ਸੰਗਰੂਰ: ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਜਿੱਥੇ ਮੋਰਚੇ ਨੂੰ 300 ਤੋਂ ਜਿਆਦਾ ਦਿਨ ਹੋ ਗਏ ਨੇ ਉੱਥੇ ਹੀ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 22ਵੇਂ ਦਿਨ ਵੀ ਜਾਰੀ ਹੈ ਪਰ ਸਰੀਰ ’ਚ ਪਾਣੀ ਦੀ ਕਮੀ ਹੋਣ ਕਾਰਨ ਉਨ੍ਹਾਂ ਦੀ ਸਿਹਤ ਇਸ ਸਮੇਂ ਬਿਲਕੁੱਲ ਵੀ ਠੀਕ ਨਹੀਂ ਹੈ। ਉਨ੍ਹਾਂ ਦੀ ਸਿਹਤ ਵੀ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਡਾਕਟਰਾਂ ਦਾ ਸਾਫ ਤੌਰ ’ਤੇ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਇਲਾਜ ਦੀ ਲੋੜ ਹੈ ਅਤੇ ਅਜਿਹਾ ਨਾ ਹੋਣ ’ਤੇ ਉਨ੍ਹਾਂ ਨੇ ਸਾਈਲੈਂਟ ਅਟੈਕ ਦਾ ਵੀ ਖਦਸ਼ਾ ਜਤਾਇਆ ਹੈ।
ਡਾਕਟਰਾਂ ਦੀ ਟੀਮ ਦਾ ਬਿਆਨ
ਦੱਸ ਦੇਈਏ ਕਿ ਡਾਕਟਰ ਸਵੈਮਾਨ ਦੀ ਟੀਮ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਫਿਰਕਮੰਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦਾ ਬੀਪੀ ਘੱਟ ਵੱਧ ਰਿਹਾ ਹੈ। ਲਗਾਤਾਰ ਭੁੱਖ ਹੜਤਾਲ ’ਤੇ ਬੈਠੇ ਹੋਣ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋ ਰਹੀ ਹੈ। ਉਨ੍ਹਾਂ ਵੱਲੋਂ ਦਿਲ ਦੇ ਮਾਹਿਰ ਡਾਕਟਰ ਤੋਂ ਸਲਾਹ ਲਈ ਜਾ ਰਹੀ ਹੈ। ਲੀਵਰ ਅਤੇ ਕਿਡਨੀ ’ਤੇ ਵੀ ਅਸਰ ਪੈ ਰਿਹਾ ਹੈ। ਸਰਕਾਰੀ ਡਾਕਟਰ ਦਾ ਇਹ ਵੀ ਕਹਿਣਾ ਹੈ ਕਿ ਗੁਰਦੇ ਵਾਲੇ ਟੈਸਟ ’ਚ ਥੋੜੀ ਪਰੇਸ਼ਾਨੀ ਹੈ। ਡੱਲੇਵਾਲ ਦੀ ਸਿਹਤ ਇਸ ਸਮੇਂ ਬਹੁਤ ਹੀ ਨਾਜ਼ੁਕ ਹੈ। ਇਸ ਦੇ ਨਾਲ ਉਨ੍ਹਾਂ ਦੀਆਂ ਅੱਖਾਂ 'ਤੇ ਵੀ ਅਸਰ ਪੈ ਰਿਹਾ ਹੈ।
ਮੋਰਚੇ ਨੂੰ ਸਮਰਥਨ
ਕਾਬਲੇਜ਼ਿਕਰ ਹੈ ਕਿ ਹੁਣ ਇਸ ਮੋਰਚੇ ਨੂੰ ਹਰ ਪਾਸੇ ਤੋਂ ਸਮਰਥਨ ਮਿਲਣ ਲੱਗ ਗਿਆ ਹੈ। ਜਿੱਥੇ ਐਮਪੀ ਅੰਮ੍ਰਿਤਪਾਲ ਦੇ ਪਿਤਾ ਅੱਜ ਕਾਫ਼ਲਾ ਲੈ ਕੇ ਮੋਰਚੇ 'ਤੇ ਪਹੁੰਚੇ, ਉੱਥੇ ਹੀ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਗਜੀਤ ਸਿੰਘ ਡੱਲੇਵਾਲ ਮੁਲਾਕਾਤ ਕੀਤੀ ਅਤੇੇ ਉਨ੍ਹਾਂ ਆਖਿਆ ਕਿ ਹੁਣ ਸਮਾਂ ਹੈ ਜਦੋਂ ਸਭ ਨੂੰ ਆਪਣੇ ਆਪਸੀ ਮੱਤਭੇਦ ਭੁਲਾ ਕੇ ਮੋਰਚੇ ਆ ਕਿ ਇਸ ਨੂੰ ਸਫ਼ਲ ਬਣਾਉਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਲਗਾਤਾਰ ਪੰਜਾਬੀ ਗਾਇਕ ਵੀ ਮੋਰਚੇ 'ਚ ਪਹੁੰਚ ਰਹੇ ਨੇ ਅਤੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਮੋਰਚੇ 'ਚ ਸ਼ਾਮਿਲ ਹੋਣ ਲਈ ਅਪੀਲ ਕਰ ਰਹੇ ਹਨ। ਅੱਜ ਪੰਜਾਬ ਗਾਇਕ ਰੇਸ਼ਮ ਸਿੰਘ ਅਨਮੋਲ ਅਤੇ ਜੱਸ ਬਾਜਵਾ ਵੀ ਪਹੁੰਚੇ ਉਨ੍ਹਾਂ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਕਿਸਾਨ ਹਾਂ ਅਤੇ ਕਿਸਾਨ ਹੀ ਰਹਾਂਗੇ। ਇਹ ਸਮਾਂ ਘਰ 'ਚ ਬੈਠਣ ਦਾ ਨਹੀਂ ਬਲਕਿ ਸਰਕਾਰਾਂ ਨੂੰ ਜਗਾਉਣ ਦਾ ਹੈ।
- ਟ੍ਰੇਨਾਂ 'ਚ ਸਫ਼ਰ ਕਰਨ ਵਾਲਿਆਂ ਲਈ ਖਾਸ ਖਬਰ, 18 ਦਸੰਬਰ ਨੂੰ ਪੂਰੇ ਪੰਜਾਬ ਦੇ 'ਚ ਵੱਖ-ਵੱਖ ਥਾਵਾਂ ਤੇ ਕੀਤਾ ਜਾਵੇਗਾ ਰੇਲ ਰੋਕੋ ਅੰਦੋਲਨ, ਸਰਵਣ ਸਿੰਘ ਪੰਧੇਰ ਨੇ ਦਿੱਤੀ ਜਾਣਕਾਰੀ
- ਕਿਸਾਨੀ ਮੋਰਚੇ ਦੇ ਹੱਕ 'ਚ ਆਇਆ ਐਮ.ਪੀ. ਅੰਮ੍ਰਿਤਪਾਲ, ਪਿੰਡ ਜੱਲੂਖੇੜਾ ਤੋਂ ਚੱਲੇ ਵੱਡੇ ਕਾਫ਼ਲੇ
- ਹੁਣ ਕਿਸਾਨੀ ਸੰਘਰਸ਼ ਨੂੰ ਪਵੇਗਾ ਬੂਰ, ਸਾਰੀਆਂ ਕਿਸਾਨ ਜੱਥੇਬੰਦੀਆਂ ਹੋਣਗੀਆਂ ਇਕੱਠੀਆਂ! ਸਰਵਣ ਪੰਧੇਰ ਨੇ ਲਿਖੀ ਚਿੱਠੀ