ਲੁਧਿਆਣਾ: ਨਗਰ ਨਿਗਮ ਦੀਆਂ ਚੋਣਾਂ ਚੱਲ ਰਹੀਆਂ ਹਨ ਅਤੇ ਸਾਰੇ ਹੀ ਉਮੀਦਵਾਰ ਚੋਣ ਪ੍ਰਚਾਰ 'ਚ ਜੁੜੇ ਹੋਏ ਹਨ। ਉੱਥੇ ਹੀ ਦੂਜੇ ਪਾਸੇ ਲੋਕ ਲਗਾਤਾਰ ਆਪਣੇ ਮੁੱਦੇ ਚੁੱਕਦੇ ਹੋਏ ਨਜ਼ਰ ਆ ਰਹੇ ਹਨ। ਹੁਣ ਲੁਧਿਆਣਾ ਦੇ ਵਾਰਡ ਨੰਬਰ 58 ਦੇ ਲੋਕਾਂ ਨੇ ਵੀ ਕੈਮਰੇ ਅੱਗੇ ਆ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ ਹਨ। ਦੱਸ ਦੇਈਏ ਕਿ ਇਸ ਵਾਰ ਸੀਵਰੇਜ, ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਸੜਕਾਂ ਦੀਆਂ ਸਮੱਸਿਆਵਾਂ ਤੋਂ ਇਲਾਵਾ ਲੋਕ ਸੁਰੱਖਿਆ ਦੇ ਮੁੱਦੇ ਨੂੰ ਦੇਖਦੇ ਹੋਏ ਵੋਟਾਂ ਪਾ ਰਹੇ ਹਨ।
ਲੋਕਾਂ ਦੀਆਂ ਸਮੱਸਿਆਵਾਂ
ਇਸ ਸਬੰਧੀ ਲੁਧਿਆਣਾ ਦੇ ਪੱਤਰਕਾਰ ਵਰਿੰਦਰ ਸਿੰਘ ਨੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਆਪਣੇ ਮੁੱਦਿਆਂ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਲੁੱਟਾ ਖੋਹਾਂ ਲਗਾਤਾਰ ਵੱਧ ਰਹੀਆਂ ਨੇ, ਆਮ ਲੋਕ ਸੁਰੱਖਿਤ ਮਹਿਸੂਸ ਨਹੀਂ ਕਰਦੇ। ਇੱਥੋਂ ਤੱਕ ਕਿ ਲੋਕ ਰਾਤ ਨੂੰ ਗੱਡੀਆਂ ਸੜਕਾਂ 'ਤੇ ਲਗਾ ਕੇ ਸ਼ਰਾਬ ਪੀਂਦੇ ਹਨ ਅਤੇ ਸ਼ਰੇਆਮ ਗੱਡੀਆਂ ਲਗਾ ਕੇ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਔਰਤਾਂ ਦਾ ਅਜਿਹੇ ਰਾਸਤੇ 'ਤੋ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਲੋਕਾਂ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਨੂੰ ਦੇਖਦੇ ਹੋਏ ਹੀ ਇਸ ਵਾਰ ਵੋਟਾਂ ਪਾਉਣਗੇ। ਇਸ ਦੇ ਨਾਲ ਹੀ ਵਾਰਡ ਨੰਬਰ 58 ਦੇ ਲੋਕਾਂ ਨੇ ਕਿਹਾ ਕਿ ਅਸੀਂ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਅਤੇ ਰਾਤ ਦੇ ਸਮੇਂ ਇਥੋਂ ਲੰਘਣਾ ਵੀ ਔਖਾ ਹੋ ਜਾਂਦਾ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਟ੍ਰੈਫਿਕ ਦੀ ਵੀ ਇਸ ਇਲਾਕੇ ਵਿੱਚ ਵੱਡੀ ਸਮੱਸਿਆ ਹੈ। ਟ੍ਰੈਫਿਕ ਕਾਰਨ ਸੜਕਾਂ 'ਤੇ ਜਾਮ ਲੱਗ ਜਾਂਦਾ ਹੈ ਅਤੇ ਹਾਦਸੇ ਵੀ ਲਗਾਤਾਰ ਵਧਦੇ ਜਾ ਰਹੇ ਹਨ। ਲੋਕਾਂ ਨੇ ਗੱਲ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਇੱਥੇ ਇੱਕ ਵਿਅਕਤੀ ਦੀ ਐਬੂਲੈਂਸ ਵਿੱਚ ਹੀ ਮੌਤ ਹੋ ਗਈ ਸੀ, ਕਿਉਕਿ ਉਸ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਿਆ ਅਤੇ ਐਬੂਲੈਂਸ ਸੜਕ ਜਾਮ ਹੋਣ ਕਰਕੇ ਸਹੀਂ ਸਮੇਂ 'ਤੇ ਹਸਪਤਾਲ ਨਹੀਂ ਪਹੁੰਚ ਸਕੀ ਸੀ। ਜਾਮ ਨੂੰ ਖਤਮ ਕਰਨ ਲਈ ਕੋਈ ਟ੍ਰੈਫਿਕ ਮੁਲਾਜ਼ਮ ਵੀ ਮੌਜੂਦ ਨਹੀਂ ਹੁੰਦਾ। ਇਸ ਤੋਂ ਇਲਾਵਾ ਇਲਾਕੇ ਵਿੱਚ ਸੀਸੀਟੀਵੀ ਕੈਮਰੇ ਵੀ ਨਹੀਂ ਹਨ। ਦੋ ਕੈਮਰੇ ਪਹਿਲਾਂ ਲਗਾਏ ਗਏ ਸਨ, ਜੋ ਹੁਣ ਕੰਮ ਨਹੀਂ ਕਰਦੇ। ਲੋਕਾਂ ਨੇ ਕਿਹਾ ਕਿ ਇਹ ਕੁਝ ਮੁੱਦੇ ਹਨ, ਜਿਨਾਂ ਨੂੰ ਲੈ ਕੇ ਇਸ ਵਾਰ ਉਹ ਵੋਟਾਂ ਪਾਉਣਗੇ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡਾ ਮੁੱਦਾ ਸੁਰੱਖਿਆ ਦਾ ਹੈ ਅਤੇ ਕਾਨੂੰਨ ਵਿਵਸਥਾ ਦਾ ਹੈ, ਜਿਸ ਨੂੰ ਬਣਾਈ ਰੱਖਣਾ ਜ਼ਰੂਰੀ ਹੈ।
ਇਸ ਤੋਂ ਇਲਾਵਾ ਲੋਕਾਂ ਨੇ ਕਿਹਾ ਕਿ ਕਮਿਊਨਿਟੀ ਸੈਂਟਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਣਾਇਆ ਜਾਣਾ ਸੀ, ਜੋ ਅਜੇ ਤੱਕ ਨਹੀਂ ਬਣਾਇਆ ਗਿਆ। ਇਸ ਕਰਕੇ ਆਮ ਲੋਕਾਂ ਨੂੰ ਕਾਫੀ ਸਮੱਸਿਆਵਾਂ ਹੁੰਦੀਆਂ ਹਨ। ਇਹ ਮੁੱਦੇ ਕਾਫੀ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਹਨ, ਜੋ ਅਜੇ ਤੱਕ ਪੂਰੇ ਨਹੀਂ ਹੋਏ ਹਨ। ਇਸ ਲਈ ਲੋਕ ਹੁਣ ਲਗਾਤਾਰ ਇਨ੍ਹਾਂ ਮੁੱਦਿਆਂ ਨੂੰ ਚੁੱਕ ਰਹੇ ਹਨ।
ਇਹ ਵੀ ਪੜ੍ਹੋ:-