ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਵਿੱਚ ਦਾਣਾ ਮੰਡੀ ਵਿਖੇ ਲੱਗਣ ਵਾਲੀ ਪਟਾਕਾ ਮਾਰਕੀਟ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਵਾਰ 1700 ਤੋਂ ਵੱਧ ਪਰਚੀਆਂ ਪਈਆਂ ਹਨ, 40 ਦੁਕਾਨਾਂ ਦੇ ਲਈ ਜਿਨ੍ਹਾਂ ਦੇ ਡਰਾਅ ਨਿਕਲੇ ਹਨ। ਹੁਣ ਉਹ ਅੱਗੇ ਇਹ ਦੁਕਾਨਾਂ ਵੇਚ ਰਹੇ ਹਨ।
ਪੁਲਿਸ ਕਮਿਸ਼ਨਰ ਦਫਤਰ ਪੁੱਜੇ ਪਟਾਕਾ ਕਾਰੋਬਾਰੀ
ਇਸ ਨੂੰ ਲੈਕੇ ਹੀ ਲੁਧਿਆਣਾ ਦੀ ਪਟਾਕਾ ਐਸੋਸੀਏਸ਼ਨ ਵੱਲੋਂ ਅੱਜ ਪੁਲਿਸ ਕਮਿਸ਼ਨਰ ਦਫਤਰ ਪਹੁੰਚ ਕੇ ਸ਼ੁਭਮ ਅਗਰਵਾਲ ਦੇ ਨਾਲ ਇੱਕ ਬੈਠਕ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਜਿਹੜੇ ਪਟਾਕਾ ਕਾਰੋਬਾਰੀ ਨਵੇਂ ਹਨ ਅਤੇ ਅੱਗੇ ਦੁਕਾਨਾਂ ਜਿਨ੍ਹਾਂ ਦੀਆਂ ਡਰਾਅ ਦੇ ਵਿੱਚ ਨਿਕਲੀਆਂ ਹਨ ਉਹ ਮਹਿੰਗੇ ਭਾਅ 'ਤੇ ਵੇਚ ਰਹੇ ਹਨ। ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
'ਸਹੀ ਤਰੀਕੇ ਨਾਲ ਕੱਢੇ ਗਏ ਡਰਾਅ'
ਉੱਥੇ ਹੀ ਦੂਜੇ ਪਾਸੇ ਲੁਧਿਆਣਾ ਪੁਲਿਸ ਦੇ ਸੀਨੀਅਰ ਅਫਸਰ ਸ਼ੁਭਮ ਅਗਰਵਾਲ ਨੇ ਕਿਹਾ ਹੈ ਕਿ ਇਹ ਇਕ ਪ੍ਰੋਸੈਸ ਹੈ। ਜਿਨਾਂ ਦੇ ਦਸਤਾਵੇਜ਼ ਪੂਰੇ ਹੁੰਦੇ ਹਨ, ਉਹ ਹੀ ਲੱਕੀ ਡਰਾਅ ਵਿੱਚ ਹਿੱਸਾ ਲੈ ਪਾਉਂਦੇ ਹਨ। ਪਹਿਲਾਂ ਹੀ ਉਹਨਾਂ ਦੇ ਦਸਤਾਵੇਜ਼ ਦੀ ਚੈਕਿੰਗ ਹੁੰਦੀ ਹੈ। ਉਹਨਾਂ ਕਿਹਾ ਇਸ ਨੂੰ ਅਸੀਂ ਯਕੀਨੀ ਬਣਾਵਾਂਗੇ ਕਿ ਜਿਸ ਦਾ ਡਰਾਅ ਨਿਕਲਿਆ ਹੈ, ਉਸ ਦਾ ਬਕਾਇਦਾ ਸਰਟੀਫਿਕੇਟ ਲੱਗੇ। ਉਸਦੀ ਫੋਟੋ ਲੱਗੇ ਤੇ ਉਸ ਤੋਂ ਬਾਅਦ ਅੱਗੇ ਉਹ ਆਪਣੀ ਦੁਕਾਨ ਕਿਸੇ ਨੂੰ ਵੇਚ ਨਾ ਸਕੇ।
ਪੁਲਿਸ ਤੇ ਪ੍ਰਸ਼ਾਸਨ ਰੱਖੇਗਾ ਨਜ਼ਰ
ਸੀਨੀਅਰ ਅਫਸਰ ਸ਼ੁਭਮ ਅਗਰਵਾਲ ਨੇ ਕਿਹਾ ਹੈ ਕਿ ਇਸ ਦੀ ਪੁਲਿਸ ਨਿਗਰਾਨੀ ਕਰੇਗੀ ਅਤੇ ਪ੍ਰਸ਼ਾਸਨ ਵੀ ਇਸ 'ਤੇ ਨਜ਼ਰ ਰੱਖੇਗਾ। ਉਹਨਾਂ ਕਿਹਾ ਕਿ ਇਹ ਪਾਲਸੀ ਲਗਾਤਾਰ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਇਸ ਦੇ ਵਿੱਚ ਜੇਕਰ ਤਬਦੀਲੀਆਂ ਹੋਣਗੀਆਂ ਤਾਂ ਐਸੋਸੀਏਸ਼ਨ ਦੇ ਨਾਲ ਗੱਲਬਾਤ ਕਰਕੇ ਅੱਗੇ ਕੀਤੀਆਂ ਜਾ ਸਕਦੀਆਂ ਹਨ।