ਬਰਨਾਲਾ: ਪੀਆਰਟੀਸੀ ਮੁਲਾਜ਼ਮ ਦੀ ਡਿਊਟੀ ਦੌਰਾਨ ਗਰਮੀ ਦੇ ਕਾਰਨ ਹੋਈ ਮੌਤ ਦਾ ਮਾਮਲਾ ਭਖਿਆ ਹੋਇਆ ਹੈ। ਪੀਆਰਟੀਸੀ ਮੁਲਾਜ਼ਮ ਯੂਨੀਅਨ ਪਰਿਵਾਰ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਮੰਗ 'ਤੇ ਅੜੀ ਹੋਈ ਹੈ। ਜਿਸ ਤਹਿਤ ਅੱਜ ਪੀਆਰਟੀਸੀ ਮੁਲਾਜ਼ਮਾਂ ਵਲੋਂ ਬਰਨਾਲਾ ਦਾ ਪੀਆਰਟੀਸੀ ਡੀਪੂ ਪੂਰੀ ਤਰ੍ਹਾਂ ਬੰਦ ਰੱਖ ਕੇ ਹੜਤਾਲ ਕੀਤੀ ਗਈ। ਮੁਲਾਜ਼ਮਾਂ ਨੇ ਡੀਪੂ ਦੀਆਂ ਸਾਰੀਆਂ ਸਰਕਾਰੀ ਬੱਸਾਂ ਨੂੰ ਬੰਦ ਰੱਖਿਆ ਅਤੇ ਪੀਅਰਟੀਸੀ ਮੈਨੇਜਮੈਂਟ ਤੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿੰਨਾਂ ਸਮਾਂ ਸਰਕਾਰ ਮੰਗਾਂ ਨਹੀਂ ਮੰਨਦੀ, ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਉਸ ਉਪਰੰਤ ਹੀ ਮ੍ਰਿਤਕ ਮੁਲਾਜ਼ਮ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਪੀਆਰਟੀਸੀ ਮੁਲਾਜ਼ਮ ਦੀ ਡਿਊਟੀ ਦੌਰਾਨ ਮੌਤ: ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਪੀਆਰਟੀਸੀ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਸਾਥੀ ਦੀ ਡਿਊਟੀ ਦੌਰਾਨ ਮੌਤ ਹੋਈ ਹੈ, ਜੋ ਇੱਕ ਮਕੈਨਿਕ ਵਜੋਂ ਪੀਆਰਟੀਸੀ ਡੀਪੂ ਵਿੱਚ ਕੰਮ ਕਰਦਾ ਸੀ। ਮ੍ਰਿਤਕ ਮੁਲਾਜ਼ਮ ਪਟਿਆਲਾ ਵਿਖੇ ਇੱਕ ਖ਼ਰਾਬ ਹੋਈ ਬੱਸ ਨੂੰ ਠੀਕ ਕਰਕੇ ਲਿਆਉਣ ਗਿਆ ਸੀ, ਜਿੱਥੇ ਗਰਮੀ ਵੱਧ ਹੋਣ ਕਾਰਨ ਉਸ ਦੀ ਸਿਹਤ ਵਿਗੜ ਗਈ ਅਤੇ ਬਰਨਾਲਾ ਦੇ ਸਰਕਾਰੀ ਹਸਪਤਾਲ ਪਹੁੰਚਣ ਤੱਕ ਉਸ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਮ੍ਰਿਤਕ ਮੁਲਾਜ਼ਮ ਸਰਕਾਰ ਦਾ ਹੀ ਕੰਮ ਕਰ ਰਿਹਾ ਸੀ ਅਤੇ ਡਿਊਟੀ ਦੌਰਾਨ ਸੀ। ਜਿਸ ਕਰਕੇ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਸ ਦੇ ਪਰਿਵਾਰ ਨੂੰ ਮਾਲੀ ਮੱਦਦ ਦਿੱਤੀ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਪਰਿਵਾਰ ਨੂੰ ਮੁਆਵਜ਼ਾ ਤੇ ਨੌਕਰੀ ਦੀ ਮੰਗ: ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਸ ਸਬੰਧ ਵਿੱਚ ਉਹਨਾਂ ਦੀ ਯੂਨੀਅਨ ਦੀ ਪੀਆਰਟੀਸੀ ਮੈਨੇਜਮੈਂਟ ਨਾਲ ਮੀਟਿੰਗ ਵੀ ਹੋਈ ਹੈ, ਪਰ ਮੈਨੇਜਮੈਂਟ ਨੇ ਸਾਡੀਆਂ ਦੋਵੇਂ ਮੰਗਾਂ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਦੇ ਰੋਸ ਵਜੋਂ ਉਹਨਾਂ ਵਲੋਂ ਬਰਨਾਲਾ ਦਾ ਡੀਪੂ ਬੰਦ ਰੱਖ ਕੇ ਹੜਤਾਲ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਬਰਨਾਲਾ ਦੇ ਪੀਆਰਟੀਸੀ ਡੀਪੂ ਦੀਆਂ ਸਾਰੀਆਂ ਬੱਸਾਂ ਅੱਜ ਬੰਦ ਰੱਖੀਆਂ ਗਈਆਂ ਹਨ। ਜਿਸ ਕਰਕੇ ਮ੍ਰਿਤਕ ਦੀ ਦੇਹ ਦਾ ਅਜੇ ਨਾ ਤਾਂ ਪੋਸਟਮਾਰਟਮ ਹੋਇਆ ਹੈ ਅਤੇ ਨਾ ਹੀ ਉਸ ਦਾ ਅੰਤਿਮ ਸਸਕਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਸਾਡੀਆਂ ਮੰਗਾਂ ਨੁੰ ਨਹੀਂ ਮੰਨਿਆ ਜਾਂਦਾ, ਉਹ ਮ੍ਰਿਤਕ ਮੁਲਾਜ਼ਮ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਉਹਨਾਂ ਚਿਤਾਵਨੀ ਦਿੱਤੀ ਕਿ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅੱਜ ਤੋਂ ਸਾਰੇ ਪੰਜਾਬ ਦੇ 27 ਡੀਪੂਆਂ ਦੀਆਂ ਸਰਕਾਰੀ ਬੱਸਾਂ ਬੰਦ ਕਰਕੇ ਸਰਕਾਰ ਵਿਰੁੱਧ ਮੁਲਾਜ਼ਮ ਹੜਤਾਲ ਕਰਨਗੇ। ਜਿਸ ਦੀ ਜਿੰਮੇਵਾਰੀ ਸਰਕਾਰ ਤੇ ਪੀਆਰਟੀਸੀ ਮੈਨੇਜਮੈਂਟ ਦੀ ਹੋਵੇਗੀ।
ਸਰਕਾਰ ਨੂੰ ਐਕਸ਼ਨ ਦੀ ਚਿਤਾਵਨੀ: ਕਾਬਿਲੇਗੌਰ ਹੈ ਕਿ ਮ੍ਰਿਤਕ ਸੰਜੀਵ ਕੁਮਾਰ ਪੀਆਰਟੀਸੀ ਬਰਨਾਲਾ ਡੀਪੂ ਵਿੱਚ ਕੱਚਾ ਮੁਲਾਜ਼ਮ ਸੀ, ਜੋ ਮਕੈਨਿਕ ਦਾ ਕੰਮ ਕਰਦਾ ਸੀ। ਜੋ ਦੋ ਦਿਨ ਪਹਿਲਾਂ ਪਟਿਆਲਾ ਵਿਖੇ ਬਰਨਾਲਾ ਡੀਪੂ ਦੀ ਪੀਆਰਟੀਸੀ ਬੱਸ ਨੂੰ ਠੀਕ ਕਰਨ ਗਿਆ ਸੀ। ਜਿੱਥੇ ਗਰਮੀ ਕਾਰਨ ਉਸ ਦੀ ਸਿਹਤ ਵਿਗੜਨ ਕਰਕੇ ਉਸ ਦੀ ਮੌਤ ਹੋ ਗਈ। ਦੋ ਦਿਨ ਤੋਂ ਉਸ ਦੀ ਮ੍ਰਿਤਕ ਦੇਹ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਰੱਖੀ ਹੋਈ ਹੈ। ਪੀਆਰਟੀਸੀ ਮੁਲਾਜ਼ਮ ਯੂਨੀਅਨ ਪਰਿਵਾਰ ਲਈ ਮੁਆਵਜ਼ਾ ਤੇ ਨੌਕਰੀ ਦੀ ਮੰਗ ਕਰ ਰਹੀ ਹੈ।
- ਪੰਜਾਬ ਵਿੱਚੋਂ ਮਾਈਨਿੰਗ, ਡਰੱਗਜ਼ ਅਤੇ ਲੈਂਡ ਮਾਫੀਆ ਨੂੰ ਖਤਮ ਕਰਨ ਲਈ ਮੈਂ ਆਪਣੇ ਬੁਲਡੋਜ਼ਰ ਦੀਆਂ ਚਾਬੀਆਂ ਡਾ. ਸੁਭਾਸ਼ ਨੂੰ ਭੇਜਾਂਗਾ : ਯੋਗੀ
- ਪੰਜਾਬ 'ਚ PM ਮੋਦੀ ਦੀ ਹੁਸ਼ਿਆਰਪੁਰ ਰੈਲੀ ਦੌਰਾਨ ਵੱਡੀ ਲਾਪਰਵਾਹੀ, ਵਾਪਰ ਸਕਦਾ ਸੀ ਵੱਡਾ ਹਾਦਸਾ, ਜਾਣੋ ਪੂਰਾ ਮਾਮਲਾ
- ਮਾਨਸਾ 'ਚ ਸੁਖਬੀਰ ਬਾਦਲ ਵੱਲੋਂ ਹਰਸਿਮਰਤ ਬਾਦਲ ਦੇ ਹੱਕ 'ਚ ਰੈਲੀਆ ਦੌਰਾਨ ਕੀਤਾ ਚੋਣ ਪ੍ਰਚਾਰ ਅਤੇ ਪੰਜਾਬ ਸਰਕਾਰ ਤੇ ਸਾਧੇ ਨਿਸ਼ਾਨੇ