆ ਸੀ ਕਿ ਮਨਜਿੰਦਰ ਸਾਨੂੰ ਨਹੀਂ ਮਿਲ ਰਿਹਾ ਉਸਦਾ ਟਰੈਕਟਰ ਸਟਾਰਟ ਖੜਾ ਹੈ ਪਰ ਕੁਝ ਸਮਾਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਆਇਆ ਅਤੇ ਉਹਨਾਂ ਨੇ ਦੱਸਿਆ ਕਿ ਰੋਟਾਵੇਟਰ ਵਿੱਚ ਆਉਣ ਕਾਰਨ ਉਸਦੀ ਮੌਤ ਹੋ ਗਈ ਹੈ।
ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣ ਦੀ ਮੰਗ
ਮ੍ਰਿਤਕ ਦੇ ਭਰਾ ਨੇ ਕਿਹਾ ਕਿ ਸਾਨੂੰ ਸਥਿਤੀ ਅਜੇ ਤੱਕ ਸਪਸ਼ਟ ਨਹੀਂ ਹੋ ਸਕੀ ਕਿ ਮ੍ਰਿਤਕ ਰੋਟਾਵੇਟਰ ਹੇਠਾਂ ਕਿਵੇਂ ਆ ਸਕਦਾ ਹੈ। ਜਦ ਕਿ ਵਿਦੇਸ਼ੀ ਟਰੈਕਟਰਾਂ ਵਿੱਚ ਸੈਂਸਰ ਹੁੰਦੇ ਹਨ ਅਤੇ ਕੋਈ ਵੀ ਘਟਨਾ ਵਾਪਰਨ ਉੱਤੇ ਇੰਨਾ ਟਰੈਕਟਰਾਂ ਦਾ ਸਿਸਟਮ ਆਪਣੇ ਆਪ ਬੰਦ ਹੋ ਜਾਂਦਾ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਅਜੇ ਤੱਕ ਸਾਨੂੰ ਇਟਲੀ ਦੀ ਪੁਲਿਸ ਵੀ ਕੁਝ ਨਹੀਂ ਦੱਸ ਰਹੀ ਅਸੀਂ ਜਲਦ ਹੀ ਵਕੀਲ ਹਾਇਰ ਕਰਕੇ ਇਸ ਮਾਮਲੇ ਦੀ ਤਹਿ ਤੱਕ ਜਾਵਾਂਗੇ। ਇਸ ਦੇ ਨਾਲ ਹੀ ਉਹਨਾਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਰਾਜਸਭਾ ਮੈਂਬਰ ਸੰਤ ਸੀਚੇਵਾਲ ਤੋਂ ਉਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।