ਲੁਧਿਆਣਾ: ਦਿਵਾਲੀ ਅਤੇ ਆਗਾਮੀ ਤਿਉਹਾਰਾਂ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਅਲਰਟ 'ਤੇ ਹੈ ਅਤੇ ਲਗਾਤਾਰ ਸਰਚ ਆਪਰੇਸ਼ਨ ਚਲਾ ਰਹੀ ਹੈ। ਬੀਤੀ ਦੇਰ ਰਾਤ ਪੰਜਾਬ ਦੇ ਡੀਜੀਪੀ ਖੁਦ ਲੁਧਿਆਣਾ ਦੇ ਸਾਹਨੇਵਾਲ ਇਲਾਕੇ ਦੇ ਵਿੱਚ ਆਏ, ਜਿੱਥੇ ਉਹਨਾਂ ਨੇ ਪੁਲਿਸ ਸਟੇਸ਼ਨ ਦਾ ਦੌਰਾ ਕੀਤਾ ਅਤੇ ਨਾਲ ਹੀ ਸੀਨੀਅਰ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਤੇ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਕੀਤੀ।
ਨਾਕੇਬੰਦੀ ਕਰਕੇ ਚੈਕਿੰਗ ਅਭਿਆਨ
ਇਸ ਦੌਰਾਨ ਕਈ ਥਾਵਾਂ 'ਤੇ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਮੌਕੇ 'ਤੇ ਮੌਜੂਦ ਅਫਸਰਾਂ ਵੱਲੋਂ ਖੁਦ ਚੈਕਿੰਗ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੈਟਰੋਲਿੰਗ ਵਾਹਨਾਂ ਦੇ ਨਾਲ ਪੁਲਿਸ ਵੱਲੋਂ ਰਾਹਗੀਰਾਂ ਦੀ ਚੈਕਿੰਗ ਕੀਤੀ ਗਈ।
ਮਾੜੇ ਅਨਸਰਾਂ ਦੇ ਖਿਲਾਫ ਕਾਸੋ ਆਪਰੇਸ਼ਨ
ਇਸ ਸਬੰਧੀ ਜਾਣਕਾਰੀ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਸਾਂਝੀ ਕੀਤੀ ਅਤੇ ਦੱਸਿਆ ਕਿ ਬੀਤੇ ਦਿਨੀਂ ਪਬਲਿਕ ਥਾਵਾਂ 'ਤੇ ਅਤੇ ਹੋਰ ਬੱਸ ਸਟੈਂਡ ਆਦਿ 'ਤੇ ਮਾੜੇ ਅਨਸਰਾਂ ਦੇ ਖਿਲਾਫ ਕਾਸੋ ਆਪਰੇਸ਼ਨ ਚਲਾਇਆ ਗਿਆ ਸੀ। ਉਹਨਾਂ ਨੇ ਕਿਹਾ ਕਿ ਹੁਣ ਡੀਜੀਪੀ ਪੰਜਾਬ ਦੀ ਅਗਵਾਈ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਉਹ ਖੁਦ ਵੀ ਸਾਹਨੇਵਾਲ ਇਲਾਕੇ ਦੇ ਵਿੱਚ ਆਏ ਅਤੇ ਉਹਨਾਂ ਨੇ ਦੌਰਾ ਕੀਤਾ।
ਤਿਉਹਾਰਾਂ ਦੇ ਮੱਦੇਨਜ਼ਰ ਅਲਰਟ 'ਤੇ ਪੁਲਿਸ
ਇਸ ਦੌਰਾਨ ਡੀਸੀਪੀ ਜਸਕਿਰਨਜੀਤ ਤੇਜਾ ਨੇ ਕਿਹਾ ਕਿ ਅਕਸਰ ਹੀ ਜਦੋਂ ਤਿਉਹਾਰਾਂ ਦੇ ਦਿਨ ਹੁੰਦੇ ਹਨ ਤਾਂ ਉਦੋਂ ਪੁਲਿਸ ਅਲਰਟ 'ਤੇ ਹੀ ਰਹਿੰਦੀ ਹੈ। ਉਹਨਾਂ ਕਿਹਾ ਕਿ ਇਸੇ ਦੇ ਤਹਿਤ ਇਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਾਧੂ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ ਤੇ ਸ਼ਹਿਰ ਦੇ ਵਿੱਚ ਵੱਖ-ਵੱਖ ਪੁਆਇੰਟਾਂ 'ਤੇ ਨਾਕੇਬੰਦੀ ਵੀ ਕੀਤੀ ਗਈ ਹੈ ਤਾਂ ਜੋ ਮਾੜੇ ਅਨਸਰਾਂ ਦੀ ਮੂਵਮੈਂਟ 'ਤੇ ਨਜ਼ਰ ਰੱਖੀ ਜਾ ਸਕੇ।