ਬਠਿੰਡਾ : ਅੱਜ ਵਿਸਾਖੀ ਦਾ ਤਿਉਹਾਰ ਅਤੇ ਖ਼ਾਲਸਾ ਪੰਥ ਸਾਜਨਾ ਦਾ ਪਵਿੱਤਰ ਦਿਹਾੜਾ ਹੈ। ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰੂ ਕਾਸ਼ੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜਿੱਥੇ ਦੇਸ਼ ਵਿਦੇਸ਼ ਤੋਂ ਆ ਰਹੀਆਂ ਸਿੱਖ ਸੰਗਤਾਂ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ ਜਾ ਰਿਹਾ ਹੈ, ਉੱਥੇ ਸੰਗਤਾਂ ਸਰੋਵਰ ਸਾਹਿਬ ਵਿਖੇ ਇਸ਼ਨਾਨ ਕਰ ਰਹੀਆਂ ਹਨ। ਸਿੱਖ ਸੰਗਤਾਂ ਲਈ ਵੱਖ-ਵੱਖ ਥਾਵਾਂ 'ਤੇ ਵਿਸ਼ਾਲ ਲੰਗਰ ਸਜਾਏ ਗਏ ਹਨ। ਉਥੇ ਹੀ ਇਸ ਖਾਸ ਦਿਹਾੜੇ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ।
ਸਿੱਖ ਕੌਮ ਨੂੰ ਕੀਤੀ ਅਪੀਲ : ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੱਤੀ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਉਥੇ ਹੀ ਗੁਰੂ ਘਰ ਨਤਮਸਤਕ ਹੋਈਆਂ ਸੰਗਤਾਂ ਨੂੰ ਸੰਬੋਧਿਤ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦਾ ਦਿਹਾੜਾ ਸਿੱਖ ਕੌਮ ਲਈ ਭਾਗਾਂ ਭਰਿਆ ਦਿਨ ਹੈ। ਇਸ ਦਿਨ ਉਹਨਾਂ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਨਾਲ ਹੀ ਉਹਨਾਂ ਖਾਲਸਾ ਪੰਥ ਦੀ ਸਿਰਜਣਾ ਸਬੰਧੀ ਵੀ ਜਾਣਕਾਰੀ ਦਿੱਤੀ ਅਤੇ ਸਿੱਖ ਕੌਮ ਨੂੰ ਗੁਰੂ ਸਾਹਿਬ ਦੇ ਦਿਖਾਏ ਰਾਹ 'ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਗੁਰੂ ਸਾਹਿਬ ਦੇ ਸਮੇਂ ਦੇ ਸ਼ਸਤਰਾਂ ਦੀ ਪ੍ਰਦਰਸ਼ਨੀ ਕਰਦਿਆਂ ਇਹਨਾਂ ਸ਼ਸਤਰਾਂ ਦੀ ਜਾਣਕਾਰੀ ਵੀ ਸਿੱਖ ਸੰਗਤਾਂ ਨਾਲ ਸਾਂਝੀ ਕੀਤੀ।
ਵਿਸਾਖੀ ਮੌਕੇ ਵਿਸ਼ੇਸ਼ ਸਮਾਗਮ: ਵਿਸਾਖੀ ਦੇ ਤਿਉਹਾਰ ਦੇ ਮੌਕੇ 'ਤੇ ਸਿੱਖ ਆਪਣੇ ਘਰਾਂ ਵਿੱਚ ਵੱਖ-ਵੱਖ ਪਕਵਾਨ ਤਿਆਰ ਕਰਦੇ ਹਨ। ਇਸ ਤੋਂ ਇਲਾਵਾ ਇਸ ਦਿਨ ਸਿੱਖ ਸੰਗਤ ਦੀ ਭਾਰੀ ਭੀੜ ਗੁਰਦੁਆਰਿਆਂ ਵਿੱਚ ਇਕੱਠੀ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਮੱਥਾ ਟੇਕਦੀ ਹੈ ਤੇ ਗੁਰੂਘਰਾਂ ਵਿੱਤ ਵਿਸ਼ੇਸ਼ ਸਮਾਗਮ ਤੇ ਨਗਰ ਕੀਰਤਨ ਕੱਢੇ ਜਾ ਰਹੇ ਹਨ। ਵਿਸਾਖੀ ਦੇ ਦਿਨ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਮੇਲੇ ਲੱਗਦੇ ਹਨ ਅਤੇ ਲੋਕ ਖੁਸ਼ੀ ਵਿੱਚ ਭੰਗੜਾ ਪਾਉਂਦੇ ਹਨ।
ਵਿਸਾਖੀ ਦੇ ਵੱਖ-ਵੱਖ ਨਾਮ: ਜਾਣਕਾਰੀ ਅਨੁਸਾਰ ਵਿਸਾਖੀ ਦਾ ਤਿਉਹਾਰ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਵਿੱਚ ਵੀ ਵੱਖ-ਵੱਖ ਨਾਵਾਂ ਨਾਲ ਮਨਾਇਆ ਜਾਂਦਾ ਹੈ। ਜਿਵੇਂ ਕੇਰਲਾ ਵਿੱਚ ਪੁਰਮ ਵਿਸ਼ੂ, ਅਸਾਮ ਵਿੱਚ ਬਿਹੂ, ਬੰਗਾਲ ਵਿੱਚ ਨਬਾ ਵਰਸ਼ਾ, ਸਿੱਖ ਵਿਸਾਖੀ ਨੂੰ ਨਵੇਂ ਸਾਲ ਵਜੋਂ ਮਨਾਉਂਦੇ ਹਨ।