ਅੰਮ੍ਰਿਤਸਰ: ਜ਼ਿਲ੍ਹੇ ਦੇ ਸੈਲੀਬਰੇਸ਼ਨ ਇਲਾਕੇ ਵਿੱਚ ਇੱਕ ਦੁੱਖਦ ਘਟਨਾ ਵਾਪਰੀ ਹੈ। ਇਸ ਘਟਨਾ ਵਿੱਚ ਇੱਕ ਰੇੜਾ ਚਾਲਕ ਨੂੰ ਬੱਸ ਡਰਾਈਵਰ ਵੱਲੋਂ ਪਿੱਛੋਂ ਦੀ ਟੱਕਰ ਮਾਰੀ ਗਈ, ਜਿਸਦੇ ਚਲਦੇ ਰੇੜਾ ਚਾਲਕ ਦੀ ਹੇਠਾਂ ਡਿੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮ੍ਰਿਤਕ ਦਾ ਨਾਂ ਮਦਨ ਲਾਲ ਹੈ ਅਤੇ ਉਹ ਰੇੜਾ ਚਲਾਉਂਦਾ ਸੀ। ਅੱਜ ਸਵੇਰੇ ਉਹ ਵੇਰਕੇ ਤੋਂ ਅੰਮ੍ਰਿਤਸਰ ਵੱਲ ਆ ਰਿਹਾ ਸੀ ਤੇ ਸੈਲੀਬ੍ਰੇਸ਼ਨ ਮਾਲ ਨੇੜੇ ਇੱਕ ਤੇਜ਼ ਰਫਤਾਰ ਮਿਨੀ ਬੱਸ ਡਰਾਈਵਰ ਵੱਲੋਂ ਉਹਨੂੰ ਪਿੱਛੋਂ ਦੀ ਟੱਕਰ ਮਾਰ ਦਿੱਤੀ ਗਈ। ਜਿਸ ਦੇ ਚੱਲਦੇ ਰੇੜਾ ਚਾਲਕ ਰੇੜੇ ਤੋਂ ਹੇਠਾਂ ਡਿੱਗ ਪਿਆ ਅਤੇ ਉਸਦਾ ਸਿਰ ਸੜਕ ਦੇ ਉੱਤੇ ਵੱਜਿਆ ।ਇਸ ਹਾਦਸੇ 'ਚ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ: ਜਦੋਂ ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਕਿਹਾ ਕਿ ਮ੍ਰਿਤਕ ਦੀ ਉਮਰ 60 ਸਾਲ ਤੋਂ ਉੱਪਰ ਹੈ ।ਮ੍ਰਿਤਕ ਦੇ ਸਿਰ 'ਤੇ ਹੀ ਉਸਦੇ ਪਰਿਵਾਰ ਗੁਜਰ ਬਸਰ ਚੱਲਦਾ ਸੀ। ਉਹਨਾਂ ਨੇ ਕਿਹਾ ਕਿ ਅਸੀਂ ਬੱਸ ਡਰਾਈਵਰ ਨੂੰ ਫੜ ਕੇ ਮੌਕੇ 'ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਇੱਥੋਂ ਤੱਕ ਕੀ ਕੋਈ ਮਾਮਲਾ ਵੀ ਦਰਜ ਨਹੀਂ ਕੀਤਾ ਗਿਆ। ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ।
ਪੁਲਿਸ ਦਾ ਪੱਖ: ਉੱਥੇ ਹੀ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਇੱਕ ਰੇੜਾ ਚਾਲਕ ਦੀ ਬੱਸ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ ਹੈ। ਅਸੀਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਨ ਜਾ ਰਹੇ ਹਾਂ ।ਉਹਨਾਂ ਕਿਹਾ ਕਿ ਜਲਦੀ ਹੀ ਬੱਸ ਡਰਾਈਵਰ ਨੂੰ ਫੜ ਲਿਆ ਜਾਵੇਗਾ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ। ਜਦਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਮੌਕੇ 'ਤੇ ਹੀ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਸੀ ਪਰ ਕੋਈ ਵੀ ਪੁਲਿਸ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਾ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਅਧਿਕਾਰੀ ਇਸ ਦੇ ਖਿਲਾਫ ਕੀ ਕਾਰਵਾਈ ਕਰਦੇ ਹਨ।