ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਅਰੀਆਂ ਵਿੱਚ ਦੁਧਾਰੂ ਪਸ਼ੂਆਂ ਨੂੰ ਦਿੱਤੇ ਜਾ ਰਹੇ ਆਕਸੀਟੋਸਿਨ ਦੇ ਖਿਲਾਫ਼ ਇੱਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪਟੀਸ਼ਨਕਰਤਾ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ 'ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਦੇਣ। ਮਾਣਯੋਗ ਅਦਾਲਤ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ 60 ਦਿਨਾਂ ਦੇ ਅੰਦਰ-ਅੰਦਰ ਇਸ ਮੰਗ ਪੱਤਰ 'ਤੇ ਢੁਕਵਾਂ ਫ਼ੈਸਲਾ ਲੈਣ।
ਜ਼ਿਆਦਾ ਦੁੱਧ ਲਈ ਆਕਸੀਟੋਸਿਨ ਦੇ ਟੀਕੇ
ਮੋਹਾਲੀ ਦੀਆਂ 227 ਪਸ਼ੂ ਡੇਅਰੀਆਂ ਵਿੱਚ ਮੌਜੂਦ 3887 ਦੁਧਾਰੂ ਪਸ਼ੂਆਂ 'ਤੇ ਕੀਤੇ ਸਰਵੇਖਣ ਦੇ ਅਧਾਰ 'ਤੇ ਇੱਕ ਜਨਹਿੱਤ ਪਟੀਸ਼ਨ ਦਾਖਲ ਕਰਦਿਆਂ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਪਸ਼ੂਆਂ ਤੋਂ ਜ਼ਿਆਦਾ ਦੁੱਧ ਲੈਣ ਲਈ ਆਕਸੀਟੋਸਿਨ ਦਾ ਟੀਕਾ ਲਾਇਆ ਜਾ ਰਿਹਾ ਹੈ। ਜਿਹੜਾ ਕਿ ਨਾ ਸਿਰਫ਼ ਦੁਧਾਰੂ ਪਸ਼ੂਆਂ ਲਈ ਖਤਰਨਾਕ ਹੈ, ਬਲਕਿ ਇਹ ਦੁੱਧ ਪੀਣ ਵਾਲੇ ਲੋਕਾਂ ਦੀ ਸਿਹਤ ਲਈ ਵੀ ਜਾਨਲੇਵਾ ਹੈ।
ਡੇਅਰੀਆਂ ਵਿੱਚ ਪਸ਼ੂਆਂ 'ਤੇ ਢਾਹਿਆ ਜਾ ਰਿਹਾ ਤਸ਼ੱਦਦ
ਪਟੀਸ਼ਨ ਦਾਖਲ ਕਰਦਿਆਂ "ਦੀ ਪੀਡੂਜ਼ ਪੀਪਲ ਵੈਲਫੇਅਰ ਸੋਸਾਇਟੀ" ਨੇ ਮਾਣਯੋਗ ਹਾਈ ਕੋਰਟ ਨੂੰ ਦੱਸਿਆ ਕਿ ਮੋਹਾਲੀ ਸ਼ਹਿਰ ਦੀਆਂ ਡੇਅਰੀਆਂ ਵਿੱਚ ਪਸ਼ੂਆਂ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੋਹਾਲੀ ਦੀਆਂ 227 ਪਸ਼ੂ ਡੇਅਰੀਆਂ ਵਿੱਚ 3887 ਪਸ਼ੂਆਂ 'ਤੇ ਸਰਵੇਖਣ ਕੀਤਾ ਸੀ। ਇਸ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਜ਼ਿਆਦਾਤਰ ਥਾਵਾਂ 'ਤੇ ਪਸ਼ੂਆਂ ਨੂੰ ਬੇਹੱਦ ਮਾੜੇ ਹਾਲਾਤ ਵਿੱਚ ਰੱਖਿਆ ਗਿਆ ਹੈ। ਡੇਅਰੀਆਂ ਵਿੱਚ ਸਾਫ਼-ਸਫ਼ਾਈ ਦਾ ਬਿਲਕੁਲ ਖਿਆਲ ਨਹੀਂ ਰੱਖਿਆ ਜਾ ਰਿਹਾ ਅਤੇ ਪਸ਼ੂਆਂ ਦੇ ਪੀਣ ਲਈ ਸਾਫ਼ ਪਾਣੀ ਤੱਕ ਮੌਜੂਦ ਨਹੀਂ ਹੈ। ਕੁਝ ਮਾਮਲਿਆਂ ਵਿੱਚ ਤਾਂ ਪਸ਼ੂਆਂ ਨੂੰ ਸਿਰਫ਼ ਦੋ ਫੁੱਟ ਰੱਸੀ ਨਾਲ ਬੰਨ੍ਹ ਕੇ ਰੱਖਿਆ ਗਿਆ ਅਤੇ ਪਸ਼ੂਆਂ ਕੋਲ ਖੜ੍ਹੇ ਹੋਣ ਨੂੰ ਥਾਂ ਤੱਕ ਨਹੀਂ ਸੀ।
ਮੋਹਾਲੀ ਪੁਲਿਸ ਨੇ ਸਿਰਫ਼ ਖਾਨਾਪੂਰਤੀ ਕੀਤੀ
ਸਰਵੇਖਣ ਵਿੱਚ ਜਿਹੜੀ ਗੱਲ ਸਭ ਤੋਂ ਵੱਧ ਚਿੰਤਾ ਕਰਨ ਵਾਲੀ ਸੀ ਉਹ ਇਹ ਕੀ ਪਸ਼ੂਆਂ ਨੂੰ ਜ਼ਿਆਦਾ ਦੁੱਧ ਲਈ ਆਕਸੀਟੋਸਿਨ ਦਾ ਟੀਕਾ ਲਾਇਆ ਜਾ ਰਿਹਾ ਹੈ। ਇਸ ਟੀਕੇ ਨੂੰ ਜ਼ਿਆਦਾਤਰ ਡੇਅਰੀ ਵਾਲੇ ਖ਼ੁਦ ਹੀ ਲਾਉਂਦੇ ਹਨ ਅਤੇ ਇਸ ਲਈ ਵਾਰ-ਵਾਰ ਇੱਕ ਹੀ ਸਰਿੰਜ ਦੀ ਵਰਤੋਂ ਹੁੰਦੀ ਹੈ। ਪਟੀਸ਼ਨਕਰਤਾ ਨੇ ਦੱਸਿਆ ਕਿ ਇਹ ਟੀਕਾ ਪਸ਼ੂਆਂ ਲਈ ਤਾਂ ਹਾਨੀਕਾਰਕ ਹੈ ਹੀ, ਪਰ ਇਸ ਨੂੰ ਲਾਉਣ ਤੋਂ ਬਾਅਦ ਜਿਹੜਾ ਦੁੱਧ ਨਿਕਲਦਾ ਹੈ ਉਸ ਨੂੰ ਪੀਣ ਵਾਲੇ ਵਿਅਕਤੀ ਦੀ ਵੀ ਸਿਹਤ ਵਿਗਾੜ ਸਕਦਾ ਹੈ।
ਦੁਧਾਰੂ ਪਸ਼ੂਆਂ 'ਤੇ ਤਸ਼ੱਦਦ
ਪਟੀਸ਼ਨਕਰਤਾ ਨੇ ਦੱਸਿਆ ਕਿ ਮੋਹਾਲੀ ਦੀਆਂ ਵੱਖ-ਵੱਖ ਥਾਵਾਂ 'ਤੇ ਅਜਿਹੇ ਮਾਮਲੇ ਸਾਹਮਣੇ ਆਉਣ 'ਤੇ ਪੁਲਿਸ ਨੂੰ ਬੁਲਾਇਆ ਗਿਆ ਪਰ ਮੋਹਾਲੀ ਪੁਲਿਸ ਨੇ ਉੱਥੇ ਆ ਕੇ ਸਿਰਫ਼ ਖਾਨਾਪੂਰਤੀ ਕੀਤੀ ਅਤੇ ਕਈ ਮਾਮਲਿਆਂ ਵਿੱਚ ਤਾਂ ਐਫਆਈਆਰ ਤੱਕ ਦਰਜ ਨਹੀਂ ਕੀਤੀ। ਪਟੀਸ਼ਨਕਰਤਾ ਨੇ ਕਿਹਾ ਕਿ ਪਸ਼ੂ ਕਰੂਰਤਾ ਨਿਵਾਰਣ ਅਧਿਨਿਯਮ ਦਾ ਪਾਲਣ ਨਾ ਹੋਣ ਕਾਰਨ ਇਸ ਤਰ੍ਹਾਂ ਡੇਅਰੀ ਮਾਲਕ ਅਤੇ ਗਊਸ਼ਾਲਾ ਚਲਾਉਣ ਵਾਲੇ ਦੁਧਾਰੂ ਪਸ਼ੂਆਂ 'ਤੇ ਤਸ਼ੱਦਦ ਢਾਹ ਰਹੇ ਹਨ।