ਭਦੌੜ/ਬਰਨਾਲਾ: ਪੰਚਾਂ ਅਤੇ ਸਰਪੰਚਾਂ ਦੇ ਕਾਗਜ ਭਰਨ ਵਾਲੇ ਉਮੀਦਵਾਰਾਂ ਦੇ ਫਾਰਮ ਰੱਦ ਹੋਣ ਦੇ ਰੋਸ ਵਜੋਂ ਪਿੰਡ ਪੱਖੋ ਕੈਂਚੀਆਂ ਅਤੇ ਚੀਮਿਆਂ ਦੇ ਲੋਕਾਂ ਨੇ ਬੀਡੀਪੀਓ ਦਫਤਰ ਘੇਰ ਕੇ ਨਾਰੇਬਾਜੀ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਤੇ ਆਗੂਆਂ ਦੇ ਕਹਿਣ 'ਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਪੰਚਾਂ ਅਤੇ ਸਰਪੰਚਾਂ ਦੇ ਭਰੇ ਫਾਰਮ ਰੱਦ ਕੀਤੇ ਜਾ ਰਹੇ ਹਨ ਜੋ ਕਿ ਲੋਕਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ।
ਵੱਡੇ ਫਰਕ ਨਾਲ ਲੋਕਾਂ ਨੇ ਫਤਵਾ ਦੇ ਕੇ ਜਿਤਾਏ
ਪਿੰਡ ਵਾਸੀਆਂ ਨੇ ਕਿਹਾ ਕਿ ਅਧਿਕਾਰੀਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਕਿ ਜੋ ਲੋਕਾਂ ਦੇ ਨੁਮਾਇੰਦੇ ਹਨ ਅਤੇ ਜਿੱਤਣ ਵਾਲੇ ਹਨ। ਉਨ੍ਹਾਂ ਦੇ ਫਾਰਮ ਰੱਦ ਕੀਤੇ ਜਾਣ, ਤਾਂ ਜੋ ਉਹ ਵੋਟਾਂ ਵਿੱਚ ਖੜੇ ਨਾ ਹੋ ਸਕਣ। ਉਨ੍ਹਾਂ ਪੰਜਾਬ ਦੇ ਐਮਐਲਏ ਅਤੇ ਮੰਤਰੀਆਂ ਅਤੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਹੁਣ ਬਹੁਤ ਜਿਆਦਾ ਵੱਡੇ ਫਰਕ ਨਾਲ ਲੋਕਾਂ ਨੇ ਫਤਵਾ ਦੇ ਕੇ ਜਿਤਾਏ ਸਨ। ਪਰ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਕੋਈ ਪੰਚ ਜਾਂ ਸਰਪੰਚ ਵੀ ਨਹੀਂ ਚੁਣੇਗਾ।'
ਬੀਡੀਪੀਓ ਦਫਤਰ ਸਹਿਣਾ ਅੱਗੇ ਧਰਨਾ ਲਗਾਇਆ
ਪਿੰਡ ਵਾਸੀਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫਰਸ 'ਤੇ ਰਹਿ ਕੇ ਲੋਕਾਂ ਦੀ ਸੇਵਾ ਕਰਨ ਨਾ ਕਿ ਮੁੱਖ ਮੰਤਰੀ ਦੀ ਕੁਰਸੀ ਦੇ ਗੁਮਾਨ ਵਿੱਚ ਲੋਕ ਵਿਰੋਧੀ ਫੈਸਲੇ ਲੈਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਸਾਹਿਬ ਸਾਬਕਾ ਮੁੱਖ ਮੰਤਰੀ ਕਹਾਉਣਗੇ ਪ੍ਰੰਤੂ ਹੁਣ ਉਹ ਸੱਤਾ ਦੇ ਨਸ਼ੇ ਵਿੱਚ ਲੋਕ ਪੱਖੀ ਫੈਸਲੇ ਨੂੰ ਭੁੱਲ ਕੇ ਸੱਤਾ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਦੋ ਪਿੰਡਾਂ ਦੇ ਕੁਝ ਪੰਚੀ ਅਤੇ ਸਰਪੰਚੀ ਦੇ ਉਮੀਦਵਾਰਾਂ ਦੇ ਕਾਗਜ ਰੱਦ ਕੀਤੇ ਗਏ ਹਨ ਅਤੇ ਜਦੋਂ ਅਸੀਂ ਆ ਕੇ ਬੀਡੀਪੀਓ ਦਫਤਰ ਸਹਿਣਾ ਅੱਗੇ ਧਰਨਾ ਲਗਾਇਆ ਤਾਂ ਪੱਖੋ ਕੈਂਚੀਆਂ ਦੇ ਇੱਕ ਵਿਅਕਤੀ ਦੇ ਫਾਰਮ ਉਨ੍ਹਾਂ ਨੇ ਸਹੀ ਮੰਨ ਕੇ ਉਸ ਨੂੰ ਯੋਗ ਕਰਾਰ ਦੇ ਦਿੱਤਾ ਹੈ। ਨਿਰੰਜਨ ਸਿੰਘ ਨਾਮ ਦੇ ਚੀਮੇ ਪਿੰਡ ਦੇ ਵਿਅਕਤੀ ਨੂੰ ਅਜੇ ਵੀ ਅਯੋਗ ਕਰਾਰ ਦਿੱਤਾ ਗਿਆ ਹੈ ਜਿਸ ਦਾ ਉਹ ਪੁਰਜੋਰ ਵਿਰੋਧ ਕਰਦੇ ਹਨ ਅਤੇ ਕੱਲ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਅੱਗੇ ਇਸ ਹੋ ਰਹੀ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਣਗੇ ਅਤੇ ਜੇਕਰ ਫਿਰ ਵੀ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਲੰਬੇ ਸਮੇਂ ਲਈ ਬਰਨਾਲਾ ਮੋਗਾ ਮੇਨ ਹਾਈਵੇ ਤੇ ਧਰਨਾ ਲਗਾ ਕੇ ਆਪਣਾ ਰੋਸ ਪ੍ਰਗਟ ਕਰਨਗੇ। ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
ਰਿਪੋਰਟ ਮੁਤਾਬਕ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ
ਇਸ ਸਬੰਧੀ ਜਦੋਂ ਸੰਮਤੀ ਪਟਵਾਰੀ ਅੰਮ੍ਰਿਤਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 2016 ਦੇ ਵਿੱਚ ਅਧਿਕਾਰਤ ਪੰਚ ਗੁਰਵਿੰਦਰ ਸਿੰਘ ਦੀ ਹਾਜ਼ਰੀ ਦੇ ਵਿੱਚ ਇੱਥੇ ਗ੍ਰਾਮ ਪੰਚਾਇਤ ਚੀਮਾ ਵਿਖੇ ਡੀ ਮਾਰਕੇਸ਼ਨ ਹੋਈ ਸੀ। ਜਿਸ ਵਿੱਚ ਨਿਰੰਜਨ ਸਿੰਘ ਨੇ ਇਸ ਵਾਰ ਨਾਮਜਦਗੀ ਕਾਗਜ਼ ਭਰੇ ਨੇ ਉਸਤੇ ਛੱਪੜ ਦੱਬਣ ਦੇ ਦੋਸਾਂ ਹੇਠ ਮੁਕਦਮਾ ਦਰਜ ਹੋਇਆ ਸੀ ਅਤੇ ਹਲਕਾ ਕਾਨੂੰਗੋ ਤੇ ਪਟਵਾਰੀ ਦੀ ਰਿਪੋਰਟ ਮੁਤਾਬਕ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਸੀ ਅਤੇ 2020 ਦੇ ਵਿੱਚ ਜ਼ਿਲ੍ਹਾ ਕਲੈਕਟਰ ਦੀ ਅਦਾਲਤ ਵਿੱਚ ਇਸ ਸੰਬੰਧੀ ਕੇਸ ਵੀ ਚੱਲਿਆ ਸੀ। ਜਿਸ ਵਿੱਚ ਉਨ੍ਹਾਂ ਨੇ ਆਪਣਾ ਹਲਫ਼ਨਾਮਾ ਵੀ ਦਿੱਤਾ ਸੀ ਜਿਹੜਾ ਕਿ ਚਰਨਜੀਤ ਸਿੰਘ ਪੰਚਾਇਤ ਸਕੱਤਰ ਨੇ ਸਾਨੂੰ ਲਿਖਤੀ ਰੂਪ ਵਿੱਚ ਵੀ ਦਿੱਤਾ ਸੀ ਅਤੇ ਹੁਣ ਜੋ ਮੌਕੇ ਦੇ ਹਾਲਾਤ ਹਨ।
ਉਸ ਦੀ ਰਿਪੋਰਟ ਸਾਡੇ ਵੱਲੋਂ ਆਰਓ ਸਾਹਿਬ ਨੂੰ ਭੇਜ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਜੋ ਵੀ ਕਾਰਵਾਈ ਹੋਵੇਗੀ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਉਨ੍ਹਾਂ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਕਿਸੇ ਵਿਸ਼ੇਸ਼ ਪਾਰਟੀ ਦੇ ਦਬਾਅ ਹੇਠ ਆ ਕੇ ਉਨ੍ਹਾਂ ਵੱਲੋਂ ਕਾਗਜ ਰੱਦ ਜਾਂ ਪਾਸ ਕੀਤੇ ਜਾ ਰਹੇ ਹਨ ਇਹ ਬੇਬੁਨਿਆਦ ਹਨ। ਉਨ੍ਹਾਂ ਨੂੰ ਕਿਸੇ ਦਾ ਫੋਨ ਜਾਂ ਕਿਸੇ ਨੇ ਵੀ ਕਿਸੇ ਦੇ ਕਾਗਜ ਰੱਦ ਕਰਨ ਜਾਂ ਪਾਸ ਕਰਨ ਲਈ ਨਹੀਂ ਕਿਹਾ।