ਚੰਡੀਗੜ੍ਹ: ਪੰਜਾਬ ਕਾਂਗਰਸ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਪਟਿਆਲਾ ਤੋਂ ਮੌਜੂਦਾ ਲੋਕ ਸਭਾ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਅੱਜ ਵੀਰਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਇਸ ਮੌਕੇ ਭਾਜਪਾ ਦੀ ਸੀਨੀਅਰ ਲੀਡਰ ਸਮੇਤ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ। ਇਸ ਦੇ ਨਾਲ ਹੀ ਭਾਜਪਾ ਦੇ ਵਿਨੋਦ ਤਾਵੜੇ ਅਤੇ ਵਿਜੇ ਰੁਪਾਣੀ ਵਲੋਂ ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕੀਤਾ ਗਿਆ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪ੍ਰਨੀਤ ਕੌਰ ਨੇ ਕਿਹਾ ਕਿ ਕਿਹਾ- ਭਾਜਪਾ ਨਾਲ ਜੁੜ ਕੇ ਕੰਮ ਕਰਨਾ ਚਾਹੁੰਦੀ ਹੈ।
ਲਗਾਤਾਰ ਚਾਰ ਵਾਰ ਬਣੀ ਸੰਸਦ ਮੈਂਬਰ: ਕਾਬਿਲੇਗੌਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ, ਜੋ ਕਿ ਚਾਰ ਵਾਰ ਸੰਸਦ ਮੈਂਬਰ ਬਣ ਚੁੱਕੀ ਹੈ, ਹੁਣ ਅਧਿਕਾਰਤ ਤੌਰ 'ਤੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ। ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਪ੍ਰਨੀਤ ਕੌਰ ਪਹਿਲੀ ਵਾਰ ਭਾਜਪਾ ਦੀ ਟਿਕਟ ਤੋਂ ਪਟਿਆਲਾ ਤੋਂ ਚੋਣ ਲੜੇਗੀ, ਜੋ ਉਨ੍ਹਾਂ ਦੇ ਅਗਲੇ ਭਵਿੱਖ ਨੂੰ ਤੈਅ ਕਰੇਗੀ।
ਪੀਐਮ ਮੋਦੀ ਦੀਆਂ ਨੀਤੀਆਂ ਦੇਖ ਕੇ ਭਾਜਪਾ 'ਚ ਹੋਏ ਸ਼ਾਮਲ: ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਭਾਜਪਾ ਵਿਚ ਆ ਕੇ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਹਾਈਕਮਾਂਡ ਵਲੋਂ ਮੈਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗੀਂ। ਉਨ੍ਹਾਂ ਅੱਗੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੇਖ ਕੇ ਭਾਜਪਾ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ। ਦੱਸ ਦੇਈਏ ਕਿ ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਪਤੀ ਅਤੇ ਬੱਚੇ ਪਹਿਲਾਂ ਹੀ ਭਾਜਪਾ 'ਚ ਸ਼ਾਮਲ: ਗੌਰਤਲਬ ਹੈ ਕਿ ਪ੍ਰਨੀਤ ਕੌਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਕਾਫੀ ਸਮੇਂ ਤੋਂ ਉਮੀਦ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ 2022 ਵਿੱਚ ਆਪਣੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਵਿੱਚ ਰਲੇਵਾਂ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਦੇ ਦੋਵੇਂ ਬੱਚਿਆਂ ਰਣਇੰਦਰ ਸਿੰਘ ਅਤੇ ਜੈ ਇੰਦਰ ਕੌਰ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਦੋਂ ਹੀ ਇਹ ਸਪੱਸ਼ਟ ਹੋ ਗਿਆ ਸੀ ਕਿ ਪ੍ਰਨੀਤ ਕੌਰ 2019-24 ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਹੀ ਭਾਜਪਾ ਵਿੱਚ ਸ਼ਾਮਲ ਹੋਵੇਗੀ।
1999 ਤੋਂ ਕਰ ਰਹੀ ਪਟਿਆਲਾ ਦੀ ਨੁਮਾਇੰਦਗੀ: ਪੰਜਾਬ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਸਾਲ 1999 ਵਿੱਚ ਪਟਿਆਲਾ ਤੋਂ ਆਪਣੀ ਪਹਿਲੀ ਚੋਣ ਜਿੱਤੀ ਸੀ। ਉਦੋਂ ਤੋਂ ਉਹ ਲੋਕ ਸਭਾ ਵਿੱਚ ਪਟਿਆਲਾ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਤੋਂ ਬਾਅਦ ਉਹ 2004, 2009 ਅਤੇ 2019 ਵਿੱਚ ਪਟਿਆਲਾ ਤੋਂ ਸੰਸਦ ਮੈਂਬਰ ਚੁਣੀ ਗਈ। ਉਹ 2014 ਤੋਂ 2017 ਤੱਕ ਪਟਿਆਲਾ ਤੋਂ ਵਿਧਾਇਕ ਵੀ ਰਹੀ।