ਲੁਧਿਆਣਾ: ਜ਼ਿਲ੍ਹੇ ਵਿੱਚ ਪੰਜਾਬ ਦਾ ਪਹਿਲਾ ਅਜਿਹਾ ਸਰਕਾਰੀ ਸਕੂਲ ਬਣਿਆ ਹੈ, ਜੋ ਕਿ ਅਤਿ ਆਧੁਨਿਕ ਸੁਵਿਧਾਵਾਂ ਦੇ ਨਾਲ ਲੈਸ ਹੈ ਅਤੇ ਸਕੂਲ ਵਿੱਚ ਸਵੀਮਿੰਗ ਪੂਲ ਦੀ ਵੀ ਸੁਵਿਧਾ ਹੈ। ਇੰਨਾ ਹੀ ਨਹੀਂ, ਇਸ ਸਕੂਲ ਵਿੱਚ 22 ਸਮਾਰਟ ਕਲਾਸ ਰੂਮ ਹਨ, ਜੋ ਕਿ ਹਾਈਟੈਕ ਅਤੇ ਸਮਾਰਟ ਸਕੂਲ ਹਨ। ਇਸ ਤੋਂ ਇਲਾਵਾ, ਸਕੂਲ ਦੇ ਪਖਾਨੇ ਕਿਸੇ ਪੰਜ ਤਾਰਾ ਹੋਟਲ ਤੋਂ ਘੱਟ ਨਹੀਂ ਹਨ। ਜਲਦ ਹੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਸਕੂਲ ਦਾ ਉਦਘਾਟਨ 6 ਮਾਰਚ, 2024 ਨੂੰ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ, ਇਹ ਉਦਘਾਟਨੀ ਪ੍ਰੋਗਰਾਮ 22 ਫਰਵਰੀ ਨੂੰ ਤੈਅ ਹੋਇਆ ਸੀ, ਜੋ ਫਿਰ 28 ਫ਼ਰਵਰੀ ਕਰ ਦਿੱਤਾ ਗਿਆ ਸੀ।
ਸਿੱਖਿਆ ਨੂੰ ਬਿਹਤਰ ਬਣਾਉਣ ਲਈ ਪੰਜਾਬ ਵਿੱਚ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਹੀ ਇਸ ਸਕੂਲ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਵੀ ਅਜਿਹੇ ਹੀ ਸਕੂਲ ਦਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਉਦਘਾਟਨ ਕੀਤਾ ਗਿਆ ਸੀ।
ਸਕੂਲ ਵਿੱਚ ਸੁਵਿਧਾਵਾਂ: ਲਗਭਗ ਤਿੰਨ ਏਕੜ ਵਿੱਚ ਇਸ ਸਕੂਲ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਸ ਸਕੂਲ ਵਿੱਚ ਵੱਡੇ ਵੱਡੇ 22 ਕਲਾਸ ਰੂਮ ਬਣਾਏ ਗਏ ਹਨ, ਇਹ ਸਾਰੇ ਹੀ ਕਲਾਸ ਰੂਮ ਅਤਿ ਆਧੁਨਿਕ ਹਨ, ਜੋ ਕਿ ਪ੍ਰੋਜੈਕਟਰ ਅਤੇ ਸਮਾਰਟ ਬੋਰਡ ਦੇ ਨਾਲ ਲੈਸ ਹਨ। ਸਕੂਲ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਵਿਸ਼ੇਸ਼ ਤੌਰ 'ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ। ਸਕੂਲ ਵਿੱਚ ਵਿਗਿਆਨ ਦੀਆਂ ਚਾਰ ਲੈਬਾਂ (Sciene Labs) ਹਨ, ਇਸ ਤੋਂ ਇਲਾਵਾ ਇੱਕ ਕੰਪਿਊਟਰ ਲੈਬ ਵੀ ਬਣਾਈ ਗਈ ਹੈ।
ਦਾਖਲਾ ਸ਼ੁਰੂ: ਸੈਸ਼ਨ 2024 - 25 ਦੇ ਲਈ ਇਸ ਸਕੂਲ ਦੇ ਵਿੱਚ ਦਾਖਲਾ ਵੀ ਸ਼ੁਰੂ ਹੋ ਗਿਆ ਹੈ ਅਤੇ ਆਨਲਾਈਨ ਫਾਰਮ ਵੀ ਆ ਗਏ ਹਨ। ਇਸ ਸਕੂਲ ਵਿੱਚ ਸਰਕਾਰੀ ਸਕੂਲ ਇੰਦਰਾਪੁਰੀ ਨੂੰ ਨਹੀਂ ਸ਼ਿਫਟ ਕੀਤਾ ਜਾ ਰਿਹਾ ਹੈ। ਫਿਲਹਾਲ ਤਾਜਪੁਰ ਰੋਡ 'ਚ ਡਬਲ ਸ਼ਿਫਟ ਵਿੱਚ ਇਹ ਸਕੂਲ ਚਲਾਇਆ ਜਾ ਰਿਹਾ ਹੈ। ਸਕੂਲ ਅੱਠਵੀਂ ਤੋਂ ਲੈ ਕੇ ਬਾਰਵੀਂ ਤੱਕ ਹੈ ਜਿਸ ਵਿੱਚ ਕੁੱਲ 1341 ਵਿਦਿਆਰਥੀ ਪੜ੍ਹਦੇ ਹਨ। ਇਨ੍ਹਾਂ ਸਾਰੇ ਹੀ ਵਿਦਿਆਰਥੀਆਂ ਨੂੰ ਇਸ ਸਕੂਲ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਫਿਲਹਾਲ ਜਿਸ ਸਕੂਲ ਵਿੱਚ ਪੜ੍ਹਾਇਆ ਜਾ ਰਿਹਾ ਹੈ ਉੱਥੇ ਸੁਵਿਧਾਵਾਂ ਘੱਟ ਸਨ ਅਤੇ ਖੇਡ ਗਰਾਊਂਡ ਵੀ ਨਹੀਂ ਸਨ।
ਦਾਖਲਾ ਲੈਣ ਲਈ ਕਤਾਰਾ: ਜਿੱਥੇ ਇੱਕ ਪਾਸੇ ਲਗਾਤਾਰ ਇਸ ਸਕੂਲ ਵਿੱਚ ਵਿਦਿਆਰਥੀ ਦਾਖਲਾ ਲੈਣ ਲਈ ਆਪਣਾ ਰੁਝਾਨ ਵਿਖਾ ਰਹੇ ਹਨ, ਉੱਥੇ ਹੀ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਅਜਿਹਾ ਸਰਕਾਰੀ ਸਕੂਲ ਉਨ੍ਹਾਂ ਨੇ ਪਹਿਲਾਂ ਨਹੀਂ ਦੇਖਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਕੂਲ ਦਾ ਨਿਰਮਾਣ ਕਰਕੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੁਵਿਧਾਵਾਂ ਦੇ ਨਾਲ ਉਨ੍ਹਾਂ ਨੇ ਪ੍ਰਾਈਵੇਟ ਸਕੂਲ ਤਾਂ ਦੇਖੇ ਹਨ, ਪਰ ਸਰਕਾਰੀ ਸਕੂਲ ਨਹੀਂ ਵੇਖਿਆ ਸੀ। ਉੱਥੇ ਹੀ ਵਿਦਿਆਰਥੀਆਂ ਨੇ ਵੀ ਸਕੂਲ ਦੀ ਇਮਾਰਤ ਅਤੇ ਸਕੂਲ ਦੇ ਵਿੱਚ ਸੁਵਿਧਾਵਾਂ ਨੂੰ ਲੈ ਕੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਅਜਿਹਾ ਸਕੂਲ ਖੁੱਲਿਆ ਹੈ। ਇਸ ਕਰਕੇ ਉਹ ਇਸ ਸਕੂਲ ਵਿੱਚ ਦਾਖਲਾ ਕਰਵਾਉਣ ਲਈ ਪਹੁੰਚੇ ਹਨ।
ਪਿਛਲੇ ਸਾਲ ਪਹਿਲੇ ਨੰਬਰ 'ਤੇ ਰਿਹਾ ਜ਼ਿਲ੍ਹਾ : ਦੂਜੇ ਪਾਸੇ, ਲੁਧਿਆਣਾ ਦੇ ਜ਼ਿਲ੍ਹਾ ਉਪ ਸਿੱਖਿਆ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਇਨਰੋਲਮੈਂਟ ਵਿੱਚ ਪ੍ਰਾਇਮਰੀ ਅੰਦਰ ਲੁਧਿਆਣਾ ਪਹਿਲੇ ਨੰਬਰ ਉੱਤੇ ਰਿਹਾ ਸੀ, ਜਦਕਿ ਸੈਕੰਡਰੀ ਦੇ ਅੰਦਰ ਪੂਰੇ ਪੰਜਾਬ ਵਿੱਚ ਤੀਜੇ ਨੰਬਰ 'ਤੇ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਕਰਕੇ ਸਾਡੇ 'ਤੋਂ ਹੋਰ ਵੀ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਅਸੀਂ ਪਹਿਲੇ ਨੰਬਰ ਉੱਤੇ ਆਉਣ ਦੀ ਕੋਸ਼ਿਸ਼ ਕਰਾਂਗੇ। ਸਕੂਲਾਂ ਨੂੰ ਬਿਹਤਰ ਬਣਾਇਆ ਗਿਆ ਹੈ। ਸਕੂਲਾਂ ਵਿੱਚ ਚੰਗਾ ਇੰਫਰਾਸਟਰਕਚਰ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਜ਼ਿਲ੍ਹਾ ਉਪ ਸਿੱਖਿਆ ਅਧਿਕਾਰੀ ਜਸਵਿੰਦਰ ਸਿੰਘ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਦੀ ਵੀ ਸ਼ੁਰੂਆਤ ਹੋ ਗਈ ਹੈ ਜਿਸ ਦੇ ਦਾਖਲੇ ਸ਼ੁਰੂ ਹੋ ਗਏ ਹਨ। ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਲੁਧਿਆਣਾ ਦੇ ਇੰਦਰਾਪੁਰੀ ਵਿਖੇ ਜੋ ਸਕੂਲ ਦਾ ਨਿਰਮਾਣ ਕੀਤਾ ਗਿਆ ਹੈ, ਉਹ ਸਾਰੀਆਂ ਸੁਵਿਧਾਵਾਂ ਦੇ ਨਾਲ ਲੈਸ ਹੈ। ਉਨ੍ਹਾਂ ਕਿਹਾ ਕਿ ਖੇਡ ਮੈਦਾਨ ਤੋਂ ਇਲਾਵਾ ਸਵੀਮਿੰਗ ਪੂਲ ਦੀ ਵੀ ਇਸ ਸਕੂਲ ਵਿੱਚ ਸੁਵਿਧਾ ਹੈ, ਜੋ ਕਿ ਅਜਿਹਾ ਆਪਣੇ ਆਪ ਵਿੱਚ ਇਕਲੌਤਾ ਪੰਜਾਬ ਦਾ ਸਰਕਾਰੀ ਸਕੂਲ ਹੈ। ਉ੍ਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ ਕਿ ਸਕੂਲਾਂ ਨੂੰ ਹੋਰ ਬਿਹਤਰ ਬਣਾਇਆ ਜਾਵੇ।
ਸਵੀਮਿੰਗ ਪੂਲ ਦੇ ਨਾਲ-ਨਾਲ ਖੇਡ ਮੈਦਾਨ: ਸਕੂਲ ਦੀਆਂ ਸੁਵਿਧਾਵਾਂ ਦੀ ਗੱਲ ਕੀਤੀ ਜਾਵੇ, ਤਾਂ ਇਸ ਸਕੂਲ ਵਿੱਚ ਬਾਸਕਿਟ ਬਾਲ ਤੋਂ ਇਲਾਵਾ ਫੁੱਟਬਾਲ, ਹੈਂਡਬਾਲ, ਲਾਨ ਟੈਨਿਸ ਅਤੇ ਸਵੀਮਿੰਗ ਪੂਲ ਵਰਗੀਆਂ ਸੁਵਿਧਾਵਾਂ ਹਨ ਜੋ ਕਿ ਕਿਸੇ ਹੋਰ ਸਰਕਾਰੀ ਸਕੂਲ ਦੇ ਵਿੱਚ ਪਹਿਲਾਂ ਨਹੀਂ ਸੀ। ਸਕੂਲ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ। ਇਸ ਸਕੂਲ ਦੇ ਪਖਾਨੇ ਸਾਫ ਸੁਥਰੇ ਅਤੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਬਿਹਤਰ ਬਣਾਏ ਗਏ ਹਨ, ਤਾਂ ਜੋ ਪ੍ਰਾਈਵੇਟ ਸਕੂਲਾਂ ਨੂੰ ਮਾਤ ਦਿੱਤੀ ਜਾ ਸਕੇ। ਵੱਧ ਤੋਂ ਵੱਧ ਪੰਜਾਬ ਦੇ ਵਿਦਿਆਰਥੀਆਂ ਦਾ ਸਰਕਾਰੀ ਸਕੂਲਾਂ ਵੱਲ ਰੁਝਾਨ ਵਧਾਇਆ ਜਾ ਸਕੇ। ਇਹੀ ਕਾਰਨ ਹੈ ਕਿ ਲਗਾਤਾਰ ਵਿਦਿਆਰਥੀਆਂ ਦਾ ਰੁਝਾਨ ਹੁਣ ਸਰਕਾਰੀ ਸਕੂਲਾਂ ਵੱਲ ਵੱਧ ਰਿਹਾ ਹੈ। ਵੱਡੀ ਗਿਣਤੀ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਵੀ ਛੱਡ ਕੇ ਵਿਦਿਆਰਥੀ ਸਰਕਾਰੀ ਸਕੂਲਾਂ ਦਾ ਰੁੱਖ ਕਰ ਰਹੇ ਹਨ।