ਚੰਡੀਗੜ੍ਹ: ਕਣਕ ਦੀ ਵਾਢੀ ਤੋਂ ਬਾਅਦ ਸੂਬੇ 'ਚ ਝੋਨੇ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ। ਇਸ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਸਮੇਤ ਰਵਾਇਤੀ ਲੁਆਈ ਦੀਆਂ ਤਰੀਕਾਂ ਜਾਰੀ ਕਰ ਦਿਤੀਆਂ ਗਈਆਂ ਹਨ। ਪੱਤਰ ਦੀਆਂ ਤਰੀਕਾਂ ਮੁਤਾਬਿਕ ਸੂਬੇ ਅੰਦਰ ਝੋਨੇ ਦੀ ਰਵਾਇਤੀ ਲੁਆਈ ਦੋ ਪੜਾਵਾਂ ’ਚ ਹੋਵੇਗੀ ਅਤੇ ਇਸ ਦੌਰਾਨ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਿਤੀ ਜਾਵੇਗੀ।
15 ਮਈ ਤੋਂ ਸਿੱਧੀ ਬਿਜਾਈ: ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਪੂਰੇ ਸੂਬੇ 'ਚ ਝੋਨੇ ਦੀ ਸਿੱਧੀ ਬਿਜਾਈ (DSR) ਸਿਸਟਮ ਰਾਹੀਂ 15 ਮਈ ਤੋਂ ਸ਼ੁਰੂ ਹੋਵੇਗੀ ਅਤੇ 31 ਮਈ ਤਕ ਜਾਰੀ ਰਹੇਗੀ। ਇਸ ਬਜਾਈ ਲਈ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਵੀ 15 ਮਈ ਤੋਂ ਸ਼ੁਰੂ ਹੋ ਜਾਵੇਗੀ। ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਾਈ ਭਲਾਈ ਵਿਭਾਗ ਕੇ.ਏ.ਪੀ. ਸਿਨਹਾ ਵਲੋਂ ਇਹ ਪੱਤਰ ਜਾਰਾ ਕੀਤਾ ਗਿਆ ਹੈ।
ਪਹਿਲੇ ਪੜਾਅ 'ਚ ਇਹ ਜ਼ਿਲ੍ਹੇ ਸ਼ਾਮਲ: ਇਸ ਤੋਂ ਇਲਾਵਾ ਸੂਬੇ 'ਚ ਕਿਸਾਨਾਂ ਵੱਲੋਂ ਜੋ ਰਵਾਇਤੀ ਲੁਆਈ ਰਾਹੀਂ ਝੋਨਾ ਬੀਜਿਆ ਜਾਂਦਾ ਹੈ, ਉਹ ਇਸ ਵਾਰ ਦੋ ਪੜਾਵਾਂ ਰਾਹੀਂ ਸ਼ੁਰੂ ਹੋਵੇਗੀ। ਜਦਕਿ ਪਿਛਲੇ ਸਾਲਾਂ ਦੌਰਾਨ ਝੋਨੇ ਦੀ ਰਵਾਇਤੀ ਲੁਆਈ ਚਾਰ ਪੜਾਵਾਂ ਤਹਿਤ ਹੁੰਦੀ ਸੀ। ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ ਪਹਿਲਾ ਪੜਾਅ 11 ਜੂਨ ਤੋਂ ਸ਼ੁਰੂ ਹੋਵੇਗਾ ਅਤੇ ਇਸ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮਾਨਸਾ, ਫਾਜ਼ਿਲਕਾ, ਬਠਿੰਡਾ ਅਤੇ ਫਿਰੋਜ਼ਪੁਰ ਤੋਂ ਇਲਾਵਾ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਕੰਡਿਆਲੀ ਤਾਰ ਤੋਂ ਪਾਰ ਵਾਲੇ ਇਲਾਕੇ ਆਉਣਗੇ। ਇਨ੍ਹਾਂ ਜ਼ਿਲ੍ਹਿਆਂ ਵਿੱਚ ਟਿਊਬਵੈੱਲਾਂ ਲਈ ਅੱਠ ਘੰਟੇ ਬਿਜਲੀ ਸਪਲਾਈ ਦੇ ਨਾਲ-ਨਾਲ ਨਹਿਰੀ ਪਾਣੀ ਵੀ ਉਪਲੱਬਧ ਹੋਵੇਗਾ।
ਦੂਜੇ ਪੜਾਅ 'ਚ ਇਹ ਜ਼ਿਲ੍ਹੇ ਸ਼ਾਮਲ: ਇਸ ਦੇ ਨਾਲ ਹੀ ਸੂਬੇ ਦੇ ਬਾਕੀ ਰਹਿੰਦੇ ਜ਼ਿਲ੍ਹਿਆਂ ’ਚ 15 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ। ਇਨ੍ਹਾਂ ਜਿਲ੍ਹਿਆਂ ’ਚ ਜ਼ਿਲ੍ਹਾ ਮੋਗਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਪਟਿਆਲਾ, ਸ੍ਰੀ ਫਤਿਹਗੜ੍ਹ ਸਾਹਿਬ, ਮੋਹਾਲੀ, ਰੂਪਨਗਰ, ਲੁਧਿਆਣਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਸ਼ਾਮਲ ਹੋਣਗੇ। ਇਨ੍ਹਾਂ ’ਚ ਵੀ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇ ਨਾਲ-ਨਾਲ ਨਹਿਰੀ ਪਾਣੀ ਵੀ ਹਾਸਲ ਹੋਵੇਗਾ।
- ਫਰੀਦਕੋਟ ਅਦਾਲਤ 'ਚ ਪੇਸ਼ੀ ਲਈ ਲਿਆਂਦੇ ਗੋਲਡੀ ਬਰਾੜ ਤੇ ਬੰਬੀਹਾ ਗੈਂਗ ਦੇ ਗੁਰਗਿਆਂ ਵਿਚਾਲੇ ਹੋਇਆ ਝਗੜਾ, ਮਾਮਲਾ ਦਰਜ - Faridkot court clashed
- ਅੰਮ੍ਰਿਤਸਰ ਵਿੱਚ ਢਾਬਾ ਮਾਲਕ ਲੜਨ ਜਾ ਰਿਹਾ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੋਕ ਸਭਾ ਚੋਣਾਂ - Lok Sabha Elections
- ਕੈਨੇਡੀਅਨ ਪੁਲਿਸ ਨੇ ਹਰਦੀਪ ਨਿੱਝਰ ਕਤਲ ਕੇਸ ਦੇ ਚੌਥੇ ਸ਼ੱਕੀ ਨੂੰ ਕੀਤਾ ਗ੍ਰਿਫਤਾਰ - Hardeep Singh Nijjar Murder Case