ਚੰਡੀਗੜ੍ਹ: ਪੰਜਾਬ ਪੁਲਿਸ ਨੇ ਇਸ ਸਾਲ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਫੜੀਆਂ ਹਨ। ਜੇਕਰ ਪੁਲਿਸ ਵੱਲੋਂ ਫੜੇ ਗਏ ਨਸ਼ੀਲੇ ਪਦਾਰਥਾਂ ਉੱਤੇ ਨਜ਼ਰ ਮਾਰੀ ਜਾਏ ਤਾਂ ਇਸ ਸਾਲ ਸਿੰਥੈਟਿਕ ਨਸ਼ੇ ਦੀ ਮਾਤਰਾ ਦੂਜੇ ਰਵਾਇਤੀ ਨਸ਼ਿਆਂ ਨਾਲੋਂ ਜ਼ਿਆਦਾ ਹੈ। ਸਾਲ 2024 ਵਿੱਚ ਸਿੰਥੈਟਿਕ ਨਸ਼ੇ ਜਿਵੇਂ ਕਿ ਮੇਥਾਮਫੇਟਾਮਿਨ (ਆਈਸ), ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਦੀ ਮਾਤਰਾ ਪਹਿਲਾਂ ਨਾਲੋਂ ਵਧੀ ਹੈ। ਸਾਲ 2022 ਵਿੱਚ 32 ਕਿਲੋਗ੍ਰਾਮ ਆਈਸ ਫੜੀ ਗਈ ਸੀ ਜਦੋਂ ਕਿ ਪਿਛਲੇ ਸਾਲ 2023 ਵਿੱਚ ਮਹਿਜ਼ ਇੱਕ ਕਿਲੋਗ੍ਰਾਮ ਹੀ ਆਈਸ ਫੜੀ ਗਈ ਸੀ, ਇਸ ਸਾਲ ਦਾ ਇਹ ਅੰਕੜਾ 21.72 ਕਿਲੋਗ੍ਰਾਮ ਹੈ।
Leveraging technology in #Punjab’s fight against drugs by modernising the Anti-Narcotics Task Force with cutting-edge softwares and hardware.
— DGP Punjab Police (@DGPPunjabPolice) November 17, 2024
The launch of the Support Services Unit (SSU) of @ANTFPunjab will act as a force multiplier. The unit is equipped with tools to tackle… pic.twitter.com/IfyY7arcjT
ਪੰਜਾਬ ਪੁਲਿਸ ਦਾ 'ਆਪਰੇਸ਼ਨ ਕਾਸੋ'
ਸਾਲ 2024 ਵਿੱਚ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਹਰੇਕ ਜ਼ਿਲ੍ਹੇ ਦੀ ਪੁਲਿਸ ਨਾਲ ਮਿਲ ਕੇ ਪਿੰਡ ਪੱਧਰ ਉੱਤੇ ਨਸ਼ਾ ਤਸਤਰਾਂ 'ਤੇ ਨਕੇਲ ਕਸਣ ਲਈ "ਆਪਰੇਸ਼ਨ ਕਾਸੋ" ਤਹਿਤ ਵੱਡੀ ਮਾਤਰਾ ਵਿੱਚ ਨਸ਼ਾ ਫੜਿਆ ਗਿਆ। ਇਸ ਤੋਂ ਇਲਾਵਾ ਰੋਜ਼ਾਨਾ ਦੇ ਪੁਲਿਸ ਨਾਕਿਆਂ 'ਤੇ ਵੀ ਪੁਲਿਸ ਨੂੰ ਸਫ਼ਲਤਾ ਹਾਸਿਲ ਹੋਈ ਹੈ। ਪੁਲਿਸ ਦੇ ਡੀਜੀਪੀ ਗੌਰਵ ਯਾਦਵ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਦੌਰਾਨ ਵੱਡੇ ਨਸ਼ਾ ਤਸਕਰਾਂ 'ਤੇ ਜਿਹੜੀ ਨਕੇਲ ਕਸੀ ਗਈ ਹੈ ਉਸ ਦਾ ਹੀ ਨਤੀਜਾ ਹੈ ਕਿ ਇਸ ਸਾਲ ਪੰਜਾਬ ਦੇ ਪਿੰਡਾਂ, ਕਸਬਿਆਂ ਵਿੱਚ ਹੈਰੋਇਨ ਦੀ ਵਿਕਰੀ ਘਟੀ ਹੈ ਪਰ ਨਸ਼ਾ ਤਸਕਰਾਂ ਨੇ ਇਸ ਸਾਲ ਸਿੰਥੈਟਿਕ ਡਰੱਗ ਦਾ ਸਹਾਰਾ ਜ਼ਰੂਰ ਲਿਆ ਹੈ।
ਸਿੰਥੈਟਿਕ ਨਸ਼ੇ ਨੇ ਲਈ ਚਿੱਟੇ' ਦੀ ਥਾਂ
ਇਸ ਸਾਲ ਨਸ਼ਾ ਤਸਕਰਾਂ ਨੇ 'ਚਿੱਟੇ' ਦੀ ਬਜਾਏ ਨਸ਼ੀਲੇ ਕੈਪਸੂਲਾਂ ਤੇ ਗੋਲੀਆਂ ਵੇਚ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ 'ਤੇ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿੱਚ ਟਰਾਮਾਡੋਲ ਗੋਲੀਆਂ ਅਤੇ ਸਿਗਨੇਚਰ ਕੈਪਸੂਲ (ਜਿਸ ਨੂੰ ਮਾਲਵੇ ਵਿੱਚ ਨਸ਼ੇੜੀ ਘੋੜੇ ਵਾਲੇ ਕੈਪਸੂਲ ਵੀ ਕਹਿੰਦੇ ਹਨ) ਵਰਗੇ ਨਸ਼ੇ ਵੀ ਸ਼ਾਮਿਲ ਹਨ। ਪਿਛਲੇ ਕੁਝ ਸਾਲਾਂ ਦੇ ਮੁਕਾਬਲੇ 2024 ਵਿੱਚ ਫੜੇ ਗਏ ਸਿੰਥੈਟਿਕ ਨਸ਼ੇ ਦੀ ਮਾਤਰਾ ਹੈਰਾਨ ਕਰਨ ਵਾਲੀ ਹੈ। ਇਸ ਸਾਲ ਪੁਲਿਸ ਵੱਲੋਂ ਫੜੇ ਗਏ ਨਸ਼ੀਲੇ ਕੈਪਸੂਲਾਂ ਤੇ ਗੋਲੀਆਂ ਦੀ ਗਿਣਤੀ 2 ਕਰੋੜ 92 ਲੱਖ 51 ਹਜ਼ਾਰ ਤੋਂ ਵੱਧ ਹੈ। ਪਿਛਲੇ ਸਾਲ 2023 ਵਿੱਚ ਇਹ ਗਿਣਤੀ 81.42 ਲੱਖ ਦੇ ਕਰੀਬ ਸੀ। ਜੇਕਰ ਪਿਛਲੇ 5 ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਏ ਤਾਂ ਸਾਲ 2020 ਵਿੱਚ ਇਹ ਗਿਣਤੀ 4.66 ਕਰੋੜ ਸੀ। ਇਸ ਸਾਲ 2024 ਵਿੱਚ ਪੁਲਿਸ ਨੇ 13.78 ਕਰੋੜ ਦੀ ਡਰੱਗ ਮਨੀ ਨਸ਼ਾ ਤਸਕਰਾਂ ਕੋਲੋਂ ਫੜੀ ਹੈ। ਪਿਛਲੇ ਸਾਲ 2023 ਵਿੱਚ ਪੁਲਿਸ ਨੇ 12.49 ਕਰੋੜ ਦੀ ਡਰੱਗ ਮਨੀ ਤਸਕਰਾਂ ਕੋਲੋਂ ਜ਼ਬਤ ਕੀਤੀ ਸੀ।
Punjab Police has intensified its anti-drug efforts with a twin approach of focused crackdown on big fish and massive campaign against trafficking at points of sale. In 2024, 153 major traffickers linked to big seizures of over 2 Kg Heroin each have been arrested, and properties… pic.twitter.com/wIpA6xgPfe
— DGP Punjab Police (@DGPPunjabPolice) October 30, 2024
ਗੋਲੀਆਂ ਤੇ ਕੈਪਸੂਲ
2020- 4,66,86,333 ਗੋਲੀਆਂ ਤੇ ਕੈਪਸੂਲ
2021- 1,75,55,710 ਗੋਲੀਆਂ ਤੇ ਕੈਪਸੂਲ
2022- 67,19,321 ਗੋਲੀਆਂ ਤੇ ਕੈਪਸੂਲ
2023- 81,42,384 ਗੋਲੀਆਂ ਤੇ ਕੈਪਸੂਲ
2024- 2,92,51,020 ਗੋਲੀਆਂ ਤੇ ਕੈਪਸੂਲ
ਡਰੱਗ ਮਨੀ ਜ਼ਬਤੀ
2020- 4.26 ਕਰੋੜ
2021- 5.55 ਕਰੋੜ
2022- 8.15 ਕਰੋੜ
2023- 12.49 ਕਰੋੜ
2024- 13.78 ਕਰੋੜ
ਰਵਾਇਤੀ ਨਸ਼ਿਆਂ ਦੀ ਮਾਰ ਘਟੀ
ਜੇਕਰ ਰਵਾਇਤੀ ਨਸ਼ਿਆਂ ਅਫ਼ੀਮ ਅਤੇ ਭੁੱਕੀ ਦੀ ਗੱਲ ਕੀਤੀ ਜਾਏ ਤਾਂ ਸਾਲ 2019 ਤੋਂ ਲੈ ਕੇ ਸਾਲ 2024 ਤੱਕ ਇਹ ਗਿਣਤੀ ਵਧੀ ਜਾਂ ਘਟੀ ਹੈ। 2024 ਵਿੱਚ ਪੁਲਿਸ ਨੇ 888 ਕਿਲੋਗ੍ਰਾਮ ਅਫ਼ੀਮ ਫੜੀ ਹੈ ਜਦੋਂਕਿ ਸਾਲ 2023 ਵਿੱਚ ਇਹ ਮਾਤਰਾ 896 ਕਿਲੋਗ੍ਰਾਮ ਤੇ ਸਾਲ 8022 ਵਿੱਚ 863 ਕਿਲੋਗ੍ਰਾਮ ਸੀ। ਸਾਲ 2024 ਵਿੱਚ ਕਰੀਬ 38359 ਕਿਲੋਗ੍ਰਾਮ ਭੁੱਕੀ ਫੜੀ ਗਈ ਜਦੋਂਕਿ ਪਿਛਲੇ ਸਾਲ 2023 ਵਿੱਚ ਇਹ 44047 ਕਿਲੋਗ੍ਰਾਮ ਸੀ। ਪੰਜਾਬ ਪੁਲਿਸ ਨੇ ਇਸ ਸਾਲ 778 ਕਿਲੋਗ੍ਰਾਮ ਗਾਂਜਾ ਤੇ 93 ਕਿਲੋਗ੍ਰਾਮ ਚਰਸ ਵੀ ਫੜੀ ਹੈ।
2020- 394 ਕਿਲੋਗ੍ਰਾਮ
2021- 706 ਕਿਲੋਗ੍ਰਾਮ
2022- 863 ਕਿਲੋਗ੍ਰਾਮ
2023- 896 ਕਿਲੋਗ੍ਰਾਮ
2024- 888 ਕਿਲੋਗ੍ਰਾਮ
ਭੁੱਕੀ
2020- 34062 ਕਿਲੋਗ੍ਰਾਮ
2021- 34211 ਕਿਲੋਗ੍ਰਾਮ
2022- 45830 ਕਿਲੋਗ੍ਰਾਮ
2023- 44047 ਕਿਲੋਗ੍ਰਾਮ
2024- 38359 ਕਿਲੋਗ੍ਰਾਮ
ਗਾਂਜਾ
2020- 854 ਕਿਲੋਗ੍ਰਾਮ
2021- 2556 ਕਿਲੋਗ੍ਰਾਮ
2022- 1765 ਕਿਲੋਗ੍ਰਾਮ
2023- 1273 ਕਿਲੋਗ੍ਰਾਮ
2024- 778 ਕਿਲੋਗ੍ਰਾਮ'
ਪੰਜਾਬ ਪੁਲਿਸ ਦੀ ਤਿੰਨ ਪੱਖੀ ਰਣਨੀਤੀ
ਪੰਜਾਬ ਪੁਲਿਸ ਵੱਲੋਂ ਇਸ ਸਾਲ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਤਿੰਨ ਪੱਖੀ ਰਣਨੀਤੀ 'ਤੇ ਕੰਮ ਕੀਤਾ ਗਿਆ ਹੈ, ਜਿਸ ਵਿਚ ਨਸ਼ਾ ਰੋਕੂ ਕਾਨੂੰਨ ਨੂੰ ਲਾਗੂ ਕਰਨਾ, ਨੌਜਵਾਨਾਂ ਦਾ ਨਸ਼ਾ ਛੁਡਾਉਣਾ, ਅਤੇ ਨਸ਼ਿਆਂ ਦੀ ਰੋਕਥਾਮ ਲਈ ਰਣਨੀਤੀ ਤਹਿਤ ਕੰਮ ਕਰਨਾ। ਪੰਜਾਬ ਪੁਲਿਸ ਨੇ ਇਸ ਸਾਲ ਨਸ਼ਿਆਂ ਦੀ ਸਪਲਾਈ ਦੀ ਚੇਨ ਤੋੜਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਜਦੋਂਕਿ ਵੱਡੀ ਗਿਣਤੀ ਵਿੱਚ ਨਸ਼ਿਆਂ ਦੀ ਮਾਰ ਹੇਠ ਆਏ ਨੌਜਵਾਨਾਂ ਨੂੰ ਨਸ਼ਾ ਛੁਡਾਊਂ ਕੇਂਦਰਾਂ ਵਿੱਚ ਭਰਤੀ ਕਰਾਉਣਾ ਹੈ ਤਾਂ ਜੋ ਨਸ਼ਿਆਂ ਦੀ ਮੰਗ ਨੂੰ ਜਿੰਨਾ ਹੋ ਸਕੇ ਘਟਾਇਆ ਜਾ ਸਕੇ।
ਵੱਡੇ ਮਗਰਮੱਛ ਵੀ ਫਸੇ ਕਾਨੂੰਨ ਦੇ ਸ਼ਿਕੰਜੇ 'ਚ
ਪੰਜਾਬ ਪੁਲਿਸ ਨੇ ਇਸ ਸਾਲ 2024 ਵਿੱਚ 153 ਵੱਡੇ ਨਸ਼ਾ ਤਸਕਰਾਂ ਦੇ ਨੈਟਵਰਕ ਨੂੰ ਤੋੜਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਤੇ ਨਸ਼ਾ ਤਸਕਰਾਂ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਬਣਾਈ 208 ਕਰੋੜ ਦੀ ਜਾਇਦਾਦ ਵੀ ਜ਼ਬਤ ਕੀਤੀ ਹੈ। ਪੁਲਿਸ ਨੇ ਪਿਛਲੇ 30 ਮਹੀਨਿਆਂ ਦੌਰਾਨ 5856 ਵੱਡੇ ਮਗਰਮੱਛਾਂ ਨੂੰ ਫੜਿਆ ਹੈ ਜਿਹੜੇ ਨਾ ਸਿਰਫ਼ ਗੁਆਂਢੀ ਸੂਬਿਆਂ ਬਲਕਿ ਪਾਕਿਸਤਾਨ, ਅਫ਼ਗਾਨਿਸਤਾਨ ਤੇ ਹੋਰਨਾਂ ਮੁਲਕਾਂ ਤੋਂ ਵੀ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਸਨ। ਮਾਰਚ, 2022 ਤੋਂ ਪੰਜਾਬ ਪੁਲਿਸ ਨੇ ਸੂਬੇ ਦੇ 602 ਵੱਡੇ ਤਸਕਰਾਂ ਦੀ 324.28 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ।
ਇਸ ਸਾਲ ਪੰਜਾਬ ਪੁਲਿਸ ਲਈ ਸਭ ਤੋਂ ਵੱਡੀ ਪ੍ਰਾਪਤੀ ਤੁਰਕੀ ਅਧਾਰਿਤ ਸਮੱਗਲਰਾਂ ਨਵਜੋਤ ਸਿੰਘ (ਅੰਮ੍ਰਿਤਸਰ) ਅਤੇ ਲਵਪ੍ਰੀਤ ਕੁਮਾਰ (ਕਪੂਰਥਲਾ) ਨੂੰ ਫੜ ਕੇ ਉਨ੍ਹਾਂ ਕੋਲੋਂ 105 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਕਰਨਾ ਰਿਹਾ। ਇਹ ਦੋਵੇਂ ਸਮੱਗਲਰ ਨਵ ਭੁੱਲਰ ਦੇ ਕਰਿੰਦੇ ਸਨ। ਨਵ ਭੁੱਲਰ ਪੰਜਾਬ ਦੇ ਸਥਾਨਕ ਸਮੱਗਲਰਾਂ ਨਾਲ ਮਿਲ ਕੇ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਨੈਟਵਰਕ ਚਲਾਉਂਦਾ ਹੈ।
ਹੈਰੋਇਨ
2020- 760 ਕਿਲੋਗ੍ਰਾਮ
2021- 571 ਕਿਲੋਗ੍ਰਾਮ
2022- 594 ਕਿਲੋਗ੍ਰਾਮ
2023- 1359 ਕਿਲੋਗ੍ਰਾਮ
2024- 983.9 ਕਿਲੋਗ੍ਰਾਮ
ਗੁਆਂਢੀ ਸੂਬਿਆਂ ਤੋਂ ਤਸਕਰੀ ਬਣੀ ਵੱਡੀ ਸਮੱਸਿਆ
ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਉਤਪਾਦਨ ਨਹੀਂ ਹੁੰਦਾ ਪਰ ਕਿਉਂਕਿ ਪੰਜਾਬ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਅਤੇ ਇਸ ਦੀਆਂ ਹੱਦਾਂ ਹਿਮਾਚਲ, ਹਰਿਆਣਾ, ਰਾਜਸਥਾਨ ਨਾਲ ਲਗਦੀਆਂ ਹੋਣ ਕਾਰਨ ਕਈ ਤਰੀਕਿਆਂ ਨਾਲ ਨਸ਼ਾ ਪੰਜਾਬ ਵਿੱਚ ਦਾਖਲ ਹੁੰਦਾ ਹੈ। ਪਾਕਿਸਤਾਨ ਵਾਲੇ ਪਾਸਿਉਂ ਡਰੋਨ ਜ਼ਰੀਏ ਹੁਣ ਨਸ਼ੇ ਦੀ ਤਸਕਰੀ ਪਹਿਲਾਂ ਨਾਲੋਂ ਜ਼ਿਆਦਾ ਵਧੀ ਹੈ। ਅਫੀਮ ਦੀ ਤਸਕਰੀ ਮੱਧ ਪ੍ਰਦੇਸ਼ ਅਤੇ ਝਾਰਖੰਡ ਸੂਬਿਆਂ ਤੋਂ ਹੋ ਰਹੀ ਹੈ ਜਦੋਂਕਿ ਭੁੱਕੀ ਝਾਰਖੰਡ ਅਤੇ ਗਾਂਜਾ ਹਿਮਾਚਲ ਪ੍ਰਦੇਸ਼ ਤੋਂ ਤਸਕਰੀ ਜ਼ਰੀਏ ਪੰਜਾਬ ਧੱਕਿਆ ਜਾ ਰਿਹਾ ਹੈ। ਪੰਜਾਬ ਪੁਲਿਸ ਦੇ ਇੰਟਰ ਸਟੇਟ ਨਾਕਿਆਂ 'ਤੇ ਵਧਾਈ ਚੌਕਸੀ ਨੇ ਵੀ ਕਾਫ਼ੀ ਹੱਦ ਤੱਕ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਅਸਫ਼ਲ ਕੀਤਾ ਹੈ।
ਪਾਕਿਸਤਾਨ ਤੋਂ ਡਰੋਨਾਂ ਰਾਹੀਂ ਤਸਕਰੀ
ਸਾਲ 2024 ਵਿੱਚ 984 ਕਿਲੋਗ੍ਰਾਮ ਹੈਰੋਇਨ ਵੀ ਪੰਜਾਬ ਪੁਲਿਸ ਵੱਲੋਂ ਜ਼ਬਤ ਕੀਤੀ ਗਈ ਹੈ ਜਦੋਂਕਿ ਪਿਛਲੇ ਸਾਲ ਇਹ ਅੰਕੜਾ 1359 ਕਿਲੋਗ੍ਰਾਮ ਸੀ। ਪਾਕਿਸਤਾਨ ਵਾਲੇ ਪਾਸਿਉਂ ਡਰੋਨਾਂ ਰਾਹੀ ਹੈਰੋਇਨ ਦੇ ਪੈਕੇਟ ਸੁੱਟੇ ਜਾਂਦੇ ਹਨ। ਜੇਕਰ ਡੀਜੀਪੀ ਪੰਜਾਬ ਦੇ ਐਕਸ ਅਕਾਊਂਟ ਨੂੰ ਦੇਖਿਆ ਜਾਏ ਤਾਂ ਸਭ ਤੋਂ ਵੱਧ ਹੈਰੋਇਨ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਖੇਤਰ ਵਿੱਚੋਂ ਫੜੀ ਗਈ ਹੈ। ਇਸ ਸਾਲ ਬੀਐਸਐਫ਼ ਵੱਲੋਂ 270 ਡਰੋਨ ਫੜੇ ਗਏ। ਸਾਲ 2023 ਵਿੱਚ ਇਹ ਗਿਣਤੀ 107 ਜਦੋਂਕਿ ਸਾਲ 2022 ਵਿੱਚ ਮਹਿਜ਼ 21 ਡਰੋਨ ਫੜੇ ਗਏ ਸਨ।
ਤਸਕਰਾਂ ਉੱਤੇ ਨਜ਼ਰ ਰੱਖਣ ਲਈ ਭਾਰਤ-ਪਾਕਿਸਤਾਨ ਬਾਰਡਰ ਉੱਤੇ ਵਿਸ਼ੇਸ਼ ਥਾਵਾਂ ਉੱਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਅਗਲੇ 3-4 ਮਹੀਨਿਆਂ ਵਿੱਚ ਇਸ ਦੇ ਵੀ ਸਕਾਰਾਤਮਕ ਸਿੱਟੇ ਨਿਕਲਣਗੇ।
NDPS ਐਕਟ ਤਹਿਤ ਮਾਮਲੇ
ਪੰਜਾਬ ਵਿੱਚ ਹਰੇਕ ਸਾਲ 12000 ਦੇ ਕਰੀਬ NDPS ਐਕਟ ਤਹਿਤ ਮਾਮਲੇ ਦਰਜ ਹੁੰਦੇ ਹਨ ਜਦੋਂਕਿ 13000 ਤੋਂ 14000 ਦੇ ਕਰੀਬ ਗ੍ਰਿਫ਼ਤਾਰੀਆਂ ਹੁੰਦੀਆਂ ਹਨ। ਜਦੋਂਕਿ ਪੰਜਾਬ ਨੂੰ ਛੱਡ ਕੇ ਸਾਰੇ ਭਾਰਤ ਵਿੱਚ 16000 ਦੇ ਕਰੀਬ FIR ਦਰਜ ਹੁੰਦੀਆਂ ਹਨ। ਭਾਰਤ ਦੇ ਨਕਸ਼ੇ ਤੇ ਮਹਿਜ਼ 2 ਫੀਸਦੀ ਧਰਾਤਲ ਵਾਲੇ ਪੰਜਾਬ ਲਈ ਇਹ ਸਚਮੁੱਚ ਵੱਡੀ ਚੁਣੌਤੀ ਹੈ। ਪੰਜਾਬ ਦੇ ਪਿੰਡਾਂ ਵਿੱਚ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਠੀਕਰੀ ਪਹਿਰਾ ਦੇਣ ਵਾਲੀਆਂ ਕਮੇਟੀਆਂ ਕਾਰਨ ਵੀ ਨਸ਼ੇ ਤੇ ਲਗਾਮ ਕਸੀ ਗਈ ਹੈ। ਪਿੰਡ ਦੇ ਹੀ 10-15 ਨੌਜਵਾਨਾਂ ਨੂੰ ਲੈ ਕੇ ਬਣਾਈ ਕਮੇਟੀ ਆਪਣੇ ਪਿੰਡ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾ ਰਹੀ ਹੈ।