ਅੰਮ੍ਰਿਤਸਰ: ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਵਿੱਚ ਇੱਕ ਘਰ ਦੇ ਵਿੱਚ ਤਿੰਨ ਲੁਟੇਰਿਆਂ ਵੱਲੋਂ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਪਰ, ਘਰ ਵਿੱਚ ਮੌਜੂਦ ਔਰਤ ਵੱਲੋਂ ਉਨ੍ਹਾਂ ਤਿੰਨਾਂ ਲੁਟੇਰਿਆਂ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਜਿਸ ਕਾਰਨ ਲੁਟੇਰਿਆਂ ਨੂੰ ਬੇਰੰਗ ਵਾਪਸ ਪਰਤਣਾ ਪਿਆ। ਜਿਸ ਦੀ ਕਿ ਸੀਸੀਟੀਵੀ ਵੀ ਕਾਫੀ ਵਾਇਰਲ ਹੋਈ ਹੈ ਅਤੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਔਰਤ ਵੱਲੋਂ ਬੜੀ ਹੀ ਬਹਾਦਰੀ ਨਾਲ ਮੁਕਾਬਲਾ ਕੀਤਾ ਗਿਆ
ਦੂਜੇ ਪਾਸੇ, ਆਲ ਇੰਡੀਆ ਹੀਊਮਨ ਰਾਈਟ ਐਂਟੀ ਕ੍ਰਾਈਮ ਵਿੰਗ ਵੱਲੋਂ ਉਸ ਬਹਾਦਰ ਔਰਤ ਨੂੰ ਉਸਦੇ ਘਰ ਜਾ ਕੇ ਵੀਰ ਚੱਕਰ ਦੇ ਕੇ ਅਤੇ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਹਿਊਮਨ ਰਾਈਟ ਐਂਟੀ ਵਿੰਗ ਦੇ ਆਗੂ ਪ੍ਰਿਅਸ਼ਨ ਸ਼ਾਸਤਰੀ ਨੇ ਕਿਹਾ ਕਿ ਵੇਰਕਾ ਇਲਾਕੇ ਦੇ ਵਿੱਚ ਤਿੰਨ ਬਦਮਾਸ਼ਾਂ ਦਾ ਇੱਕ ਔਰਤ ਵੱਲੋਂ ਬੜੀ ਹੀ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਗਿਆ ਸੀ ਤੇ ਉਸ ਔਰਤ ਨੂੰ ਅਸੀਂ ਵੀਰ ਚੱਕਰ ਦੇ ਕੇ ਸਨਮਾਨਿਤ ਕਰਨ ਪਹੁੰਚੇ ਹਾਂ।
ਬਦਮਾਸ਼ਾਂ ਦਾ ਮੁਕਾਬਲਾ
ਪ੍ਰਿਅਸ਼ਨ ਸ਼ਾਸਤਰੀ ਨੇ ਕਿਹਾ ਅਸੀਂ ਸਮਾਜ ਵਿੱਚ ਰਹਿੰਦੀਆਂ ਸਾਰੀਆਂ ਮਾਤਾਵਾਂ, ਭੈਣਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਤੁਸੀਂ ਘਰ ਦੇ ਵਿੱਚ ਇਕੱਲੇ ਹੋ ਤਾਂ ਰੱਬ ਨਾ ਕਰੇ ਅਜਿਹੀ ਘਟਨਾ ਵਾਪਰੇ ਤਾਂ ਤੁਹਾਨੂੰ ਵੀਰਤਾ ਤੇ ਸਾਹਸ ਦੇ ਨਾਲ ਅਜਿਹੇ ਬਦਮਾਸ਼ਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਤੋਂ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਇਨ੍ਹਾਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।
ਨੀਡਰਤਾ ਨਾਲ ਫੈਸਲਾ ਲੈਣਾ ਚਾਹੀਦਾ
ਉੱਥੇ ਹੀ ਬਹਾਦਰਤਾ ਅਤੇ ਨਿਡਰਤਾ ਨਾਲ ਮੁਕਾਬਲਾ ਕਰਨ ਵਾਲੀ ਔਰਤ ਮਨਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਵਿੱਚ ਰਹਿੰਦੀਆਂ ਸਭ ਔਰਤਾਂ ਨੂੰ ਕਦੀ ਵੀ ਡਰ ਕੇ ਨਹੀਂ ਰਹਿਣਾ ਚਾਹੀਦਾ। ਅਜਿਹੇ ਮਾਹੌਲ ਦੇ ਵਿੱਚ ਸੂਝ-ਬੂਝ ਨਾਲ ਤੇ ਨੀਡਰਤਾ ਨਾਲ ਫੈਸਲਾ ਲੈਣਾ ਚਾਹੀਦਾ ਹੈ ਅਤੇ ਜੋ ਸਮਾਜ ਸੇਵੀ ਸੰਸਥਾ ਉਨ੍ਹਾਂ ਨੂੰ ਸਨਮਾਨਿਤ ਕਰਨ ਪਹੁੰਚੀ, ਤਾਂ ਉਸ ਦਾ ਬਹਾਦਰ ਔਰਤ ਵੱਲੋਂ ਧੰਨਵਾਦ ਵੀ ਕੀਤਾ ਗਿਆ।