ਬਰਨਾਲਾ: ਬਰਨਾਲਾ ਵਿਧਾਨ ਸਭਾ ਦੀ ਉਪ ਚੋਣ ਲਈ 13 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਸਾਰੀਆਂ ਪਾਰਟੀਆਂ ਇੱਕ-ਦੋ ਦਿਨਾਂ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਣਗੀਆਂ। ਪਰ ਜ਼ਮੀਨੀ ਪੱਧਰ 'ਤੇ ਸਾਰੀਆਂ ਪਾਰਟੀਆਂ 'ਚ ਧੜੇਬੰਦੀ ਵੱਡੇ ਪੱਧਰ 'ਤੇ ਉੱਭਰ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨਾਲ ਸਬੰਧਿਤ ਦੋ ਵੱਖ-ਵੱਖ ਦਾਅਵੇਦਾਰ ਆਗੂਆਂ ਨੇ ਸ਼ਹਿਰ ਦੀਆਂ ਕੰਧਾਂ ’ਤੇ ਵੀ ਆਪਣੀਆਂ ਪੋਸਟਾਂ ਚਿਪਕਾ ਕੇ ਇਸ ਧੜੇਬੰਦੀ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ।
'ਆਪ' ਦੇ ਮੀਤ ਹੇਅਰ ਅਤੇ ਗੁਰਦੀਪ ਬਾਠ ਦੇ ਵੱਖ-ਵੱਖ ਧੜੇ
ਸੱਤਾਧਾਰੀ ਆਮ ਆਦਮੀ ਪਾਰਟੀ ਦੀ ਧੜੇਬੰਦੀ ਲੰਬੇ ਸਮੇਂ ਤੋਂ ਚੱਲ ਰਹੀ ਹੈ। ਵਿਧਾਇਕ ਤੋਂ ਸੰਸਦ ਮੈਂਬਰ ਬਣੇ ਗੁਰਮੀਤ ਸਿੰਘ ਮੀਤ ਹੇਅਰ ਦਾ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨਾਲ 36 ਦਾ ਅੰਕੜਾ ਚੱਲ ਰਿਹਾ ਹੈ। 'ਆਪ' ਪਾਰਟੀ ਦੇ ਟਕਸਾਲੀ ਵਰਕਰ ਮੀਤ ਹੇਅਰ 'ਤੇ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਉਂਦੇ ਆ ਰਹੇ ਹਨ ਅਤੇ ਇਨ੍ਹਾਂ ਟਕਸਾਲੀ ਵਰਕਰਾਂ ਵੱਲੋਂ ਗੁਰਦੀਪ ਸਿੰਘ ਬਾਠ ਨੂੰ ਜ਼ਿਮਨੀ ਚੋਣ ਲਈ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸੀਐਮ ਭਗਵੰਤ ਮਾਨ ਵੱਲੋਂ ਗੁਰਦੀਪ ਬਾਠ ਦੀ ਪਿੱਠ ਥਪਥਪਾਉਣ ਦੀ ਵੀ ਚਰਚਾ ਚੱਲ ਰਹੀ ਹੈ। ਮੀਤ ਹੇਅਰ ਬਰਨਾਲਾ ਵਿਧਾਨ ਸਭਾ ਸੀਟ 'ਤੇ ਆਪਣਾ ਦਬਦਬਾ ਬਰਕਰਾਰ ਰੱਖਣ ਲਈ ਆਪਣੇ ਚਹੇਤਿਆਂ 'ਚੋਂ ਕਿਸੇ ਇੱਕ ਨੂੰ ਟਿਕਟ ਦਿਵਾਉਣ ਲਈ ਜ਼ੋਰ-ਸ਼ੋਰ ਨਾਲ ਯਤਨ ਕਰ ਰਹੇ ਹਨ। ਟਿਕਟ ਲਈ ਉਨ੍ਹਾਂ ਦੇ ਸਾਥੀ ਹਰਿੰਦਰ ਸਿੰਘ ਅਤੇ ਓਐਸਡੀ ਹਸਨਪ੍ਰੀਤ ਭਾਰਦਵਾਜ ਦੇ ਨਾਂ ਚਰਚਾ ਵਿੱਚ ਹਨ।
ਜਗਦੀਸ਼ ਮਿੱਤਲ ਕਾਂਗਰਸ ਵਿੱਚ ਜ਼ਿਲ੍ਹਾ ਪ੍ਰਧਾਨ ਕਾਲਾ ਢਿੱਲੋਂ ਦੇ ਬਰਾਬਰ ਖੜ੍ਹੇ ਹੋਏ
ਕਾਂਗਰਸ ਪਾਰਟੀ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ ਹੈ। ਪਿਛਲੇ ਲੰਮੇ ਸਮੇਂ ਤੋਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਪਾਰਟੀ ਲਈ ਜ਼ਮੀਨੀ ਪੱਧਰ 'ਤੇ ਭਰਵਾਂ ਕੰਮ ਕਰਦੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਹੁਣ ਸਾਬਕਾ ਆਈਪੀਐਸ ਅਧਿਕਾਰੀ ਜਗਦੀਸ਼ ਮਿੱਤਲ ਨੇ ਵੀ ਕਾਂਗਰਸ ਪਾਰਟੀ ਤੋਂ ਟਿਕਟ ਲਈ ਦਾਅਵਾ ਪੇਸ਼ ਕੀਤਾ ਹੈ। ਕਾਲਾ ਢਿੱਲੋਂ ਅਤੇ ਜਗਦੀਸ਼ ਮਿੱਤਲ ਨੇ ਬਰਨਾਲਾ ਸ਼ਹਿਰ ਦੀਆਂ ਕੰਧਾਂ 'ਤੇ ਵੀ ਆਪਣੇ ਪੋਸਟਰ ਚਿਪਕਾ ਦਿੱਤੇ ਹਨ।
ਕੇਵਲ ਢਿੱਲੋਂ ਦਾ ਕੁੱਝ ਟਕਸਾਲੀਆਂ ਵਲੋਂ ਵਿਰੋਧ
ਭਾਰਤੀ ਜਨਤਾ ਪਾਰਟੀ ਤੋਂ ਸਾਬਕਾ ਵਿਧਾਇਕ ਅਤੇ ਸੂਬਾ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਦੀ ਟਿਕਟ ਤੈਅ ਮੰਨੀ ਜਾ ਰਹੀ ਹੈ। ਪਰ ਵਿਧਾਨ ਸਭਾ ਹਲਕੇ ਵਿੱਚ ਕੁੱਝ ਗਿਣਵੇਂ ਟਕਸਾਲੀ ਆਗੂ ਕੇਵਲ ਸਿੰਘ ਢਿੱਲੋਂ ਅਤੇ ਦਾ ਵਿਰੋਧ ਕਰ ਰਹੇ ਹਨ। ਹਾਲ ਹੀ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਗਰੁੱਪ ਅਤੇ ਭਾਜਪਾ ਦੇ ਟਕਸਾਲੀ ਆਗੂਆਂ ਨੇ ਵੱਖਰੇ ਤੌਰ ’ਤੇ ਇਸ ਦਾ ਜਸ਼ਨ ਮਨਾਇਆ ਸੀ।
ਅਕਾਲੀ ਦਲ ਵੱਲੋਂ ਕੁਲਵੰਤ ਕੀਤੂ ਉਮੀਦਵਾਰ
ਸ਼੍ਰੋਮਣੀ ਅਕਾਲੀ ਦਲ ਨੇ ਬਰਨਾਲਾ ਦੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਪੁੱਤਰ ਕੁਲਵੰਤ ਸਿੰਘ ਕੀਤੂ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਬਰਨਾਲਾ ਫੇਰੀ ਦੌਰਾਨ ਪਹਿਲਾਂ ਹੀ ਉਮੀਦਵਾਰ ਬਣਾਉਣ ਦਾ ਐਲਾਨ ਕਰ ਦਿੱਤਾ ਸੀ। ਜਿਸ ਕਾਰਨ ਅਕਾਲੀ ਦਲ ਕਲਵੰਤ ਕੀਤੂ ਦੀ ਅਗਵਾਈ ਹੇਠ ਇਹ ਚੋਣ ਲੜੇਗਾ।
ਸਿਮਰਨਜੀਤ ਸਿੰਘ ਮਾਨ ਦਾ ਦੋਹਤਾ ਗੋਬਿੰਦ ਸਿੰਘ ਸੰਧੂ ਚੋਣ ਮੈਦਾਨ
ਖਾਲਿਸਤਾਨੀ ਸਮਰਥਕ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਤਰਫੋਂ ਉਨ੍ਹਾਂ ਦੇ ਦੋਹਤੇ ਗੋਬਿੰਦ ਸਿੰਘ ਸੰਧੂ ਚੋਣ ਲੜ ਰਹੇ ਹਨ। ਜਿਸ ਦਾ ਐਲਾਨ ਵੀ ਪਾਰਟੀ ਵੱਲੋਂ ਆਉਂਦੇ ਇੱਕ-ਦੋ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਪਿਛਲੇ ਦਿਨੀਂ ਗੋਬਿੰਦ ਸਿੰਘ ਦੀ ਅਗਵਾਈ ਵਿੱਚ ਕਈ ਨੌਜਵਾਨ ਕਾਂਗਰਸ ਪਾਰਟੀ ਛੱਡ ਕੇ ਇਸ ਪਾਰਟੀ ਵਿੱਚ ਸ਼ਾਮਲ ਹੋਏ ਸਨ। ਖਡੂਰ ਸਾਹਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਤੋਂ ਵੀ ਗੋਬਿੰਦ ਸਿੰਘ ਦੀ ਹਮਾਇਤ ਦੀ ਉਮੀਦ ਹੈ।