ਨੰਗਲ: ਸ਼ਹਿਰ ਦੇ ਇੱਕ ਪਰਿਵਾਰ ਵੱਲੋਂ ਆਪਣੀ ਧੀ ਦੇ ਪਹਿਲੇ ਪਤੀ ਦੀ ਮੌਤ ਹੋਣ ਜਾਣ ਤੋਂ ਬਾਅਦ ਉਸ ਦਾ ਦੂਜਾ ਵਿਆਹ ਗੋਬਿੰਦਗੜ੍ਹ ਕੀਤਾ ਗਿਆ ਸੀ ਤਾਂ ਜੋ ਆਪਣਾ ਅਗਲਾ ਜੀਵਨ ਖੁਸ਼ੀਆਂ ਨਾਲ ਬਤੀਤ ਕਰ ਸਕੇ। ਲੇਕਿਨ ਉਹਨਾਂ ਨੂੰ ਕੀ ਪਤਾ ਸੀ ਕਿ ਖੁਸ਼ੀਆਂ ਤਾਂ ਕੀ ਮਿਲਣੀਆਂ ਸਨ, ਸਗੋਂ ਉਹਨਾਂ ਦੀ ਧੀ ਵੱਲੋਂ ਮੌਤ ਨੂੰ ਗਲੇ ਲਗਾ ਲਿਆ ਜਾਵੇਗਾ। ਤਾਜ਼ਾ ਮਾਮਲਾ ਨੰਗਲ ਸ਼ਹਿਰ ਦਾ ਹੈ, ਜਿੱਥੇ ਇੱਕ ਵਿਆਹੁਤਾ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।
ਵਿਆਹੁਤਾ ਵਲੋਂ ਨਹਿਰ 'ਚ ਛਾਲ ਮਾਰ ਖੁਦਕੁਸ਼ੀ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਇਸ ਮ੍ਰਿਤਕ ਲੜਕੀ ਦਾ ਵਿਆਹ ਨੰਗਲ ਸ਼ਹਿਰ ਵਿੱਚ ਹੀ ਹੋਇਆ ਸੀ, ਲੇਕਿਨ ਕਰੀਬ ਦੋ ਸਾਲ ਪਹਿਲਾਂ ਵੀ ਭਾਣਾ ਵਰਤਿਆ ਜਿੱਥੇ ਇਸ ਦੇ ਪਹਿਲੇ ਪਤੀ ਅਤੇ ਨੰਗਲ ਸ਼ਹਿਰ ਦੇ ਵਪਾਰੀ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ। ਜਿਸ ਦੇ ਚੱਲਦਿਆਂ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ ਕਿਉਂਕਿ ਤਜਿੰਦਰ ਸਿੰਘ ਕੋਹਲੀ ਉਰਫ ਸ਼ੇਰੂ ਲੋਕਾਂ ਵਿੱਚ ਆਪਣੇ ਹਸਮੁਖ ਸੁਭਾਅ ਨੂੰ ਲੈ ਕੇ ਕਾਫੀ ਮਿਲਣ ਸਾਰ ਸਨ। ਇਸ ਤੋਂ ਬਾਅਦ ਪਰਿਵਾਰ ਵਲੋਂ ਕਰੀਬ ਚਾਰ ਮਹੀਨੇ ਪਹਿਲਾਂ ਆਪਣੀ ਧੀ ਦਾ ਦੂਜਾ ਵਿਆਹ ਕੀਤਾ ਗਿਆ, ਪਰ ਹੁਣ ਲੜਕੀ ਵਲੋਂ ਵੀ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕਾ ਦੇ ਸਹੁਰਾ ਪਰਿਵਾਰ 'ਤੇ ਲਾਏ ਇਲਜ਼ਾਮ: ਇਸ ਸਬੰਧੀ ਮ੍ਰਿਤਕ ਲੜਕੀ ਦੀ ਮਾਂ ਨੇ ਦੱਸਿਆ ਕਿ ਲੱਗਭਗ ਚਾਰ ਮਹੀਨੇ ਪਹਿਲਾਂ ਪਰਿਵਾਰ ਵੱਲੋਂ ਗੋਬਿੰਦਗੜ੍ਹ ਵਿਖੇ ਧੀ ਦਾ ਦੂਜਾ ਵਿਆਹ ਕੀਤਾ ਗਿਆ ਸੀ ਤਾਂ ਕਿ ਉਹ ਆਪਣਾ ਅਗਲਾ ਜੀਵਨ ਖੁਸ਼ੀ ਨਾਲ ਕੱਟ ਸਕੇ ਪਰ ਸਹੁਰੇ ਪਰਿਵਾਰ ਵੱਲੋਂ ਇਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਤੋਂ ਸਹੁਰਾ ਪਰਿਵਾਰ ਇਸ ਨੂੰ ਸਾਡੇ ਘਰ ਛੱਡ ਗਿਆ ਸੀ ਤੇ ਲੈਣ ਵੀ ਨਹੀਂ ਜਾ ਰਿਹਾ ਸੀ, ਜਿਸ ਕਾਰਨ ਇਹ ਕਾਫੀ ਪਰੇਸ਼ਾਨ ਰਹਿੰਦੀ ਸੀ। ਮਾਂ ਨੇ ਦੱਸਿਆ ਕਿ ਉਸ ਦੀ ਧੀ ਘਰੋਂ ਦਵਾਈ ਦਾ ਬਹਾਨਾ ਲਗਾ ਕੇ ਆਈ ਸੀ ਤੇ ਇਸ ਨੇ ਨੰਗਲ ਆ ਕੇ ਨਹਿਰ ਦੇ ਉਸੀ ਅਸਥਾਨ ਤੋਂ ਛਾਲ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਜਗ੍ਹਾ 'ਤੇ ਪਹਿਲੇ ਪਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ।
ਪੁਲਿਸ ਨੇ ਜਾਂਚ ਦੀ ਆਖੀ ਗੱਲ: ਉਥੇ ਹੀ ਮ੍ਰਿਤਕ ਲੜਕੀ ਦੇ ਪਰਿਵਾਰ ਵਲੋਂ ਉਸ ਦੇ ਸਹੁਰਾ ਪਰਿਵਾਰ 'ਤੇ ਕਾਰਵਾਈ ਲਈ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਜਾਂਚ 'ਚ ਜੁਟ ਗਈ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨੀਂ ਵਿਆਹੁਤਾ ਦੀ ਲਾਸ਼ ਨਹਿਰ 'ਚ ਬਰਾਮਦ ਹੋਈ ਸੀ, ਜਿਸ ਤੋਂ ਬਾਅਦ ਪਛਾਣ ਲਈ ਉਸ ਨੂੰ ਹਸਪਤਾਲ ਦੇ ਮੋਰਚਰੀ 'ਚ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਵਲੋਂ ਮ੍ਰਿਤਕਾ ਦੇ ਸਹੁਰਾ ਪਰਿਵਾਰ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਤੇ ਕਾਰਵਾਈ ਕੀਤੀ ਜਾਵੇਗੀ।