ਹੈਦਰਾਬਾਦ ਡੈਸਕ: ਵੱਖ-ਵੱਖ ਏਜੰਸੀਆਂ ਵੱਲੋਂ ਐਗਜਿਟ ਪੋਲ ਦੇ ਨਤੀਜੇ ਵੇਖੇ ਜਾਣ ਤਾਂ ਪੰਜਾਬ ਦੇ ਵਿੱਚ ਲਗਭਗ ਸਾਰਿਆਂ ਨੇ ਹੀ ਕਾਂਗਰਸ ਨੂੰ 5 ਤੋਂ ਲੈ ਕੇ 7 ਸੀਟਾਂ ,ਆਮ ਆਦਮੀ ਪਾਰਟੀ ਨੂੰ 3 ਤੋਂ 4 ਸੀਟਾਂ ਜਦਕਿ ਭਾਜਪਾ ਨੂੰ 1 ਤੋਂ 2, ਅਕਾਲੀ ਦਲ ਨੂੰ 1 ਅਤੇ ਆਜ਼ਾਦ ਉਮੀਦਵਾਰ ਨੂੰ 1 ਸੀਟ ਦਿੱਤੀ ਹੈ। ਉੱਥੇ ਹੀ ਅਕਾਲੀ ਦਲ ਅਤੇ ਭਾਜਪਾ ਜੋ ਕਿ ਪਹਿਲਾਂ ਇਕੱਠੇ ਚੋਣ ਲੜਦੇ ਰਹੇ ਇਸ ਵਾਰ ਇਕੱਲੇ ਲੋਕ ਸਭਾ ਚੋਣ ਲੜ ਰਹੇ ਹਨ। ਉਹਨਾਂ ਨੂੰ ਇਕੱਲੇ ਚੋਣ ਲੜਨ ਦਾ ਨੁਕਸਾਨ ਭੁਗਤਣਾ ਪੈ ਸਕਦਾ ਹੈ। ਇਸ ਤਰ੍ਹਾਂ ਨਹੀਂ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਉਹਦੇ ਹੱਥ ਖਾਲੀ ਰਹਿ ਜਾਣਗੇ, ਉੱਥੇ ਹੀ ਕਈ ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਦਾ ਵੀ ਇਸ ਲੋਕ ਸਭਾ ਚੋਣਾਂ ਦੇ ਵਿੱਚ ਕਾਫੀ ਪ੍ਰਭਾਵ ਵੇਖਣ ਨੂੰ ਮਿਿਲਆ ਹੈ। ਖਾਸ ਕਰਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਅਤੇ ਲੋਕ ਸਭਾ ਹਲਕਾ ਫਰੀਦਕੋਟ 'ਤੇ ਆਜ਼ਾਦ ਉਮੀਦਵਾਰ ਖੇਤਰੀ ਅਤੇ ਕੌਮੀ ਪਾਰਟੀਆਂ 'ਤੇ ਭਾਰੀ ਪੈਂਦੇ ਵਿਖਾਈ ਦੇ ਰਹੇ ਹਨ। ਜੇਕਰ ਇਹਨਾਂ ਸਾਰੀਆਂ ਹੀ ਸੀਟਾਂ ਦੇ ਸੂਰਤ-ਏ-ਹਾਲ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਕਾਂਗਰਸ ਸੀਟਾਂ ਜਿੱਤਣ ਦੇ ਮਾਮਲੇ ਦੇ 'ਚ ਪਹਿਲੇ, ਦੂਜੇ ਨੰਬਰ 'ਤੇ ਆਮ ਆਦਮੀ ਪਾਰਟੀ ਅਤੇ ਤੀਜੇ 'ਤੇ ਅਕਾਲੀ ਅਤੇ ਭਾਜਪਾ ਰਹਿ ਸਕਦੀਆਂ ਹਨ। ਜੇਕਰ
ਖਡੂਰ ਸਾਹਿਬ: ਖਡੂਰ ਸਾਹਿਬ ਲੋਕ ਸਭਾ ਸੀਟ ਇਸ ਵਾਰ ਸਭ ਤੋਂ ਜਿਆਦਾ ਚਰਚਾ ਦਾ ਵਿਸ਼ਾ ਬਣੀ ਰਹੀ ਕਿਉਂਕਿ ਇਸ ਸੀਟ 'ਤੇ ਐਨਐਸਏ ਦੇ ਤਹਿਤ ਡਿਬੜੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਚੋਣ ਲੜੇ ਹਨ। ਇਲਾਕੇ ਦੇ ਵਿੱਚ ਪੰਥਕ ਵੋਟ ਦੀ ਵੱਡੀ ਭਰਮਾਰ ਹੈ। ਅੰਮ੍ਰਿਤਪਾਲ ਖੁੱਲ ਕੇ ਪੰਥਕ ਏਜੰਡੇ ਦਾ ਸਾਥ ਦਿੰਦਾ ਰਿਹਾ ਹੈ। ਸਿੱਖੀ ਅਤੇ ਸਿੱਖ ਕੌਮ ਨੂੰ ਅੱਗੇ ਲੈ ਜਾਣ ਲਈ ਉਨਾਂ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਅੰਦਰ ਜੋ ਗਤੀਵਿਧੀਆਂ ਕੀਤੀਆਂ ਉਸ ਤੋਂ ਸਿੱਖ ਵੋਟਰ ਖਾਸ ਕਰਕੇ ਪ੍ਰਭਾਵਿਤ ਹੋਏ ਹਨ, ਜਿਸ ਕਰਕੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਆਜ਼ਾਦ ਉਮੀਦਵਾਰ ਵਜੋਂ ਜਿੱਤ ਸਕਦੇ ਹਨ। ਹਾਲਾਂਕਿ ਇਸ ਸੀਟ ਤੋਂ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ, ਕਾਂਗਰਸ ਦੇ ਕੁਲਬੀਰ ਜੀਰਾ ਅਤੇ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਚੋਣ ਮੈਦਾਨ ਦੇ ਵਿੱਚ ਰਹੇ ਹਨ ਪਰ ਖਡੂਰ ਸਾਹਿਬ ਦੇ ਵਿੱਚ ਲਗਾਤਾਰ ਪੰਥਕ ਲਹਿਰ ਦਾ ਅਸਰ ਵੇਖਣ ਨੂੰ ਮਿਲਦਾ ਰਿਹਾ ਹੈ। ਖਡੂਰ ਸਾਹਿਬ ਸੀਟ 'ਤੇ 56 ਫੀਸਦੀ ਦੇ ਕਰੀਬ ਵੋਟਿੰਗ ਹੋਈ ਹੈ।
ਲੁਧਿਆਣਾ: ਪੰਜਾਬ ਦੀ ਲੋਕ ਸਭਾ ਸੀਟ ਲੁਧਿਆਣਾ ਵੀ ਇਸ ਵਾਰ ਚਰਚਾ ਦਾ ਵਿਸ਼ਾ ਬਣੀ ਰਹੀ ਕਿਉਂਕਿ ਜਿੱਥੇ ਰਵਨੀਤ ਬਿੱਟੂ ਭਾਜਪਾ 'ਚ ਸ਼ਾਮਿਲ ਹੋ ਕੇ ਭਾਜਪਾ ਤੋਂ ਖੜੇ, ਉਧਰ ਦੂਜੇ ਪਾਸੇ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ।ਉੱਥੇ ਹੀ ਆਮ ਆਦਮੀ ਪਾਰਟੀ ਨੇ ਮੌਜੂਦਾ ਐਮਐਲਏ ਅਸ਼ੋਕ ਪਰਾਸ਼ਰ ਪੱਪੀ ਨੂੰ ਟਿਕਟ ਦਿੱਤੀ ।ਅਕਾਲੀ ਦਲ ਨੇ ਸਾਬਕਾ ਐਮਐਲਏ ਰਣਜੀਤ ਢਿੱਲੋਂ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ। ਲੁਧਿਆਣਾ ਸੀਟ 'ਤੇ ਜੇਕਰ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਹੀ ਮੁਕਾਬਲਾ ਮੁੱਖ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਲੁਧਿਆਣਾ ਦੇ ਸ਼ਹਿਰੀ ਛੇ ਸੀਟਾਂ ਹਨ। ਜਿਨ੍ਹਾਂ ਵਿੱਚ ਵੱਡੀ ਗਿਣਤੀ 'ਚ ਹਿੰਦੂ ਵੋਟਰ ਨੇ ਇਸ ਕਰਕੇ ਰਵਨੀਤ ਬਿੱਟੂ ਰਾਜਾ ਵੜਿੰਗ ਦੀ ਜਿੱਤ ਨੂੰ ਆਸਾਨ ਨਹੀਂ ਹੋਣ ਦੇਣਗੇ । ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਸ਼ਹਿਰ ਵਿੱਚ ਵੰਡੀਆਂ ਗਈਆਂ ਹਨ। ਅਜਿਹੇ 'ਚ ਰਾਜਾ ਵੜਿੰਗ ਲੁਧਿਆਣਾ ਸੀਟ ਤੋਂ ਬਾਜ਼ੀ ਮਾਰ ਸਕਦੇ ਹਨ ਕਿਉਂਕਿ ਉਹਨਾਂ ਨੂੰ ਹਰ ਵਿਧਾਨ ਸਭਾ ਹਲਕੇ ਤੋਂ ਜਿਤਾਉਣ ਦੀ ਜ਼ਿੰਮੇਵਾਰੀ ਕਾਂਗਰਸ ਦੇ ਸਾਬਕਾ ਵਿਧਾਇਕਾਂ ਉੱਤੇ ਸੀ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਵਿਧਾਇਕਾਂ 'ਤੇ ਵੀ ਸਵਾਲ ਖੜੇ ਹੋਣਗੇ। ਇਸ ਕਰਕੇ ਪੂਰੀ ਕਾਂਗਰਸ ਨੇ ਇਕੱਠੇ ਹੋਕੇ ਕਾਂਗਰਸ ਦੇ ਪੰਜਾਬ ਪ੍ਰਧਾਨ ਨੂੰ ਜਿਤਾਉਣ ਲਈ ਪੂਰੀ ਵਾਹ ਲਗਾਈ ਸੀ।
ਜਲੰਧਰ: ਜਲੰਧਰ ਲੋਕ ਸਭਾ ਸੀਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੋਂ ਲੋਕ ਦਲ ਬਦਲੀਆਂ ਤੋਂ ਨਾਰਾਜ਼ ਨਜ਼ਰ ਆਏ ਹਨ। ਜਲੰਧਰ ਦੇ ਵਿੱਚ 59.67 ਫੀਸਦੀ ਵੋਟਿੰਗ ਹੋਈ ਹੈ ਜੋ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਚਾਰ ਫੀਸਦੀ ਘੱਟ ਰਹੀ। ਪਹਿਲਾਂ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਜ਼ਿਮਨੀ ਚੋਣ ਵਿੱਚ ਮੈਂਬਰ ਪਾਰਲੀਮੈਂਟ ਬਣੇ ।ਜਿਸ ਤੋਂ ਬਾਅਦ ਉਹਨੇ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ, ਜਿਸ ਕਰਕੇ ਇੱਥੇ ਮੌਜੂਦਾ ਸਰਕਾਰ ਨੂੰ ਨੁਕਸਾਨ ਹੋ ਸਕਦਾ ਹੈ ।ਉੱਥੇ ਹੀ ਦਲ ਬਦਲੀ ਕਰਕੇ ਭਾਜਪਾ ਦੇ ਹੱਕ ਵਿੱਚ ਵੀ ਵੋਟ ਘਟਾ ਸਕਦੇ ਹਨ। ਜਿਸ ਦਾ ਫਾਇਦਾ ਚਰਨਜੀਤ ਚੰਨੀ ਨੂੰ ਹੋ ਸਕਦਾ ਹੈ। ਹਾਲਾਂਕਿ ਅਕਾਲੀ ਦਲ ਵੱਲੋਂ ਮਹਿੰਦਰ ਕੇਪੀ ਅਤੇ ਆਪ ਵੱਲੋਂ ਪਵਨ ਕੁਮਾਰ ਟੀਨੂ ਚੋਣ ਮੈਦਾਨ ਦੇ ਵਿੱਚ ਉਤਰੇ ਹਾਲਾਂਕਿ ਦੋਵਾਂ ਦੇ ਹੀ ਆਪੋ ਆਪਣੀ ਪਾਰਟੀਆਂ ਛੱਡ ਕੇ ਦੂਜੀ ਪਾਰਟੀ ਦਾ ਪੱਲਾ ਫੜਿਆ ਜਿਸ ਕਰਕੇ ਲੋਕ ਦੋਵਾਂ ਹੀ ਲੀਡਰਾਂ ਤੋਂ ਨਾਰਾਜ਼ ਚੱਲ ਰਹੇ ਸਨ। ਇੱਥੇ ਪਵਨ ਕੁਮਾਰ ਟੀਨੂੰ ਅਤੇ ਚੰਨੀ ਦੇ ਵਿੱਚ ਮੁੱਖ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ।
ਗੁਰਦਾਸਪੁਰ ਸੀਟ: ਗੁਰਦਾਸਪੁਰ ਸੀਟ ਦੇ ਵਿੱਚ ਦਿੱਗਜਾਂ ਦੀ ਕਿਸਮਤ ਦਾਅ 'ਤੇ ਲੱਗੀ ਹੈ। ਇੱਥੇ ਮੁਕਾਬਲਾ ਤਿੰਨ ਪੱਖ ਤੋਂ ਵਿਖਾਈ ਦੇ ਰਿਹਾ ਹੈ। ਇੱਕ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦਾ ਵੱਡਾ ਚਿਹਰਾ ਅਤੇ ਮਾਝੇ ਦੇ ਜਰਨੈਲ ਮੰਨੇ ਜਾਂਦੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੌਜਵਾਨ ਲੀਡਰ ਅਮਨ ਸ਼ੇਰ ਸਿੰਘ ਅਤੇ ਉੱਥੇ ਹੀ ਭਾਜਪਾ ਦੇ ਦਿਨੇਸ਼ ਬੱਬੂ ਚੋਣ ਮੈਦਾਨ ਦੇ ਵਿੱਚ ਹਨ। ਹਾਲਾਂਕਿ ਗੁਰਦਾਸਪੁਰ ਸੀਟ ਲਗਾਤਾਰ ਭਾਜਪਾ ਦੇ ਉਮੀਦਵਾਰ ਜਿੱਤਦੇ ਆ ਰਹੇ ਹਨ ਪਰ ਇਸ ਵਾਰ ਭਾਜਪਾ ਨੇ ਕਿਸੇ ਸੈਲੀਬ੍ਰਿਟੀ ਨੂੰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਜਿਸ ਕਰਕੇ ਇੱਥੇ ਮੁਕਾਬਲਾ ਸੁਖਜਿੰਦਰ ਰੰਧਾਵਾ ਅਤੇ ਭਾਜਪਾ ਦੇ ਦਿਨੇਸ਼ ਬੱਬੂ ਦੇ ਨਾਲ ਹੈ ।ਉੱਥੇ ਹੀ ਅਮਨ ਸ਼ੇਰ ਸਿੰਘ ਵੀ ਭਾਜਪਾ ਨੂੰ ਵੱਡਾ ਨੁਕਸਾਨ ਦੇ ਸਕਦੇ ਹਨ। ਭਾਜਪਾ ਦੀਆਂ ਵੋਟਾਂ ਅਮਨ ਸ਼ੇਰ ਸਿੰਘ ਕਲਸੀ ਕੱਟ ਸਕਦੇ ਹਨ ।ਇਸ ਵਾਰ ਗੁਰਦਾਸਪੁਰ ਸੀਟ 'ਤੇ 65.77 ਫੀਸ ਦੀ ਵੋਟਿੰਗ ਹੋਈ ਹੈ ।ਜਦੋਂ ਕਿ 2019 ਦੇ ਵਿੱਚ 69 ਫੀਸਦੀ ਦੇ ਕਰੀਬ ਵੋਟਿੰਗ ਹੋਈ ਸੀ।
ਅੰਮ੍ਰਿਤਸਰ: ਮਾਝੇ ਦੀਆਂ ਮੁੱਖ ਸੀਟਾਂ ਵਿੱਚੋਂ ਅੰਮ੍ਰਿਤਸਰ ਦੀ ਸੀਟ ਹੈ। ਹਾਲਾਂਕਿ ਸਾਲ 2019 ਅਤੇ ਸਾਲ 2024 ਦੇ ਵਿੱਚ ਅੰਮ੍ਰਿਤਸਰ ਸੀਟ 'ਤੇ ਵੋਟਿੰਗ ਫੀਸਦੀ ਵਿੱਚ ਕੋਈ ਬਹੁਤਾ ਫਰਕ ਵੇਖਣ ਨੂੰ ਨਹੀਂ ਮਿਿਲਆ ਹੈ ਪਰ ਆਮ ਆਦਮੀ ਪਾਰਟੀ ਨੇ ਇੱਥੋਂ ਕੁਲਦੀਪ ਧਾਲੀਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ, ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਗੁਰਜੀਤ ਔਜਲਾ ਚੋਣ ਮੈਦਾਨ ਵਿਚ ਹਨ। ਭਾਜਪਾ ਨੇ ਤਰਨਜੀਤ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ, ਅਕਾਲੀ ਦਲ ਨੇ ਅਨਿਲ ਜੋਸ਼ੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਇਸ ਸੀਟ ਤੋਂ ਕਾਂਗਰਸ ਅਤੇ ਅਨਿਲ ਜੋਸ਼ੀ ਦੇ ਵਿਚਕਾਰ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਵੀ ਸੂਝਵਾਨ ਉਮੀਦਵਾਰ ਹਨ ਅਤੇ ਉਹਨਾਂ ਦਾ ਵੀ ਕਾਫੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦਬਦਬਾ ਹੈ ਇਸ ਕਰਕੇ ਅੰਮ੍ਰਿਤਸਰ ਦੇ ਵਿੱਚ ਵੀ ਤਿਕੌਣਾ ਮੁਕਾਬਲਾ ਹੈ।
ਹੁਸ਼ਿਆਰਪੁਰ: ਹੁਸ਼ਿਆਰਪੁਰ ਸੀਟ 'ਤੇ ਭਾਜਪਾ ਦੇ ਉਮੀਦਵਾਰ ਜਿੱਤਦੇ ਰਹੇ ਹਨ। ਇਸ ਵਾਰ ਹੁਸ਼ਿਆਰਪੁਰ 'ਚ ਚਾਰ ਫੀਸਦੀ ਘੱਟ ਵੋਟਿੰਗ ਹੋਈ ਹੈ। ਟਿਕਟ ਦੀ ਵੰਡ ਨੂੰ ਲੈ ਕੇ ਭਾਜਪਾ 'ਚ ਚੱਲ ਰਹੇ ਬਗਾਵਤੀ ਸੁਰ ਆਮ ਆਦਮੀ ਪਾਰਟੀ ਨੂੰ ਇੱਥੇ ਫਾਇਦਾ ਦੇ ਸਕਦੇ ਹਨ। ਭਾਜਪਾ ਨੇ ਅਨੀਤਾ ਸੋਮ ਪ੍ਰਕਾਸ਼ ਨੂੰ ਉਮੀਦਵਾਰ ਬਣਾਇਆ ਸੀ। ਜਦੋਂ ਕਿ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਵੱਲੋਂ, ਯਾਮਨੀ ਗੋਮਰ ਕਾਂਗਰਸ ਵੱਲੋਂ ਚੋਣ ਮੈਦਾਨ ਦੇ ਵਿੱਚ ਹੈ। ਇੱਥੇ ਮੁੱਖ ਮੁਕਾਬਲਾ ਅਨੀਤਾ ਸੋਮ ਪ੍ਰਕਾਸ਼ ਅਤੇ ਰਾਜਕੁਮਾਰ ਚੱਬੇਵਾਲ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਰਾਜਕੁਮਾਰ ਚੱਬੇਵਾਲ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ। ਜਿਸ ਕਰਕੇ ਅਨੀਤਾ ਸੋਮ ਪ੍ਰਕਾਸ਼ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ।
ਅਨੰਦਪੁਰ ਸਾਹਿਬ: ਅਨੰਦਪੁਰ ਸਾਹਿਬ ਦੇ ਵਿੱਚ ਦਲਿਤ ਵੋਟ ਬੈਂਕ ਅਤੇ ਹਿੰਦੂ ਵੋਟ ਬੈਂਕ ਦਾ ਕਾਫੀ ਅਸਰ ਹੈ। 2019 ਦੇ ਮੁਕਾਬਲੇ ਇਸ ਵਾਰ ਲਗਭਗ ਤਿੰਨ ਫੀਸਦੀ ਘੱਟ ਵੋਟਿੰਗ ਹੋਈ ਹੈ। ਅਕਾਲੀ ਦਲ ਦੇ ਪ੍ਰੇਮ ਚੰਦੂਮਾਜਰਾ ਲਗਾਤਾਰ ਇਸ ਸੀਟ ਤੋਂ ਕਾਂਗਰਸ ਦੇ ਉਮੀਦਵਾਰਾਂ ਤੋਂ ਹਾਰਦੇ ਰਹੇ ਹਨ। ਉੱਥੇ ਹੀ ਬਸਪਾ ਦੇ ਜਸਵੀਰ ਸਿੰਘ ਗੜ੍ੀ ਵੀ ਚੋਣ ਮੈਦਾਨ ਦੇ ਵਿੱਚ ਹਨ ਹਾਲਾਂਕਿ ਪਹਿਲਾ ਬਸਪਾ ਦਾ ਅਕਾਲੀ ਦਲ ਦੇ ਨਾਲ ਗੜਜੋੜ ਰਿਹਾ ਹੈ ।ਇਸ ਸੀਟ 'ਤੇ ਦਲਿਤ ਵੋਟ ਬੈਂਕ ਦਾ ਕਾਫੀ ਦਬਦਬਾ ਹੈ ਇਸ ਕਰਕੇ ਜਸਵੀਰ ਗੜੀ ਅਨੰਦਪੁਰ ਸਾਹਿਬ ਦੀ ਸੀਟ ਤੋਂ ਖੜੇ ਹੋਏ ਹਨ। ਜੇਕਰ ਉਹ ਜਿੰਨੀਆਂ ਵੀ ਵੋਟਾਂ ਲੈਂਦੇ ਹਨ ਉਸ ਦਾ ਸਿੱਧਾ ਨੁਕਸਾਨ ਅਕਾਲੀ ਦਲ ਨੂੰ ਹੋਣ ਵਾਲਾ ਹੈ। ਉੱਥੇ ਹੀ ਦੂਜੇ ਪਾਸੇ ਕਾਂਗਰਸ ਤੋਂ ਵਿਜੇ ਇੰਦਰ ਸਿੰਗਲਾ ਨੂੰ ਭੇਜਿਆ ਗਿਆ ਹੈ। ਲਗਾਤਾਰ ਕਾਂਗਰਸ ਅਨੰਦਪੁਰ ਸਾਹਿਬ ਤੋਂ ਆਪਣੇ ਉਮੀਦਵਾਰ ਬਦਲਦੀ ਰਹੀ ਹੈ। ਉੱਥੇ ਹੀ ਦੂਜੇ ਪਾਸੇ ਮਾਲਵਿੰਦਰ ਕੰਗ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਚੋਣ ਮੈਦਾਨ ਦੇ ਵਿੱਚ ਹਨ। ਕਾਂਗਰਸ ਦੇ ਉਮੀਦਵਾਰ ਬਦਲਣ ਅਤੇ ਦੂਜੇ ਪਾਸੇ ਜਸਵੀਰ ਗੜੀ ਵੱਲੋਂ ਅਕਾਲੀ ਦਲ ਦੀਆਂ ਵੋਟਾਂ ਤੋੜੇ ਜਾਣ ਦਾ ਫਾਇਦਾ ਮਾਲਵਿੰਦਰ ਕੰਗ ਨੂੰ ਮਿਲ ਸਕਦਾ ਹੈ।
ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਰਿਜ਼ਰਵ ਸੀਟ ਹੈ ਅਤੇ ਕਾਂਗਰਸ ਦੇ ਡਾਕਟਰ ਅਮਰ ਸਿੰਘ, ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਸਿੰਘ ਜੀਪੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਦੂਜੇ ਪਾਸੇ ਭਾਜਪਾ ਦੇ ਗੇਜਾਰਾਮ ਵਾਲਮੀਕੀ ਚੋਣ ਮੈਦਾਨ ਦੇ ਵਿੱਚ ਹਨ ਜੋ ਕਿ ਵਾਲਮੀਕੀ ਭਾਈਚਾਰੇ ਦੀ ਅਗਵਾਈ ਕਰਦੇ ਹਨ। ਡਾਕਟਰ ਅਮਰ ਸਿੰਘ ਮੌਜੂਦਾ ਮੈਂਬਰ ਪਾਰਲੀਮੈਂਟ ਰਹੇ ਹਨ। ਫਤਿਹਗੜ੍ਹ ਸਾਹਿਬ ਵਿੱਚ 2019 ਦੇ ਮੁਕਾਬਲੇ 4 ਫੀਸਦੀ ਘੱਟ ਵੋਟਿੰਗ ਹੋਈ ਹੈ। ਹਾਲਾਂਕਿ ਇੱਥੇ ਮੁੱਖ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਵੇਖਣ ਨੂੰ ਮਿਲ ਰਿਹਾ ਹੈ ਪਰ ਗੇਜਾਰਾਮ ਜਿੰਨੀਆਂ ਵੋਟਾਂ ਤੋੜਣਗੇ ਉਸ ਦਾ ਨੁਕਸਾਨ ਕਾਂਗਰਸ ਨੂੰ ਝੱਲਣਾ ਪੈ ਸਕਦਾ ਹੈ। ਜਿਸ ਦਾ ਫਾਇਦਾ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ ਨੂੰ ਹੋ ਸਕਦਾ ਹੈ।
ਫਰੀਦਕੋਟ: ਫਰੀਦਕੋਟ ਵਿੱਚ ਭਾਜਪਾ ਵੱਲੋਂ ਹੰਸ ਰਾਜ ਹੰਸ, ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੂੰ ਚੋਣ ਮੈਦਾਨ ਦੇ ਵਿੱਚੋਂ ਉਤਾਰਿਆ ਹੈ। ਲਗਾਤਾਰ ਹੰਸ ਰਾਜ ਹੰਸ ਨੂੰ ਇਸ ਸੀਟ ਤੋਂ ਕਿਸਾਨਾਂ ਦੇ ਵਿਰੋਧ ਦੇ ਨਾਲ ਸਥਾਨਕ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਸਿਰਫ ਹੰਸਰਾਜ ਹੰਸ ਨੂੰ ਹੀ ਨਹੀਂ ਸਗੋਂ ਕਰਮਜੀਤ ਅਨਮੋਲ ਨੂੰ ਵੀ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਉਹਨਾਂ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਕਲਾਕਾਰਾਂ ਨੇ ਚੋਣ ਪ੍ਰਚਾਰ ਜ਼ਰੂਰ ਕੀਤਾ ਹੈ। ਫਰੀਦਕੋਟ ਵਿੱਚ ਲਗਭਗ 63 ਫੀਸਦੀ ਵੋਟਿੰਗ ਹੋਈ ਹੈ। ਫਰੀਦਕੋਟ ਵਿੱਚ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਵੀ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ। ਸਰਬਜੀਤ ਖਾਲਸਾ ਨੂੰ ਕਾਫੀ ਪੰਥਕ ਵੋਟ ਪੈ ਸਕਦੀ ਹੈ। ਇਸ ਕਰਕੇ ਇੱਥੇ ਮੁੱਖ ਮੁਕਾਬਲਾ ਕਰਮਜੀਤ ਅਨਮੋਲ ਅਤੇ ਸਰਬਜੀਤ ਸਿੰਘ ਖਾਲਸਾ ਦੇ ਵਿਚਕਾਰ ਦੇਖਿਆ ਜਾ ਰਿਹਾ ਹੈ ਕਿਉਂਕਿ ਸਰਬਜੀਤ ਖਾਲਸਾ ਨੂੰ ਜਿੰਨੀਆਂ ਜਿਆਦਾ ਵੋਟਾਂ ਪੈਣਗੀਆਂ, ਅਕਾਲੀ ਦਲ ਦੀਆਂ ਉਹ ਟੁੱਟ ਸਕਦੀਆਂ ਹਨ।
ਫਿਰੋਜ਼ਪੁਰ: ਫਿਰੋਜ਼ਪੁਰ ਵਿੱਚ 2019 ਦੇ ਅੰਦਰ 72.47 ਫੀਸਦੀ ਵੋਟਿੰਗ ਹੋਈ ਸੀ ਜਦੋਂ ਕਿ ਇਸ ਸਾਲ ਲਗਭਗ 65 ਫੀਸਦੀ ਵੋਟਿੰਗ ਹੋਈ ਹੈ। ਇਸ ਵਾਰ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ 'ਚ ਜ਼ਿਆਦਾ ਵੋਟਿੰਗ ਹੋਈ ਹੈ। ਇਸ ਕਰਕੇ ਨਤੀਜੇ ਵੀ ਪਿੰਡਾਂ 'ਤੇ ਹੀ ਜ਼ਿਆਦਾਤਰ ਨਿਰਭਰ ਕਰਨਗੇ। ਇੱਥੇ ਅਕਾਲੀ ਦਲ ਵੱਲੋਂ ਨਰਦੇਵ ਸਿੰਘ ਬੋਬੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਜਦੋਂ ਕਿ ਦੂਜੇ ਪਾਸੇ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਚੋਣ ਮੈਦਾਨ ਵਿੱਚ ਹਨ। ਦੋਵੇਂ ਹੀ ਅਕਾਲੀ ਦਲ ਦੇ ਨਾਲ ਸੰਬੰਧਿਤ ਹਨ ਅਤੇ ਇਹ ਸੀਟ ਅਕਾਲੀ ਦਲ ਦੇ ਖਾਤੇ ਆਉਂਦੀ ਰਹੀ ਹੈ। ਫਿਰੋਜ਼ਪੁਰ ਸਰਹੱਦੀ ਇਲਾਕਾ ਹੈ ਅਤੇ ਇਹ ਨਿਰੋਲ ਪੇਂਡੂ ਸੀਟ ਹੈ। ਅਕਾਲੀ ਦਲ ਦਾ ਇਸ ਸੀਟ 'ਤੇ ਦਬਦਬਾ ਰਿਹਾ ਹੈ ਸੁਖਬੀਰ ਬਾਦਲ ਖੁਦ ਇਸ ਸੀਟ ਤੋਂ ਪਿਛਲੀ ਵਾਰ ਜਿੱਤੇ ਸਨ ਅਤੇ ਇਸ ਵਾਰ ਵੀ ਅਕਾਲੀ ਦਲ ਤੋਂ ਆਏ ਹੋਏ ਸ਼ੇਰ ਸਿੰਘ ਘੁਬਾਇਆ ਤੇ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਦੇ ਵਿਚਕਾਰ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ।
ਬਠਿੰਡਾ: ਬਾਦਲਾਂ ਦਾ ਗੜ ਮੰਨੇ ਜਾਂਦੇ ਬਠਿੰਡਾ ਦੇ ਵਿੱਚ ਇਸ ਵਾਰ 2019 ਦੇ ਮੁਕਾਬਲੇ ਲਗਭਗ 8 ਫੀਸਦੀ ਘੱਟ ਵੋਟਿੰਗ ਹੋਈ ਹੈ ਭਾਜਪਾ ਵੱਲੋਂ ਪਰਮਪਾਲ ਕੌਰ ਸਿੱਧੂ, ਦੂਜੇ ਪਾਸੇ ਕਾਂਗਰਸ ਵੱਲੋਂ ਜੀਤ ਮਹਿੰਦਰ, ਉੱਥੇ ਹੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ਦੇ ਵਿੱਚ ਹੈ। ਅਕਾਲੀ ਦਲ ਨੇ ਬਠਿੰਡਾ ਸੀਟ ਤੋਂ ਕਾਫੀ ਜ਼ੋਰ ਲਗਾਇਆ ਹੈ ਪਰ ਪਰਮਪਾਲ ਕੌਰ ਅਕਾਲੀ ਦਲ ਦੀਆਂ ਵੋਟਾਂ ਵੱਡੀ ਗਿਣਤੀ ਦੇ ਵਿੱਚ ਤੋੜ ਸਕਦੀ ਹੈ ਜਿਸ ਦਾ ਫਾਇਦਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਹੋ ਸਕਦਾ ਹੈ। ਬਠਿੰਡਾ 'ਚ ਗੁਰਮੀਤ ਖੁੱਡੀਆਂ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਹਨ। ਹਾਲਾਂਕਿ ਇਸ ਸੀਟ ਤੋਂ ਕੌਣ ਬਾਜ਼ੀ ਮਾਰਦਾ ਹੈ ਇਹ ਤਾਂ ਚਾਰ ਜੂਨ ਨੂੰ ਸਾਫ ਹੋਵੇਗਾ ਪਰ ਇਸ ਸੀਟ 'ਤੇ ਜਿਸ ਦੀ ਵੀ ਜਿੱਤ ਹੋਵੇਗੀ ਕਾਫੀ ਘੱਟ ਮਾਰਜਨ ਤੋਂ ਹੋਵੇਗੀ ਅਤੇ ਅਕਾਲੀ ਦਲ ਵੱਲੋਂ ਆਪਣੀ ਰਿਵਾਇਤੀ ਸੀਟ ਨੂੰ ਬਚਾਉਣ ਲਈ ਜ਼ਰੂਰ ਜ਼ੋਰ ਲਗਾਇਆ ਗਿਆ ਹੈ। ਹਾਲਾਂਕਿ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਦੇ ਸੀਟ ਛੱਡਣ ਤੋਂ ਬਾਅਦ ਇਹ ਵੀ ਲਗਾਤਾਰ ਗੱਲਾਂ ਚੱਲ ਰਹੀਆਂ ਸਨ ਕਿ ਕਾਂਗਰਸ ਦੇ ਨਾਲ ਅੰਦਰ ਖਾਤੇ ਅਕਾਲੀ ਦਲ ਦਾ ਸਮਝੌਤਾ ਹੋਇਆ ਹੈ ਅਤੇ ਫਿਰੋਜ਼ਪੁਰ ਦੇ ਬਦਲੇ ਬਠਿੰਡਾ ਸੀਟ ਬਾਦਲਾਂ ਨੇ ਕਾਂਗਰਸ ਤੋਂ ਲਈ ਹੈ ਕਿਉਂਕਿ ਅਮਰਿੰਦਰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੇ ਬਠਿੰਡਾ ਤੋਂ ਚੋਣ ਮੈਦਾਨ 'ਚ ਉਤਰਨ ਦੀਆਂ ਲਗਾਤਾਰ ਗੱਲਾਂ ਚੱਲ ਰਹੀਆਂ ਸਨ ਪਰ ਆਖਰ ਮੌਕੇ 'ਤੇ ਕਾਂਗਰਸ ਨੇ ਜੀਤ ਮਹਿੰਦਰ ਨੂੰ ਟਿਕਟ ਦੇ ਦਿੱਤੀ।
ਸੰਗਰੂਰ: ਪੰਜਾਬ ਦੀਆਂ ਕੁਝ ਅਹਿਮ ਸੀਟਾਂ ਵਿੱਚੋਂ ਸੰਗਰੂਰ ਦੀ ਸੀਟ ਵੀ ਇਸ ਵਾਰ ਚਰਚਾ ਦਾ ਵਿਸ਼ਾ ਬਣੀ ਰਹੀ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇੱਕ ਸਾਲ ਬਾਅਦ ਹੋਈਆਂ ਜਿਮਨੀ ਚੋਣਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਇਥੋਂ ਮੈਂਬਰ ਪਾਰਲੀਮੈਂਟ ਵੱਜੋਂ ਜਿੱਤੇ। ਹਾਲਾਂਕਿ ਸੰਗਰੂਰ ਸੀਟ ਪਹਿਲਾਂ ਭਗਵੰਤ ਮਾਨ ਦੇ ਖਾਤੇ ਆਉਂਦੀ ਰਹੀ ਹੈ। ਇਸ ਸੀਟ ਨੂੰ ਆਮ ਆਦਮੀ ਪਾਰਟੀ ਦਾ ਗੜ ਵੀ ਮੰਨਿਆ ਜਾਂਦਾ ਪਰ ਸਰਕਾਰ ਬਣਨ ਦੇ ਬਾਵਜੂਦ ਲੋਕ ਸਭਾ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਤੋਂ ਆਮ ਆਦਮੀ ਪਾਰਟੀ ਦੀ ਹਾਰ ਹੋਈ ਸੀ ਇਸ ਵਾਰ ਵੀ ਤਿਕੌਣਾ ਮੁਕਾਬਲਾ ਇਸ ਸੀਟ ਤੋਂ ਵੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਗੁਰਮੀਤ ਮੀਤ ਹੇਅਰ ਕੈਬਿਨਟ ਮੰਤਰੀ,ਦੂਜੇ ਪਾਸੇ ਸੁਖਪਾਲ ਖਹਿਰਾ ਕਾਂਗਰਸ ਵੱਲੋਂ ਚੋਣ ਮੈਦਾਨ ਦੇ ਵਿੱਚ ਹਨ ਦੋਵੇਂ ਹੀ ਦਿੱਗਜ ਆਗੂ ਹਨ ਦੋਵਾਂ ਦੇ ਵਿਚਕਾਰ ਮੁਕਾਬਲਾ ਹੈ ਪਰ ਸਿਮਰਨਜੀਤ ਸਿੰਘ ਮਾਨ, ਆਮ ਆਦਮੀ ਪਾਰਟੀ ਦੀਆਂ ਵੋਟਾਂ ਵੀ ਇੱਥੇ ਤੋੜ ਸਕਦੇ ਹਨ ਜਿਸ ਦਾ ਨੁਕਸਾਨ ਮੀਤ ਹੇਅਰ ਨੂੰ ਹੋ ਸਕਦਾ ਹੈ।
ਪਟਿਆਲਾ: ਪਟਿਆਲਾ ਸੀਟ ਤੋਂ ਇਸ ਵਾਰ ਤਿਕੋਣਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਪਰਨੀਤ ਕੌਰ, ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਲਬੀਰ ਸਿੰਘ ਅਤੇ ਡਾਕਟਰ ਧਰਮਵੀਰ ਗਾਂਧੀ ਨੇ ਮੁੜ ਤੋਂ ਸਿਆਸਤ ਦੇ ਵਿੱਚ ਸਰਗਰਮ ਹੋ ਕੇ ਕਾਂਗਰਸ ਤੋਂ ਟਿਕਟ ਲੈ ਕੇ ਚੋਣ ਮੈਦਾਨ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਹੈ। ਇੱਥੇ ਮੁੱਖ ਮੁਕਾਬਲਾ ਇਹਨਾਂ ਤਿੰਨਾਂ ਦੇ ਵਿਚਕਾਰ ਵੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਪਰਨੀਤ ਕੌਰ ਪਹਿਲਾਂ ਇੱਥੋਂ ਸੰਸਦ ਰਹੀ ਹੈ। 2019 ਦੇ ਮੁਕਾਬਲੇ ਇਸ ਵਾਰ 4 ਫੀਸਦੀ ਘੱਟ ਵੋਟਿੰਗ ਪਟਿਆਲਾ ਦੇ ਵਿੱਚ ਵੀ ਵੇਖਣ ਨੂੰ ਮਿਲੀ ਹੈ। ਇਸ ਦਾ ਫਾਇਦਾ ਕਿਸ ਨੂੰ ਹੋਵੇਗਾ ਇਹਦਾ 4 ਜੂਨ ਨੂੰ ਸਾਫ ਹੋ ਜਾਵੇਗਾ ਪਰ ਇਸ ਸੀਟ ਤੋਂ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਬਲਬੀਰ ਸਿੰਘ ਅਤੇ ਭਾਜਪਾ ਦੀ ਪ੍ਰਨੀਤ ਕੌਰ ਦੇ ਵਿਚਕਾਰ ਹੈ।
- ਪੰਜਾਬ ਦੀਆਂ 13 ਸੀਟਾਂ ਦਾ ਪੋਲ: ‘ਆਪ’ ਦਾ ਮਿਸ਼ਨ 13-0 ਨਾਲ ਸੰਭਵ ਨਹੀਂ; ਕਾਂਗਰਸ ਨੂੰ ਹਾਰ; ਚੰਡੀਗੜ੍ਹ ਵਿੱਚ ਭਾਜਪਾ ਦੀ ਲੀਡ - Election exit polls
- ਪੰਥਕ ਤੇ ਹੌਟ ਸੀਟ ਰਹੀ ਹਲਕਾ ਖਡੂਰ ਸਾਹਿਬ 'ਚ 27 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ 'ਚ ਹੋਈ ਕੈਦ - Lok Sabha Elections 2024
- ਸਿਆਸੀ ਦਿੱਗਜਾਂ ਦੀ ਕਿਸਮਤ EVM 'ਚ ਕੈਦ; 4 ਜੂਨ ਦੀ ਰਹੇਗੀ ਉਡੀਕ, ਜਾਣੋ ਕਿੰਨੀ ਰਹੀ ਵੋਟ ਫੀਸਦੀ - Punjab Vote Percentage