ਸ੍ਰੀ ਅਨੰਦਪੁਰ ਸਾਹਿਬ: ਜਿੱਥੇ ਅੱਤ ਦੀ ਪੈ ਰਹੀ ਗਰਮੀ ਦੇ ਕਾਰਨ ਲੋਕ, ਦੁਕਾਨਦਾਰ, ਬੱਚੇ ਪਰੇਸ਼ਾਨ ਹਨ, ਉੱਥੇ ਹੀ ਜੀਵ ਜੰਤੂ ਵੀ ਬਹੁਤ ਪਰੇਸ਼ਾਨ ਹਨ ਕਿਉਂਕਿ ਉਹਨਾਂ ਨੂੰ ਵੀ ਪਾਣੀ ਅਤੇ ਠੰਡੀ ਜਗ੍ਹਾ ਦੀ ਘਾਟ ਮਹਿਸੂਸ ਹੋ ਰਹੀ ਹੈ। ਲੋਕ ਕੇਵਲ ਜ਼ਰੂਰੀ ਕੰਮਾਂ ਲਈ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਵਧੀ ਹੋਈ ਗਰਮੀ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਕੂਲਾਂ ਦੇ ਵਿੱਚ ਗਰਮੀ ਦੀਆਂ ਛੁੱਟੀਆਂ 10 ਦਿਨ ਪਹਿਲਾਂ ਕਰਨ ਦਾ ਵੀ ਐਲਾਨ ਕੀਤਾ ਜਾ ਚੁੱਕਿਆ ਹੈ। ਇਸ ਵਧੀ ਹੋਈ ਗਰਮੀ ਨਾਲ ਸਿੱਧੇ ਤੌਰ 'ਤੇ ਬਾਜ਼ਾਰਾਂ ਵਿੱਚ ਸੁੰਨਸਾਨ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਦਾ ਸਿੱਧਾ ਅਸਰ ਵਪਾਰ 'ਤੇ ਪੈ ਰਿਹਾ ਹੈ।
ਦੁਕਾਨਦਾਰਾਂ ਵਿਹਲੇ ਰਹਿਣ ਲਈ ਮਜ਼ਬੂਰ: ਵਧੀ ਹੋਈ ਗਰਮੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰ ਸੁੰਨੇ ਦਿਖ ਰਹੇ ਹਨ। ਗ੍ਰਾਹਕ ਬਾਜ਼ਾਰ ਵਿੱਚ ਨਹੀਂ ਆ ਰਹੇ ਹਨ ਤੇ ਬਾਜ਼ਾਰਾਂ ਵਿੱਚ ਮੰਦੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਇਸ ਸਬੰਧੀ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਅਤੇ ਕੁਝ ਹੋਰ ਵਪਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਿੱਧੇ ਤੌਰ 'ਤੇ ਕਿਹਾ ਕਿ ਸ਼ਿਖਰਾਂ ਦੀ ਪੈ ਰਹੀ ਗਰਮੀ ਨੇ ਵਪਾਰੀ ਵਰਗ ਦਾ ਲੱਕ ਤੋੜਿਆ ਹੈ ਕਿਉਂਕਿ ਆਮ ਲੋਕ ਗਰਮੀ ਦੇ ਚੱਲਦਿਆਂ ਬਾਜ਼ਾਰਾਂ ਵਿੱਚ ਨਹੀਂ ਆ ਰਹੇ ਹਨ।
ਵਪਾਰੀ ਕਰਨਗੇ ਗਰਮੀ ਦੀਆਂ ਛੁੱਟੀਆਂ: ਉਨ੍ਹਾਂ ਕਿਹਾ ਕਿ ਹੁਣ ਸਕੂਲਾਂ ਵਿੱਚ ਛੁੱਟੀਆਂ ਹੋ ਚੁੱਕੀਆਂ ਹਨ, ਜਿਸ ਨਾਲ ਬਾਜ਼ਾਰਾਂ ਵਿੱਚ ਹੋਰ ਵੀ ਰੌਣਕ ਘੱਟ ਦੇਖਣ ਨੂੰ ਮਿਲੇਗੀ। ਇੱਥੇ ਹੀ ਬੱਸ ਨਹੀਂ ਸਗੋਂ ਵਧੀ ਹੋਈ ਗਰਮੀ ਦੇ ਚੱਲਦਿਆਂ ਸ਼ਹਿਰ ਦੇ ਵਪਾਰੀਆਂ ਵੱਲੋਂ ਜੂਨ ਮਹੀਨੇ ਦੇ ਵਿੱਚ ਤਿੰਨ ਦਿਨ ਲਈ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਗਰਮੀ ਦੀਆਂ ਛੁੱਟੀਆਂ ਵਪਾਰੀ ਵਰਗ ਲਈ ਵੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧਣ ਦੇ ਆਸਾਰ ਨੇ, ਜਿਸ ਨਾਲ ਜਿੱਥੇ ਵਪਾਰ 'ਤੇ ਅਸਰ ਪਵੇਗਾ ਉੱਥੇ ਹੀ ਇਸ ਵਧੀ ਹੋਈ ਗਰਮੀ ਨਾਲ ਸਿਹਤ 'ਤੇ ਵੀ ਅਸਰ ਪੈ ਸਕਦਾ ਹੈ।
ਕਿਸਾਨਾਂ ਲਈ ਵੀ ਚਿੰਤਾਵਾਂ: ਕਾਬਿਲੇਗੌਰ ਹੈ ਕਿ ਇਹ ਵਧੀ ਹੋਈ ਗਰਮੀ ਆਮ ਲੋਕਾਂ ਤੇ ਦੁਕਾਨਦਾਰਾਂ ਦੇ ਨਾਲ-ਨਾਲ ਕਿਸਾਨਾਂ ਲਈ ਵੀ ਆਫ਼ਤ ਬਣੀ ਹੋਈ ਹੈ, ਕਿਉਂਕਿ ਮੀਂਹ ਨਾ ਪੈਣ ਕਾਰਨ ਅਤੇ ਗਰਮੀ ਵੱਧ ਜਾਣ ਕਾਰਨ ਅਗਲੀ ਫਸਲ ਦੀ ਤਿਆਰੀ ਤੇ ਬਿਜਾਈ 'ਚ ਦੇਰੀ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਹੋਣ ਵਾਲਾ ਹੈ ਅਤੇ ਮੀਂਹ ਨਾ ਪੈਣ ਕਾਰਨ ਕਿਤੇ ਨਾ ਕਿਤੇ ਕਿਸਾਨਾਂ ਦੀ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ।