ਖੰਨਾ/ਲੁਧਿਆਣਾ: ਖੰਨਾ ਪੁਲਿਸ ਨੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਮੱਧ ਪ੍ਰਦੇਸ਼ ਵਿੱਚ ਗੈਰ-ਕਾਨੂੰਨੀ ਹਥਿਆਰ ਬਣਾ ਕੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਵਿੱਚ ਸਪਲਾਈ ਕਰਦਾ ਸੀ। ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 14 ਪਿਸਤੌਲ ਬਰਾਮਦ ਕੀਤੇ ਹਨ। ਹਥਿਆਰ ਬਣਾਉਣ ਵਾਲੇ ਨੂੰ ਵੀ ਕਾਬੂ ਕਰ ਲਿਆ ਗਿਆ। ਇਨ੍ਹਾਂ ਹਥਿਆਰਾਂ ਨਾਲ ਪੰਜਾਬ ਵਿੱਚ ਵੱਡੀ ਵਾਰਦਾਤ ਕੀਤੀ ਜਾਣੀ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਤਿੰਨਾਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇੱਥੋਂ ਮਿਲੀ ਪੁਲਿਸ ਨੂੰ ਲੀਡ: ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਪਾਰਟੀ ਆਈਟੀਆਈ ਸਮਰਾਲਾ ਨੇੜੇ ਮੌਜੂਦ ਸੀ। 29 ਜਨਵਰੀ ਨੂੰ ਮਾਛੀਵਾੜਾ ਸਾਹਿਬ ਵੱਲੋਂ ਆ ਰਹੇ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਉਸ ਦੀ ਪਛਾਣ ਸਤਨਾਮ ਸਿੰਘ ਧਾਲੀਵਾਲ ਵਾਸੀ ਨਾਲਾਗੜ੍ਹ, ਜ਼ਿਲ੍ਹਾ ਸੋਲਨ (ਹਿਮਾਚਲ ਪ੍ਰਦੇਸ਼) ਵਜੋਂ ਹੋਈ। ਉਸ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ ਅਤੇ ਇੱਕ ਕਾਰਤੂਸ ਬਰਾਮਦ ਹੋਇਆ। ਐਸਐਸਪੀ ਨੇ ਅੱਗੇ ਦੱਸਿਆ ਕਿ ਸਤਨਾਮ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਇਕਬਾਲ ਸਿੰਘ ਵਾਸੀ ਗੰਧਵਾਨੀ ਜ਼ਿਲ੍ਹਾ ਧਾਰ (ਮੱਧ ਪ੍ਰਦੇਸ਼) ਤੋਂ ਹਥਿਆਰ ਲੈ ਕੇ ਆਇਆ ਸੀ। ਜਿਸ ਤੋਂ ਬਾਅਦ ਮਾਮਲੇ ਵਿਚ ਇਕਬਾਲ ਸਿੰਘ ਨੂੰ ਨਾਮਜ਼ਦ ਕਰਕੇ ਇੱਕ ਵਿਸ਼ੇਸ਼ ਟੀਮ ਮੱਧ ਪ੍ਰਦੇਸ਼ ਭੇਜੀ ਗਈ।
ਘਰ ਅੰਦਰ ਹੀ ਬਣਦੇ ਸੀ ਹਥਿਆਰ: ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਜਦੋਂ ਐੱਸਪੀ (ਆਈ) ਡਾ. ਸੌਰਵ ਜਿੰਦਲ, ਡੀਐੱਸਪੀ (ਆਈ) ਸੁੱਖ ਅੰਮ੍ਰਿਤ ਸਿੰਘ ਰੰਧਾਵਾ, ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦੀ ਵਿਸ਼ੇਸ਼ ਟੀਮ ਨੇ ਮੱਧ ਪ੍ਰਦੇਸ਼ ਵਿਖੇ ਛਾਪੇਮਾਰੀ ਕੀਤੀ ਤਾਂ ਦੇਖਿਆ ਗਿਆ ਕਿ ਇਕਬਾਲ ਸਿੰਘ ਦੇ ਘਰ ਹੀ ਉਹ ਨਾਜਾਇਜ਼ ਹਥਿਆਰ ਬਣਾਉਣ ਦਾ ਧੰਦਾ ਕਰਦਾ ਸੀ। ਉਸ ਨੂੰ ਗ੍ਰਿਫ਼ਤਾਰ ਕਰਕੇ ਪੁਆਇੰਟ 32 ਬੋਰ ਦੇ 6 ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ। ਪੁਆਇੰਟ 30 ਬੋਰ ਦਾ ਇੱਕ ਪਿਸਤੌਲ ਬਰਾਮਦ ਹੋਇਆ। ਕੁੱਲ 7 ਪਿਸਤੌਲ ਬਰਾਮਦ ਹੋਏ। ਇਕਬਾਲ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਕੁਝ ਸਮਾਂ ਪਹਿਲਾਂ ਉਸ ਨੇ 6 ਪਿਸਤੌਲ ਆਕਾਸ਼ ਡਾਵਰ ਵਾਸੀ ਪਿਸ਼ੋਲਾ, ਜ਼ਿਲ੍ਹਾ ਬੜਵਾਨੀ (ਮੱਧ ਪ੍ਰਦੇਸ਼) ਨੂੰ ਸਪਲਾਈ ਕਰਨ ਲਈ ਦਿੱਤੇ ਸਨ। ਜਿਸ ਤੋਂ ਬਾਅਦ ਆਕਾਸ਼ ਡਾਵਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਪੁਆਇੰਟ 32 ਬੋਰ ਦੇ 5 ਪਿਸਤੌਲ ਅਤੇ ਪੁਆਇੰਟ 30 ਬੋਰ ਦਾ ਇੱਕ ਪਿਸਤੌਲ ਬਰਾਮਦ ਕੀਤਾ ਗਿਆ।
ਅਪਰਾਧਿਕ ਰਿਕਾਰਡ ਵਾਲੇ ਮੁਲਜ਼ਮ: ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਫੜੇ ਗਏ ਤਿੰਨ ਮੁਲਜ਼ਮਾਂ ਵਿੱਚੋਂ 2 ਦਾ ਅਪਰਾਧਿਕ ਰਿਕਾਰਡ ਸਾਹਮਣੇ ਆਇਆ ਹੈ। ਸਤਨਾਮ ਸਿੰਘ ਧਾਲੀਵਾਲ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਵਿਖੇ ਲੜਾਈ-ਝਗੜੇ ਦੇ 7 ਅਤੇ ਨਸ਼ਾ ਤਸਕਰੀ ਦੇ 2 ਕੇਸ ਦਰਜ ਹਨ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਵਿਖੇ ਇਕਬਾਲ ਸਿੰਘ ਖ਼ਿਲਾਫ਼ ਅਸਲਾ ਐਕਟ ਦੇ 4 ਕੇਸ ਅਤੇ ਕਤਲ ਦੀ ਸਾਜ਼ਿਸ਼ ਰਚਣ ਦਾ ਕੇਸ ਦਰਜ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ਰਾਹੀਂ ਸੰਪਰਕ: ਐੱਸਐੱਸਪੀ ਕੌਂਡਲ ਨੇ ਖ਼ਦਸ਼ਾ ਜਤਾਇਆ ਕਿ ਮੁਲਜ਼ਮ ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹਨ। ਅਜਿਹੇ 'ਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਕੇ ਇੱਕ ਦੂਜੇ ਨੂੰ ਮਿਲੇ ਹੋ ਸਕਦੇ ਹਨ। ਇਸ ਤਰ੍ਹਾਂ ਦੇ ਸਬੰਧ ਪਹਿਲਾਂ ਵੀ ਕਈ ਮਾਮਲਿਆਂ 'ਚ ਸਾਹਮਣੇ ਆ ਚੁੱਕੇ ਹਨ। ਬਾਕੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।