ਪਟਿਆਲਾ: ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਚੱਲ ਰਹੇ ਕੁਝ ਦਿਨਾਂ ਵਾਈਸ ਚਾਂਸਲਰ ਵੱਲੋਂ ਬਿਨਾਂ ਨੋਟਿਸ ਦਿੱਤੇ ਜਾਣ ਅਤੇ ਵਿਦਿਆਰਥਣਾਂ ਦੇ ਕੱਪੜਿਆਂ ’ਤੇ ਟਿੱਪਣੀ ਕਰਨ ਨੂੰ ਲੈ ਕੇ ਮਾਮਲਾ ਗਰਮਾ ਗਿਆ ਹੈ। ਇਸ ਨੂੰ ਲੈ ਕੇ ਵਿਦਿਆਰਥੀਆਂ ਨੇ ਵੀਸੀ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਤਹਿਤ ਵਾਈਸ ਚਾਂਸਲਰ ਨੇ ਮੀਡੀਆ ਸਾਹਮਣੇ ਆ ਕੇ ਪੂਰੀ ਗੱਲ ਦਾ ਸ਼ਪਸਟੀਕਰਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੀਆਂ ਜੋ ਵੀ ਮੁਸ਼ਕਲਾਂ ਹਨ, ਉਨ੍ਹਾਂ ਨੂੰ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਵਿਦਿਆਰਥੀਆਂ ਦੀ ਨਿੱਜੀ ਜ਼ਿੰਦਗੀ ਬਾਰੇ ਟਿੱਪਣੀ
ਵਾਈਸ ਚਾਂਸਲਰ ਨੇ ਦੱਸਿਆ ਕਿ ਉਨ੍ਹਾਂ ਕੋਲ ਲਗਾਤਾਰ ਵਿਦਿਆਰਥੀਆਂ ਵੱਲੋਂ ਕੰਪਲੇਂਟ ਕੀਤੀ ਜਾ ਰਹੀ ਸੀ ਜਿਸ ਕਰਕੇ ਉਹ ਆਪਣੇ ਮਹਿਲਾ ਚੀਫ ਵਾਰਡਨ ਦੇ ਨਾਲ ਉਨ੍ਹਾਂ ਵਿਦਿਆਰਥਣਾਂ ਦੇ ਨਾਲ ਜਾ ਕੇ ਉਨ੍ਹਾਂ ਹੀ ਵਿਦਿਆਰਥੀਆਂ ਦੇ ਕਮਰਿਆਂ ਵਿੱਚ ਗਏ ਸਨ, ਜਿਨ੍ਹਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ। ਉਨ੍ਹਾਂ ਕਿਹਾ ਕਿ ਉਸ ਤੋਂ ਇਲਾਵਾ ਉਹ ਹੋਰ ਕਿਸੇ ਵੀ ਕਮਰੇ ਵਿੱਚ ਨਹੀਂ ਗਏ। ਉਨ੍ਹਾਂ ਕਿਹਾ ਕਿ ਰਹੀ ਗੱਲ ਕੱਪੜਿਆਂ ਦੀ ਤਾਂ ਉਹ ਵਿਦਿਆਰਥਣਾਂ ਜੋ ਕਿ 17 ਤੋਂ 20 ਜਾਂ 22 ਸਾਲ ਦੀ ਉਮਰ ਤੱਕ ਹਨ, ਉਹ ਵਿਦਿਆਰਥਣਾਂ ਕਿਸੇ ਵੀ ਤਰਾਂ ਦੇ ਕੱਪੜੇ ਪਾ ਸਕਦੀਆਂ ਹਨ, ਉਨ੍ਹਾਂ ਵੱਲੋਂ ਕੋਈ ਵੀ ਇਸ ਗੱਲ ਵਿੱਚ ਦਖਲਅੰਦਾਜੀ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਝੂਠ ਹੈ ਅਤੇ ਉਨ੍ਹਾਂ ਨੇ ਕਦੇ ਵੀ ਵਿਦਿਆਰਥੀਆਂ ਦੀ ਨਿੱਜੀ ਜ਼ਿੰਦਗੀ ਬਾਰੇ ਟਿੱਪਣੀ ਨਹੀਂ ਕੀਤੀ। ਵੀਸੀ ਨੇ ਕਿਹਾ ਕਿ ਇਹ ਹੀ ਤਾਂ ਉਨ੍ਹਾਂ ਦੀ ਉਮਰ ਹੈ, ਜਿਸ ਨੂੰ ਉਹ ਆਪਣੀ ਮਨਮਰਜ਼ੀ ਦੇ ਹਿਸਾਬ ਨਾਲ ਜਿਉਂ ਸਕਣਗੀਆਂ।
ਅਸੀਂ ਗ਼ਲਤ ਤਰੀਕੇ ਨਾਲ ਨਹੀਂ ਗਏ। ਇਸ ਵਾਰ ਦਾਖਲੇ ਵਿੱਚ ਕੁੜੀਆਂ ਦੀ ਗਿਣਤੀ ਵੱਧ ਹੋਈ ਹੈ, ਜਿਸ ਕਰਕੇ ਹੋਸਟਲ ਵਿੱਚ ਜਿੱਥੇ ਇਕ ਕਮਰੇ ਵਿੱਚ ਇੱਕ ਕੁੜੀ ਰਹਿੰਦੀ ਹੈ, ਉੱਥੇ ਦੋ ਜਣਿਆਂ ਨੂੰ ਰੋਕਣਾ ਪੈ ਰਿਹਾ ਹੈ। ਤਾਂ ਮੈਨੂੰ ਸ਼ਿਕਾਇਤਾਂ ਆਈਆਂ ਸੀ ਕਿ ਸਾਮਾਨ ਰੱਖਣ ਸਬੰਧੀ ਬੱਚੀਆਂ ਨੂੰ ਸਮੱਸਿਆ ਆ ਰਹੀ ਹੈ ਤੇ ਉਨ੍ਹਾਂ ਵਲੋਂ ਮੰਗ ਕੀਤੀ ਗਈ ਸੀ ਕਿ ਸਰ ਆ ਕੇ ਦੇਖੋ ਤੇ ਦੱਸੋ ਸਾਮਾਨ ਕਿੱਥੇ ਰੱਖੀਏ। ਮੈਂ ਵਾਰਡਨ ਤੇ ਹੋਰ ਸ਼ਿਕਾਇਤ ਦੇਣ ਵਾਲੀਆਂ ਕੁੜੀਆਂ ਨਾਲ ਸਿਰਫ ਉਨ੍ਹਾਂ ਦੇ ਹੀ ਕਮਰੇ ਵਿੱਚ ਗਏ ਸੀ ਤੇ ਸਮੱਸਿਆ ਉੱਤੇ ਗੱਲ ਕੀਤੀ ਸੀ। ਕੱਪੜਿਆ ਉੱਤੇ ਮੈਂ ਕੋਈ ਟਿੱਪਣੀ ਨਹੀਂ ਕੀਤੀ। ਮੈਂ ਉਮੀਦ ਕਰਦਾ ਕਿ ਜਲਦ ਇਹ ਮਾਮਲਾ ਸੁਲਝਾ ਲਿਆ ਜਾਵੇਗਾ ਤੇ ਜੋ ਵੀ ਸੱਮਸਿਆ ਹੈ, ਵਿਦਿਆਰਥਣਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।
- ਪ੍ਰੋ. ਜੈਸ਼ੰਕਰ ਸਿੰਘ, ਵਾਈਸ ਚਾਂਸਲਰ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ
ਪ੍ਰਿਅੰਕਾ ਗਾਂਧੀ ਨੇ ਕੀਤੀ ਸੀ ਕਾਰਵਾਈ ਦੀ ਮੰਗ
ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ (ਆਰਜੀਐਨਯੂਐਲ), ਪਟਿਆਲਾ ਦੇ ਵਾਈਸ-ਚਾਂਸਲਰ (ਵੀਸੀ) ਦੀ ਕਥਿਤ ਤੌਰ 'ਤੇ ਅਗਾਊਂ ਸੂਚਨਾ ਦੇ ਬਿਨਾਂ ਕੁੜੀਆਂ ਦੇ ਹੋਸਟਲ ਵਿੱਚ ਦਾਖਲ ਹੋਣ ਅਤੇ ਵਿਦਿਆਰਥੀਆਂ ਦੇ ਪਹਿਰਾਵੇ ਬਾਰੇ ਅਣਉਚਿਤ ਟਿੱਪਣੀਆਂ ਕਰਨ ਲਈ ਨਿੰਦਾ ਕੀਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ਉੱਤੇ ਪੋਸਟ ਸਾਂਝੀ ਕਰਦੇ ਹੋਏ ਵੀਸੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
पटियाला के राजीव गांधी विधि विश्वविद्यालय में कुलपति का बिना छात्राओं को सूचित किए अचानक उनके कमरों में घुसकर चेकिंग करना और लड़कियों पर पहनावे को लेकर अभद्र टिप्पणी करना अत्यंत शर्मनाक है।
— Priyanka Gandhi Vadra (@priyankagandhi) September 25, 2024
छात्राओं ने मीडिया से जो बातें कही हैं, वे बेहद आपत्तिजनक हैं। लड़कियां अपने खानपान,…
ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ 'ਚ ਵਾਈਸ-ਚਾਂਸਲਰ ਵੱਲੋਂ ਵਿਦਿਆਰਥਣਾਂ ਨੂੰ ਬਿਨਾਂ ਦੱਸੇ ਉਨ੍ਹਾਂ ਦੇ ਕਮਰਿਆਂ 'ਚ ਦਾਖਲ ਹੋ ਕੇ ਉਨ੍ਹਾਂ ਦੇ ਕਮਰਿਆਂ ਦੀ ਚੈਕਿੰਗ ਕਰਨਾ ਅਤੇ ਉਨ੍ਹਾਂ ਦੇ ਪਹਿਰਾਵੇ ਨੂੰ ਲੈ ਕੇ ਵਿਦਿਆਰਥਣਾਂ 'ਤੇ ਅਸ਼ਲੀਲ ਟਿੱਪਣੀਆਂ ਕਰਨਾ ਬੇਹੱਦ ਸ਼ਰਮਨਾਕ ਹੈ। ਵਿਦਿਆਰਥਣਾਂ ਨੇ ਮੀਡੀਆ ਨੂੰ ਜੋ ਗੱਲਾਂ ਕਹੀਆਂ ਹਨ, ਉਹ ਬੇਹੱਦ ਇਤਰਾਜ਼ਯੋਗ ਹਨ। ਲੜਕੀਆਂ ਆਪਣੇ ਭੋਜਨ, ਕੱਪੜੇ ਅਤੇ ਕੋਰਸ ਦੀ ਚੋਣ ਦਾ ਫੈਸਲਾ ਖੁਦ ਕਰਨ ਦੇ ਸਮਰੱਥ ਹਨ। ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਨੈਤਿਕ ਪੁਲਿਸਿੰਗ ਅਤੇ ਲੜਕੀਆਂ ਦੀ ਨਿੱਜਤਾ ਦੀ ਉਲੰਘਣਾ ਅਸਵੀਕਾਰਨਯੋਗ ਹੈ। ਮਹਿਲਾ ਕਮਿਸ਼ਨ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਉਪ ਕੁਲਪਤੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
- ਪ੍ਰਿਅੰਕਾ ਗਾਂਧੀ, ਸੀਨੀਅਰ ਕਾਂਗਰਸ ਆਗੂ
ਵਿਦਿਆਰਥਣਾਂ ਦੀ ਨਿੱਜਤਾ ਨੂੰ ਕਥਿਤ ਤੌਰ 'ਤੇ ਭੰਗ ਕਰਨ ਦੇ ਇਲਜ਼ਾਮ
ਵਿਦਿਆਰਥਣਾਂ ਮੁਤਾਬਿਕ ਵੀਸੀ ਪ੍ਰੋ. ਜੈ ਸ਼ੰਕਰ ਬਿਨਾਂ ਉਨ੍ਹਾਂ ਨੂੰ ਦੱਸੇ ਅਚਾਨਕ ਹੀ ਹੋਸਟਲ ਦੇ ਕਮਰੇ ਵਿੱਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਦੇ ਕੱਪੜਿਆਂ ਨੂੰ ਲੈ ਕੇ ਉਨ੍ਹਾਂ ਉੱਤੇ ਸਵਾਲ ਚੁੱਕੇ ਜਾ ਰਹੇ ਸੀ। ਵਿਦਿਆਰਥਣਾਂ ਦਾ ਇਲਜ਼ਾਮ ਹੈ ਕਿ ਇਸ ਹਰਕਤ ਨਾਲ ਉਨ੍ਹਾਂ ਦੇ ਹੋਸਟਲ ਵਿੱਚ ਵਿਦਿਆਰਥਣਾਂ ਦੀ ਨਿੱਜਤਾ ਨੂੰ ਕਥਿਤ ਤੌਰ 'ਤੇ ਭੰਗ ਕੀਤਾ ਗਿਆ ਹੈ ਜਿਸ ਕਾਰਨ ਵਾਈਸ-ਚਾਂਸਲਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਕੈਂਪਸ ਵਿੱਚ ਸਥਿਤ ਵਾਈਸ-ਚਾਂਸਲਰ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ। ਵਿਦਿਆਰਥੀਆਂ ਦੇ ਅਨੁਸਾਰ, ਵਾਈਸ-ਚਾਂਸਲਰ ਨੇ ਕਥਿਤ ਤੌਰ 'ਤੇ ਲੜਕੀਆਂ ਦੀ ਨਿੱਜਤਾ ਦੀ ਉਲੰਘਣਾ ਕੀਤੀ ਹੈ।
ਕੋਈ ਵੀ ਪੁਰਸ਼ ਕੁੜੀਆਂ ਦੇ ਨਿਜੀ ਕਮਰੇ 'ਚ ਨਹੀਂ ਹੋ ਸਕਦਾ ਦਾਖ਼ਲ
ਉਥੇ ਹੀ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਇਲਜ਼ਾਮ ਹਨ ਕਿ ਕਿਸੇ ਵੀ ਪੁਰਸ਼ ਮੈਂਬਰ ਨੂੰ ਵਿਦਿਆਰਥਣਾਂ ਦੇ ਕਮਰਿਆਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ, ਚਾਹੇ ਉਸ ਦੇ ਨਾਲ ਕਿੰਨੀਆਂ ਵੀ ਮਹਿਲਾ ਫੈਕਲਟੀ ਮੈਂਬਰ ਜਾਂ ਗਾਰਡ ਹੋਣ। ਉਨ੍ਹਾਂ ਨੇ ਕਿਹਾ ਕਿ ਇਹ ਐਕਟ ਵਿਦਿਆਰਥਣਾਂ ਦੀ ਅਖੰਡਤਾ ਅਤੇ ਨਿੱਜਤਾ ਦੀ ਪੂਰੀ ਤਰ੍ਹਾਂ ਅਣਦੇਖੀ ਹੈ।