ਜਲੰਧਰ: ਪੰਜਾਬ 'ਚ ਗੈਂਗਸਟਰਾਂ ਨੂੰ ਕਾਬੂ ਕਰਨ 'ਚ ਪੁਲਿਸ ਦਿਨ ਰਾਤ ਇੱਕ ਕਰ ਰਹੀ ਹੈ, ਜਿਸ ਦੇ ਚੱਲਦੇ ਕਈ ਬਦਮਾਸ਼ਾਂ ਨੂੰ ਕਾਬੂ ਕਰ ਵੀ ਚੁੱਕੀ ਹੈ। ਇਸ ਦੇ ਚੱਲਦਿਆਂ ਜਲੰਧਰ ਸਿਟੀ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਦੇ ਐਂਟੀ ਚੱਲਣ ਵਾਲੇ ਗੈਂਗਸਟਰ ਨੂੰ ਉਸ ਦੇ ਤਿੰਨ ਸਾਥੀਆਂ ਨਾਲ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਗੈਂਗਸਟਰ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸਾ ਹਰੀਕੇ ਵਾਸੀ ਪਿੰਡ ਹਰੀਕੇ, ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 3 ਹਥਿਆਰ ਅਤੇ ਕਰੀਬ 14 ਕਾਰਤੂਸ ਬਰਾਮਦ ਕੀਤੇ ਹਨ। ਜਿਸ ਦੇ ਖਿਲਾਫ ਪੁਲਿਸ ਨੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹੁਣ ਤੱਕ ਜੱਸਾ ਪਾਕਿਸਤਾਨ ਤੋਂ ਕਰੀਬ 7 ਵਾਰ ਡਿਲੀਵਰੀ ਮੰਗਵਾ ਚੁੱਕਿਆ ਹੈ।
ਪਾਕਿਸਤਾਨ ਤੋਂ ਮੰਗਵਾਉਂਦਾ ਸੀ ਹੈਰੋਇਨ ਤੇ ਹਥਿਆਰ: ਸੀਆਈਏ ਸਟਾਫ਼ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਮੁਲਜ਼ਮ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਅਤੇ ਹੈਰੋਇਨ ਮੰਗਵਾਉਂਦੇ ਸਨ। ਜਿਸ ਤੋਂ ਬਾਅਦ ਇਸ ਨੂੰ ਪੂਰੇ ਪੰਜਾਬ ਵਿੱਚ ਸਪਲਾਈ ਕਰਦੇ ਸਨ। ਇਸ ਦੇ ਚੱਲਦੇ ਗੈਂਗਸਟਰ ਜੱਸੇ ਦਾ ਗੁਰਗਾ ਸਪਲਾਈ ਲਈ ਸ਼ਹਿਰ 'ਚ ਆਇਆ ਸੀ। ਜਿਸ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਗਿਆ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਜੱਸੇ ਸਮੇਤ ਤਿੰਨ ਬਦਮਾਸ਼ਾਂ ਨੂੰ ਇਕ-ਇਕ ਕਰਕੇ ਗ੍ਰਿਫਤਾਰ ਕਰ ਲਿਆ। ਇੰਚਾਰਜ ਕੰਬੋਜ ਨੇ ਦੱਸਿਆ ਕਿ ਜਲਦੀ ਹੀ ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ।
ਅੱਤਵਾਦੀ ਲੰਡੇ ਨੇ ਕਰਵਾਇਆ ਜੱਸੇ ਦੇ ਭਰਾ ਦਾ ਕਤਲ: ਕਰੀਬ 15 ਦਿਨ ਪਹਿਲਾਂ ਪੰਜਾਬ ਦੇ ਤਰਨਤਾਰਨ 'ਚ 35 ਸਾਲਾ ਸੁਖਪ੍ਰੀਤ ਸਿੰਘ ਦੀ ਦਿਨ ਦਿਹਾੜੇ ਖੇਤਾਂ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਉਸ ਦੇ ਕਤਲ ਦੇ ਮਾਮਲੇ ਵਿੱਚ ਦਹਿਸ਼ਤਗਰਦ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸੁਖਪ੍ਰੀਤ ਜੱਸੇ ਦਾ ਚਚੇਰਾ ਭਰਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਲੰਡਾ ਸਮੇਤ ਉਸ ਦੇ ਸਾਥੀਆਂ ਮਹਿਕ ਵਾਸੀ ਹਰੀਕੇ, ਗੁਰਪ੍ਰੀਤ ਸਿੰਘ ਵਾਸੀ ਮੱਖੂ, ਮਿੱਠੂ ਮਰਾੜੀ ਸਿੰਘ ਵਾਸੀ ਸ਼ਬਾਜਪੁਰ ਅਤੇ ਸੁਖਮਨਪ੍ਰੀਤ ਸਿੰਘ ਉਰਫ਼ ਕਾਲੂ ਵਾਸੀ ਸ਼ਬਾਜਪੁਰ ਨੂੰ ਨਾਮਜ਼ਦ ਕੀਤਾ ਸੀ। ਮੁਲਜ਼ਮਾਂ ਨੂੰ ਕਪੂਰਥਲਾ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਹਿਲਾਂ ਇਕੱਠੇ ਕੰਮ ਕਰਦੇ ਸੀ ਲੰਡਾ ਤੇ ਜੱਸਾ: ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੱਸਾ ਅੱਤਵਾਦੀ ਲੰਡਾ ਦੇ ਐਂਟੀ ਚੱਲਦਾ ਸੀ। ਜੱਸਾ ਵੀ ਲਖਵੀਰ ਲੰਡੇ ਦੇ ਨਿਸ਼ਾਨੇ 'ਤੇ ਹੈ। ਜੱਸਾ ਨੇ ਮੰਨਿਆ ਕਿ ਪਹਿਲਾਂ ਉਹ ਲਖਬੀਰ ਨਾਲ ਹੀ ਚੱਲਦਾ ਸੀ। ਲਖਬੀਰ ਅਤੇ ਜੱਸਾ ਦੋਵੇਂ ਪਿੰਡ ਹਰੀਕੇ ਵਿੱਚ ਮੱਛੀ ਦਾ ਤਾਲਾਬ ਚਲਾਉਂਦੇ ਸਨ। ਉਸ ਦੀ ਕਮਾਈ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਖਿਲਾਫ ਜਾਣ ਲੱਗੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲੰਡਾ, ਜੱਸੇ ਦੇ ਲੋਕਾਂ 'ਤੇ ਕਈ ਵਾਰ ਜਾਨਲੇਵਾ ਹਮਲੇ ਕਰਵਾ ਚੁੱਕਿਆ ਹੈ। ਜੱਸੇ ਨੇ ਮੰਨਿਆ ਕਿ ਠੇਕੇਦਾਰੀ ਦੇ ਵਿਵਾਦ ਤੋਂ ਬਾਅਦ ਦੋਵੇਂ ਕਦੇ ਵੀ ਇੱਕ ਦੂਜੇ ਨੂੰ ਨਹੀਂ ਮਿਲੇ।
ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ: ਸੀਆਈਏ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ 38 ਸਾਲਾ ਜਸਪ੍ਰੀਤ ਸਿੰਘ ਉਰਫ ਜੱਸਾ ਹਰੀਕੇ ਲੰਬੇ ਸਮੇਂ ਤੋਂ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਰੱਖਦਾ ਸੀ। ਉਹ ਪਾਕਿਸਤਾਨ ਤੋਂ ਹਥਿਆਰ, ਹੈਰੋਇਨ ਅਤੇ ਹੋਰ ਸਮਾਨ ਵੀ ਲਿਆਉਂਦਾ ਸੀ। ਇਸ ਸਬੰਧੀ ਪੰਜਾਬ ਵਿੱਚ ਜੱਸੇ ਖ਼ਿਲਾਫ਼ ਅਸਲਾ ਐਕਟ, ਐਨਡੀਪੀਐਸ ਐਕਟ, ਗ਼ੈਰ-ਕਾਨੂੰਨੀ ਗਤੀਵਿਧੀ, ਕਤਲ ਦੀ ਕੋਸ਼ਿਸ਼ ਅਤੇ ਹੋਰ ਧਾਰਾਵਾਂ ਤਹਿਤ 15 ਤੋਂ ਵੱਧ ਕੇਸ ਦਰਜ ਹਨ। ਪੁਲਿਸ ਸਾਰੇ ਮਾਮਲੇ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ।
- ਪੰਜਾਬ ਦੇ ਕਲਾਸ-1 ਖਿਡਾਰੀਆਂ ਨੂੰ ਮਿਲੀ ਸਰਕਾਰੀ ਨੌਕਰੀ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਸਮੇਤ 7 ਖਿਡਾਰੀ DSP ਤੇ 4 PCS ਨਿਯੁਕਤ
- ਜਗਰਾਓਂ ਦੇ PDFA ਮੇਲੇ 'ਚ ਫਿਰੋਜ਼ਪੁਰ ਦੀ ਮੱਝ ਨੂੰ ਮਿਲਿਆ ਪਹਿਲਾ ਇਨਾਮ, ਬਣੀ ਪੰਜਾਬ ਦੀ ਬਿਊਟੀ
- ਸਿਟੀ ਬੱਸ ਪ੍ਰੋਜੈਕਟ 'ਤੇ ਹਾਈਕੋਰਟ ਨੇ ਨਗਰ ਨਿਗਮ ਨੂੰ ਠੋਕਿਆ ਜ਼ੁਰਮਾਨਾ, ਕਾਂਗਰਸ ਨੇ ਚੁੱਕੇ ਸਵਾਲ ਤਾਂ ਅਧਿਕਾਰੀ ਨੇ ਆਖੀ ਇਹ ਗੱਲ