ਲੁਧਿਆਣਾ: ਸ਼ਹਿਰ ਦੇ ਬੱਸ ਸਟੈਂਡ ਨੇੜੇ ਬੀਤੀ ਦੇਰ ਰਾਤ ਪੰਜਾਬ ਪੁਲਿਸ ਦੀ ਮਿੰਨੀ ਬੱਸ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਬੱਸ ਸਿੱਧਾ ਜਾ ਕੇ ਸ਼ਰਾਬ ਦੇ ਠੇਕੇ ਵਿੱਚ ਜਾ ਵੱਜੀ। ਬੱਸ ਵਿੱਚ 1 ਦਰਜਨ ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਮੌਜੂਦ ਸਨ, ਜਿਨ੍ਹਾਂ ਚੋਂ 4 ਦੇ ਕਰੀਬ ਮੁਲਾਜ਼ਮ ਜਖ਼ਮੀ ਹੋ ਗਏ। ਜਖਮੀਆਂ ਨੂੰ ਸਰਕਾਰੀ ਸਿਵਿਲ ਹਸਪਤਾਲ ਲਿਜਾਇਆ ਗਿਆ।
ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋਣ ਕਾਰਨ ਹਾਦਸਾ: ਮੁੱਢਲੀ ਜਾਣਕਾਰੀ ਵਿੱਚ ਪਤਾ ਲੱਗਾ ਕਿ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੈ। ਬੱਸ ਪੰਜਾਬ ਪੁਲਿਸ ਦੀ ਸੀ ਅਤੇ ਸਾਰੇ ਹੀ ਪੁਲਿਸ ਦੇ ਮੁਲਾਜ਼ਮ ਹੀ ਬੱਸ ਵਿੱਚ ਸਵਾਰ ਸਨ। ਇਹ ਹਾਦਸਾ ਬੀਤੀ ਦੇਰ ਰਾਤ ਹੋਇਆ ਹੈ ਜਿਸ ਤੋਂ ਬਾਅਦ ਜਖਮੀਆਂ ਦੀ ਹਾਲਤ ਫਿਲਹਾਲ ਠੀਕ ਦੱਸੀ ਜਾ ਰਹੀ ਹੈ। ਮੌਕੇ ਉੱਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਵੱਲੋਂ ਜਖ਼ਮੀ ਮੁਲਾਜ਼ਮਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਦੇਰ ਰਾਤ ਵਾਪਰਿਆ ਹਾਦਸਾ: ਹਾਦਸਾ ਹੋਣ ਤੇ ਬਾਅਦ ਕਾਫੀ ਦੇਰ ਤੱਕ ਐਂਬੂਲੈਂਸ ਨਹੀਂ ਪਹੁੰਚੀ ਜਿਸ ਕਰਕੇ ਜ਼ਖਮੀ ਮੁਲਾਜ਼ਮਾਂ ਨੂੰ ਆਟੋ ਉੱਤੇ ਹੀ ਸਿਵਲ ਹਸਪਤਾਲ ਲੈ ਜਾਣਾ ਪਿਆ। ਹਾਦਸੇ ਵਿੱਚ ਕਈ ਹੋਰ ਵਾਹਨ ਵੀ ਨੁਕਸਾਨੇ ਗਏ ਅਤੇ ਠੇਕੇ ਦਾ ਵੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਹ ਬਸ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਸੀ। ਲੁਧਿਆਣਾ ਬੱਸ ਸਟੈਂਡ ਦੇ ਕੋਲ ਪਹੁੰਚ ਕੇ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ। ਮੌਕੇ ਉੱਤੇ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਹਾਦਸਾ ਕਾਫੀ ਖਤਰਨਾਕ ਸੀ ਅਤੇ ਕਈ ਮੁਲਾਜ਼ਮ ਵੀ ਹਾਦਸੇ ਵਿੱਚ ਜਖ਼ਮੀ ਹੋ ਗਏ।
ਜਾਨੀ ਨੁਕਸਾਨ ਤੋਂ ਵੱਡਾ ਬਚਾਅ ਰਿਹਾ: ਹਾਲਾਂਕਿ, ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਬੱਸ ਵਿੱਚ ਬੈਠੇ ਮੁਲਾਜ਼ਮਾਂ ਨੇ ਦੱਸਿਆ ਕਿ ਬੱਸ ਦੀ ਬ੍ਰੇਕਾਂ ਫੇਲ੍ਹ ਹੋ ਗਈਆਂ ਸੀ ਜਿਸ ਕਰਕੇ ਇਹ ਹਾਦਸਾ ਹੋਇਆ ਹੈ, ਹਾਲਾਂਕਿ ਬਾਅਦ ਵਿੱਚ ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉੱਥੇ ਹੀ ਠੇਕੇ ਦੇ ਕਰਿੰਦਿਆਂ ਨੇ ਕਿਹਾ ਕਿ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਪਹਿਲਾਂ ਹੋਰ ਵਾਹਨਾਂ ਵਿੱਚ ਵੱਜ ਕੇ ਬੱਸ ਦੀ ਰਫਤਾਰ ਘੱਟ ਗਈ ਸੀ ਜਿਸ ਕਰਕੇ ਕੋਈ ਵੱਡਾ ਹਾਦਸਾ ਨਹੀਂ ਹੋਇਆ। ਇਸ ਤੋਂ ਬਾਅਦ ਮੌਕੇ ਉੱਤੇ ਹੀ ਮੌਜੂਦ ਇੱਕ ਨੌਜਵਾਨ ਨੇ ਬੱਸ ਨੂੰ ਪਿੱਛੇ ਕੀਤਾ, ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਦੱਸਿਆ ਕਿ ਉਹ ਬੱਸ ਚਲਾਉਣੀ ਜਾਣਦਾ ਹੈ। ਉਨ੍ਹਾਂ ਕਿਹਾ ਕਿ ਬੱਸ ਦਾ ਡਰਾਈਵਰ ਮੌਕੇ ਤੋਂ ਭੱਜ ਗਿਆ ਹੈ।